ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਸਪਿਨਰ ਹਰਭਜਨ ਸਿੰਘ ਨੇ ਕੋਵਿਡ-19 ਮਹਾਂਮਾਰੀ (ਕੋਰੋਨਾ ਵਾਇਰਸ) ਵਿਰੁੱਧ ਲੜਾਈ 'ਚ ਮਦਦ ਦਾ ਹੱਥ ਅੱਗੇ ਵਧਾਇਆ ਹੈ। ਹਰਭਜਨ ਸਿੰਘ ਨੇ ਜਲੰਧਰ ਦੇ 5000 ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਜ਼ਿੰਮੇਵਾਰੀ ਲਈ ਹੈ। ਭੱਜੀ ਨੇ ਆਪਣੀ ਪਤਨੀ ਗੀਤਾ ਬਸਰਾ ਨਾਲ ਮਿਲ ਕੇ ਇਸ ਮਹਾਂਮਾਰੀ ਦੇ ਕਾਰਨ ਅਨਾਜ ਦੀ ਘਾਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ।
Satnam waheguru.. bas Himmat hosla dena 🙏🙏 @Geeta_Basra and I pledge to distribute ration to 5000 families from today 🙏🙏 May waheguru bless us all pic.twitter.com/s8PDS9yet1
— Harbhajan Turbanator (@harbhajan_singh) April 5, 2020
ਭੱਜੀ ਨੇ ਕੁਝ ਤਸਵੀਰਾਂ ਟਵੀਟ ਕਰਦਿਆਂ ਲਿਖਿਆ, "ਸਤਨਾਮ ਵਾਹਿਗੁਰੂ... ਬੱਸ ਹਿੰਮਤ ਦਿਓ। ਗੀਤਾ ਬਸਰਾ ਅਤੇ ਮੈਂ ਵਾਅਦਾ ਕੀਤਾ ਹੈ ਕਿ ਅਸੀਂ ਅੱਜ ਤੋਂ 5000 ਪਰਿਵਾਰਾਂ ਨੂੰ ਰਾਸ਼ਨ ਦੇਵਾਂਗੇ। ਵਾਹਿਗੁਰੂ ਸਭ ਦੀ ਰੱਖਿਆ ਕਰੇ।" ਭੱਜੀ ਜਲੰਧਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਣਗੇ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸੰਦੇਸ਼ ਵਿੱਚ ਲਿਖਿਆ, "ਜਲੰਧਰ 'ਚ ਅਸੀਂ 5000 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਵਾਂਗੇ, ਜੋ ਇਸ ਮੁਸ਼ਕਲ ਸਮੇਂ 'ਚ ਆਪਣੇ ਪਰਿਵਾਰਾਂ ਦਾ ਢਿੱਡ ਨਹੀਂ ਭਰ ਪਾ ਰਹੇ ਹਨ।"
ਦੱਸ ਦੇਈਏ ਕਿ ਭਾਰਤ ’ਚ ਇਹ ਵਾਇਰਸ ਹੁਣ ਤੱਕ 89 ਜਾਨਾਂ ਲੈ ਚੁੱਕਾ ਹੈ ਅਤੇ 3,578 ਵਿਅਕਤੀ ਇਸ ਲਾਗ ਦੀ ਲਪੇਟ ’ਚ ਆ ਚੁੱਕੇ ਹਨ ਤੇ ਉਨ੍ਹਾਂ ਦਾ ਵੱਖੋ–ਵੱਖਰੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਹੁਣ ਤੱਕ 69,419 ਜਾਨਾਂ ਲੈ ਚੁੱਕਾ ਹੈ, ਜਦਕਿ 12.75 ਲੱਖ ਦੇ ਕਰੀਬ ਲੋਕਾਂ ਨੂੰ ਇਹ ਵਾਇਰਸ ਆਪਣੇ ਸ਼ਿਕੰਜੇ ’ਚ ਲੈ ਚੁੱਕਾ ਹੈ।