ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਨੇ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਜੋਖ਼ਮ ਦੇ ਮੱਦੇਨਜ਼ਰ ਇੱਕ ਵੱਡਾ ਫ਼ੈਸਲਾ ਲਿਆ ਹੈ। ਸੀਐਸਏ ਨੇ ਅਗਲੇ 60 ਦਿਨਾਂ (ਦੋ ਮਹੀਨਿਆਂ) ਲਈ ਸਾਰੇ ਫਾਰਮੈਟਾਂ ਦੇ ਕ੍ਰਿਕਟ ਮੈਚ ਮੁਲਤਵੀ ਕਰ ਦਿੱਤੇ ਹਨ।
ਕੋਰੋਨਾ ਵਾਇਰਸ ਦੀ ਲਾਗ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮਹਾਂਮਾਰੀ ਐਲਾਨਿਆ ਹੈ। ਦੁਨੀਆ ਭਰ ਵਿੱਚ 170,000 ਤੋਂ ਵੱਧ ਲੋਕ ਪੀੜਤ ਹਨ, ਜਦੋਂ ਕਿ 6500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਦੱਖਣੀ ਅਫਰੀਕਾ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਦੇ 64 ਮਾਮਲੇ ਸਾਹਮਣੇ ਆ ਚੁੱਕੇ ਹਨ।
ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਭਾਰਤ ਦਾ ਦੌਰਾ ਕਰ ਰਹੀ ਸੀ, ਜਿਥੇ ਉਹ ਤਿੰਨ ਮੈਚਾਂ ਦੀ ਵਨ-ਡੇਅ ਕੌਮਾਂਤਰੀ ਸੀਰੀਜ਼ ਖੇਡਣੀ ਸੀ। ਪਹਿਲਾ ਮੈਚ ਧਰਮਸ਼ਾਲਾ ਵਿੱਚ 12 ਮਾਰਚ ਨੂੰ ਖੇਡਿਆ ਜਾਣਾ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ। ਦੂਜਾ ਮੈਚ 15 ਮਾਰਚ ਨੂੰ ਖੇਡਿਆ ਜਾਣਾ ਸੀ, ਜਿਸ ਲਈ ਦੱਖਣੀ ਅਫਰੀਕਾ ਦੀ ਟੀਮ ਲਖਨਊ ਪਹੁੰਚੀ ਸੀ, ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ। ਜਿਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਮੰਗਲਵਾਰ (17 ਮਾਰਚ) ਨੂੰ ਵਤਨ ਲਈ ਰਵਾਨਾ ਹੋਵੇਗੀ।
ਦੱਖਣੀ ਅਫਰੀਕਾ ਦੀ ਇਕ ਰੋਜ਼ਾ ਕੌਮਾਂਤਰੀ ਟੀਮ ਕੋਲਕਾਤਾ ਤੋਂ ਦੁਬਈ ਅਤੇ ਫਿਰ ਦੁਬਈ ਤੋਂ ਦੱਖਣੀ ਅਫਰੀਕਾ ਲਈ ਉਡਾਣ ਭਰੇਗੀ। ਕੋਰੋਨਾ ਵਾਇਰਸ ਦੀ ਲਾਗ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।
sacricketmag.com ਅਨੁਸਾਰ ਸੀਐਸਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਸੀਰੀਲ ਰਾਮਾਫੋਸਾ ਦੇ ਰਾਸ਼ਟਰ ਨੂੰ ਦਿੱਤੇ ਸੰਦੇਸ਼ ਤੋਂ ਬਾਅਦ ਸੀਐਸਏ ਨੇ ਆਪਣੀ ਬੈਠਕ ਵਿੱਚ ਫ਼ੈਸਲਾ ਲਿਆ ਕਿ ਆਉਣ ਵਾਲੇ 60 ਦਿਨਾਂ ਵਿੱਚ ਕਿਸੇ ਵੀ ਫਾਰਮੈਟ ਦਾ ਕੋਈ ਕ੍ਰਿਕਟ ਮੈਚ ਨਹੀਂ ਖੇਡਿਆ ਜਾਵੇਗਾ। ਇਸ ਵਿੱਚ ਫਸਟ ਕਲਾਸ ਕ੍ਰਿਕਟ, ਲਿਸਟ ਏ ਕ੍ਰਿਕਟ, ਅਰਧ-ਪੇਸ਼ੇਵਰ ਅਤੇ ਸੂਬਾਈ ਕ੍ਰਿਕਟ ਸ਼ਾਮਲ ਹਨ।