ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਕੇਂਦਰੀ ਰਜਿਰਵ ਸੁਰੱਖਿਆ ਬਲ (ਸੀਆਰਪੀਐਫ) ਦੇ 40 ਜਵਾਨਾਂ ਦੇ ਸ਼ਹੀਦ ਹੋ ਜਾਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਵਿਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਨੂੰ ਸਨਮਾਨਤ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਡੀਡੀਸੀਏ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਖਿਲਾਫ ਬੁੱਧਵਾਰ (13 ਮਾਰਚ) ਨੂੰ ਖੇਡੇ ਜਾਣ ਵਾਲੇ ਪੰਜਵੇਂ ਵਨਡੇ ਮੈਚ ਦੌਰਾਨ ਦਿੱਲੀ ਦੇ ਦਿਗਜਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਸੀ।
ਡੀਡੀਸੀਏ ਨੇ ਇਹ ਫੈਸਲਾ ਬੀਸੀਸੀਆਈ ਦੇ ਉਸ ਫੈਸਲੇ ਦੇ ਬਾਅਦ ਲਿਆ ਹੈ, ਜਿਸ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ–2019) ਦੇ ਉਦਘਾਟਨ ਸਮਾਰੋਹ ਨੂੰ ਰਦ ਕਰਕੇ ਉਸਦਾ ਪੂਰਾ ਬਜਟ ਸ਼ਹੀਦਾਂ ਦੇ ਪਰਿਵਾਰਾਂ ਦੇ ਕਲਿਆਣ ਲਈ ਦਾਨ ਕਰ ਦਿੱਤਾ ਗਿਆ ਸੀ।
ਡੀਡੀਸੀਏ ਦੇ ਪ੍ਰਧਾਨ ਰਜਤ ਸ਼ਰਮਾ ਨੇ ਕਿਹਾ ਕਿ ਵਿਰਾਟ ਕੋਹਲੀ, ਵਿਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਨੂੰ ਸਨਮਾਨਤ ਕਰਨ ਦੀ ਸਾਡੀ ਯੋਜਨਾ ਸੀ, ਪ੍ਰੰਤੂ ਬੀਸੀਸੀਆਈ ਵੱਲੋਂ ਆਈਪੀਐਲ ਦੇ ਉਦਘਾਟਨ ਸਮਾਰੋਹ ਰੱਦ ਕਰਨ ਦੇ ਫੈਸਲੇ ਦੇ ਬਾਅਦ ਅਸੀਂ ਵੀ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਪੁਲਿਸ ਸ਼ਹੀਦ ਫੰਡ ਵਿਚ 10 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। 90 ਫੀਸਦੀ ਟਿਕਟ ਨੂੰ ਵਿਕਰੀ ਲਈ ਰੱਖਿਆ ਗਿਆ ਸੀ ਅਤੇ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਡੀਡੀਸੀਏ ਨੇ ਪਹਿਲੀ ਵਾਰ ਸੂਬੇ ਦੇ ਸਾਰੇ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਦੋ–ਦੋ ਵੀਆਈਪੀ ਪਾਸ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਤੀਨਿਧਤਵ ਕਰਨ ਵਾਲੇ ਦਿੱਲੀ ਦੇ ਸਾਰੇ ਸਾਬਕਾ ਖਿਡਾਰੀ ਸਨਮਾਨ ਦੇ ਹੱਕਦਾਰ ਹਨ। ਅੰਤਰਾਸ਼ਟਰੀ ਮੈਚ ਦੇ ਆਯੋਜਨ ਸਮੇਂ ਅਸੀਂ ਘੱਟ ਤੋਂ ਘੱਟ ਐਨਾਂ ਤਾਂ ਕਰ ਹੀ ਸਕਦੇ ਹਾਂ। ਪਿਛਲੇ ਮੈਚਾਂ ਦੀ ਤਰ੍ਹਾਂ ਮਾਮਲਾ ਅਦਾਲਤ ਵਿਚ ਵਿਚਾਰਅਧੀਨ ਹੋਣ ਕਾਰਨ ਆਰ ਪੀ ਮੇਹਰਾ ਬਲਾਕ ਆਮ ਜਨਤਾ ਲਈ ਨਹੀਂ ਬੰਦ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਜਵਾਨਾਂ ਦੇ ਸਨਮਾਨ ਵਿਚ ਵਿਰਾਟ ਕੋਹਲੀ ਨੇ ਵੀ ਇਕ ਐਵਾਰਡ ਫੰਕਸ਼ਨ ਪੋਸਟਪੋਡ ਕਰ ਦਿੱਤਾ ਸੀ।