ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਚਾਰੇ ਪਾਸੇ ਹਫੜਾ-ਦਫੜੀ ਮਚਾਈ ਹੋਈ ਹੈ। 145 ਦੇਸ਼ਾਂ 'ਚ 7173 ਮੌਤਾਂ ਹੋ ਚੁੱਕੀਆਂ ਹਨ। 182,683 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਭਾਰਤ 'ਚ ਕੋਰੋਨਾ ਵਾਇਰਸ ਦੇ 126 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ।
ਇਸ ਜਾਨਲੇਵਾ ਵਾਇਰਸ ਕਾਰਨ ਸਪੇਨ ਵਾਸੀ 21 ਸਾਲਾ ਫੁਟਬਾਲ ਕੋਚ ਫ੍ਰਾਂਸਿਸਕੋ ਗਾਰਸੀਆ ਦੀ ਮੌਤ ਹੋ ਗਈ ਹੈ। ਗਾਰਸੀਆ ਕੋਰੋਨਾ ਵਾਇਰਸ ਨਾਲ ਮਰਨ ਵਾਲਾ ਸਭ ਤੋਂ ਘੱਟ ਉਮਰ ਦੇ ਪੀੜਤਾਂ 'ਚੋਂ ਇੱਕ ਹੈ।
ਫ੍ਰਾਂਸਿਸਕੋ ਗਾਰਸੀਆ ਮਲਾਗਾ ਦੇ ਕਲੱਬ ਅਥਲੈਟਿਕੋ ਪੋਰਟਡਾ ਦੀ ਜੂਨੀਅਰ ਟੀਮ ਦਾ ਕੋਚ ਸੀ। ਇਸ ਮਾਮਲੇ ਬਾਰੇ ਕਲੱਬ ਨੇ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਨਾਲ ਵੀ ਜੂਝ ਰਿਹਾ ਸੀ।
ਕਲੱਬ ਨੇ ਸੋਗ ਪ੍ਰਗਟਾਉਂਦਿਆਂ ਕਿਹਾ, "ਸਾਨੂੰ ਗਾਰਸੀਆ ਦੀ ਮੌਤ 'ਤੇ ਬਹੁਤ ਦੁਖ ਹੋਇਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਹੈ। ਅਸੀਂ ਉਸ ਨੂੰ ਕਦੇ ਵੀ ਨਹੀਂ ਭੁੱਲਾਂਗੇ। ਅਸੀਂ ਤੁਹਾਡੇ ਬਗੈਰ ਕੀ ਕਰਾਂਗੇ?"
ਦੱਸ ਦੇਈਏ ਕਿ ਚੀਨ ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,226 ਮੌਤਾਂ ਹੋ ਚੁੱਕੀਆਂ ਹਨ, ਜਦਕਿ ਦੇਸ਼ 'ਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 80,881 ਹੋ ਗਈ ਹੈ। ਇਸ ਤੋਂ ਇਲਾਵਾ ਇਟਲੀ ਵਿੱਚ ਹੁਣ ਤੱਕ 2158 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਇਟਲੀ ਤੋਂ ਬਾਅਦ ਸਪੇਨ ਯੂਰਪ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਸੋਮਵਾਰ ਨੂੰ ਸਪੇਨ 'ਚ ਵਾਇਰਸ ਦੇ ਤਕਰੀਬਨ 1000 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਬਹਿਰੀਨ 'ਚ ਪਹਿਲੀ ਮੌਤ ਹੋਈ ਹੈ। ਸਪੇਨ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 9942 ਹੋ ਗਈ ਹੈ, ਜਦਕਿ ਇਨ੍ਹਾਂ 'ਚੋਂ 342 ਲੋਕਾਂ ਦੀ ਮੌਤ ਹੋ ਚੁੱਕੀ ਹੈ।