ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਪਾਕਿਸਤਾਨ ਵਿਰੁੱਧ ਆਪਣੀ ਤਾਬੜਤੋੜ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ। ਦੂਜੇ ਟੈਸਟ 'ਚ ਅਜੇਤੂ 335 ਦੌੜਾਂ ਦੀ ਪਾਰੀ ਖੇਡ ਕੇ ਵਾਰਨਰ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਵਾਰਨਰ ਦੀ ਇਸ ਪਾਰੀ ਦੌਰਾਨ ਲਾਰਾ ਦੇ 400 ਦੌੜਾਂ ਦੇ ਰਿਕਾਰਡ ਨੂੰ ਵੀ ਤੋੜਨ ਦਾ ਮੌਕਾ ਸੀ ਪਰ ਕਪਤਾਨ ਟਿਮ ਪੇਨ ਵੱਲੋਂ ਪਾਰੀ ਐਲਾਨੇ ਜਾਣ ਕਾਰਨ ਉਹ ਇਸ ਰਿਕਾਰਡ ਨੂੰ ਤੋੜਨ ਤੋਂ ਖੁੰਝ ਗਏ।
ਵਾਰਨਰ ਨੇ ਮੈਚ ਤੋਂ ਬਾਅਦ ਉਸ ਖਿਡਾਰੀ ਦਾ ਨਾਂ ਦੱਸਿਆ ਜੋ ਟੈਸਟ ਕ੍ਰਿਕਟ 'ਚ ਲਾਰਾ ਦੇ ਰਿਕਾਰਡ ਨੂੰ ਤੋੜਨ ਦੀ ਕਾਬਿਲੀਅਤ ਰੱਖਦਾ ਹੈ। ਵਾਰਨਰ ਦਾ ਮੰਨਣਾ ਹੈ ਕਿ 400 ਦੌੜਾਂ ਦੇ ਅੰਕੜੇ ਨੂੰ ਪਾਰ ਕਰਨਾ ਸੰਭਵ ਹੈ ਅਤੇ ਉਨ੍ਹਾਂ ਕਿਹਾ ਕਿ ਭਾਰਤ ਦੇ ਰੋਹਿਤ ਸ਼ਰਮਾ ਇਸ ਰਿਕਾਰਡ ਨੂੰ ਤੋੜ ਸਕਦੇ ਹਨ। ਲਾਰਾ ਦੀ ਅਜੇਤੂ 400 ਦੌੜਾਂ ਟੈਸਟ ਕ੍ਰਿਕਟ 'ਚ ਸਰਬੋਤਮ ਨਿੱਜੀ ਸਕੋਰ ਹੈ, ਜੋ ਉਨ੍ਹਾਂ ਨੇ ਸਾਲ 2004 'ਚ ਇੰਗਲੈਂਡ ਵਿਰੁੱਧ ਬਣਾਇਆ ਸੀ।
ਵਾਰਨਰ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਵਿਅਕਤੀਗਤ ਖਿਡਾਰੀ 'ਤੇ ਨਿਰਭਰ ਕਰਦਾ ਹੈ। ਸਾਡੇ ਇਥੇ ਬਾਊਂਡਰੀ ਕਾਫੀ ਛੋਟੀ ਹੈ। ਕਦੇ-ਕਦੇ ਚੀਜ਼ਾਂ ਕਾਫ਼ੀ ਮੁਸ਼ਕਲ ਹੋ ਜਾਂਦੀਆਂ ਹਨ। ਜਦੋਂ ਥਕਾਵਟ ਭਾਰੂ ਹੁੰਦੀ ਹੈ ਤਾਂ ਸਖਤ ਮਿਹਨਤ ਕਰਨਾ ਅਤੇ ਵੱਡੇ ਸ਼ਾਟ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਅੰਤ 'ਚ ਮੈਂ ਤੇਜ਼ੀ ਲਿਆਉਣ ਲਈ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਸੋਚ ਹੀ ਨਹੀਂ ਪਾ ਰਿਹਾ ਸੀ ਕਿ ਮੈਂ ਗੇਂਦ ਨੂੰ ਮੈਦਾਨ ਦੇ ਉਸ ਪਾਰ ਪਹੁੰਚਾ ਸਕਦਾ ਹਾਂ। ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਕਿਸੇ ਖਿਡਾਰੀ ਦਾ ਨਾਂ ਲੈਣਾ ਹੈ ਤਾਂ ਇੱਕ ਦਿਨ ਰੋਹਿਤ ਸ਼ਰਮਾ ਅਜਿਹਾ ਕਰ ਸਕਦਾ ਹੈ। ਮੈਨੂੰ ਪੂਰਾ ਭਰੋਸਾ ਹੈ।"