ਭਾਰਤੀ ਕ੍ਰਿਕਟ ਟੀਮ ਦੇ ਓਪਰ ਅਤੇ ਵਨਡੇ ਮੈਚ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਘਰ ਨਵਾਂ ਮਹਿਮਾਨ ਆ ਗਿਆ ਹੈ। ਐਤਵਾਰ 30 ਦਸੰਬਰ ਨੂੰ ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਧੀ ਨੂੰ ਜਨਮ ਦਿੱਤਾ ਹੈ। ਆਪਣੀ ਧੀ ਤੇ ਪਤਨੀ ਨੂੰ ਮਿਲਣ ਲਈ ਰੋਹਿਤ ਆਸਟ੍ਰੇਲੀਆ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੇ ਹਨ। ਉਹ ਹੁਣ ਆਸਟ੍ਰੇਲੀਆ ਖਿਲਾਫ 3 ਜਨਵਰੀ ਤੋਂ ਸਿਡਨੀ ਚ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਨਹੀਂ ਖੇਡਣਗੇ।
ਦੱਸਣਯੋਗ ਹੈ ਕਿ ਰੋਹਿਤ ਅਤੇ ਰਿਤਿਕਾ ਦਾ ਪਹਿਲਾ ਬੱਚਾ ਹੈ। ਇਸ ਜੋੜੀ ਦਾ ਵਿਆਹ 13 ਦਸੰਬਰ 2015 ਨੂੰ ਹੋਇਆ ਸੀ। ਰੋਹਿਤ ਅਤੇ ਰਿਤਿਕਾ ਨੇ ਗਰਭਵਤੀ ਹੋਣ ਦੀਆਂ ਖ਼ਬਰਾਂ ਨੂੰ ਮੀਡੀਆ ਤੋਂ ਲੁਕਾ ਕੇ ਰੱਖਿਆ ਸੀ। ਪਰ ਹੁਣੇ ਪਿੱਛੇ ਜਿਹੇ ਦੋਨਾਂ ਨੇ ਖੁੱਦ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ।
ਰਿਤਿਕਾ ਦੀ ਰਿਸ਼ਤੇਦਾਰ ਭੈਣ ਅਤੇ ਅਦਾਕਾਰ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਨੇ ਇੰਸਟਾਗ੍ਰਾਮ ਤੇ ਰਿਤਿਕਾ ਅਤੇ ਰੋਹਿਤ ਦੇ ਮਾਂ ਬਾਪ ਬਣਨ ਦੀ ਖ਼ਬਰ ਦੀ ਪੁੱਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਚ ਰਿਤਿਕਾ ਨਾਲ ਤਸਵੀਰ ਸ਼ੇਅਰ ਕਰਦਿਆਂ ਹੋਇਆ ਲਿਖਿਆ, ਬੇਬੀ ਗਰਲ, ਇੱਕ ਵਾਰ ਫਿਰ ਮਾਸੀ ਬਣੀ। ਉਨ੍ਹਾਂ ਨੇ ਰਿਤਿਕਾ ਨੂੰ ਵੀ ਟੈਗ ਕੀਤਾ।