ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਨੇ ਸ਼ੁੱਕਰਵਾਰ ਨੂੰ ਰਾਂਚੀ ਵਿਖੇ ਚੱਲ ਰਹੀ 59ਵੀਂ ਨੈਸ਼ਨਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣਾ ਕੌਮੀ ਰਿਕਾਰਡ ਤੋੜ ਕੇ ਮਹਿਲਾਵਾਂ ਦੇ 100 ਮੀਟਰ ਦੇ ਮੁਕਾਬਲੇ ਚ ਸੋਨ ਤਮਗਾ ਜਿੱਤਿਆ।
ਦੁਤੀ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਚ 11.22 ਸਕਿੰਟਾਂ ਦੇ ਸਮੇਂ ਨਾਲ ਇਸ ਸਾਲ ਅਪ੍ਰੈਲ ਚ ਏਸ਼ੀਅਨ ਚੈਂਪੀਅਨਸ਼ਿਪ ਚ 11.26 ਸਕਿੰਟਾਂ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਹ ਪਿਛਲੇ ਰਿਕਾਰਡਾਂ ਚ ਰਚੀਤਾ ਮਿਸਤਰੀ ਦੇ ਬਰਾਬਰ ਸੀ।
ਦੋ ਹਫ਼ਤੇ ਪਹਿਲਾਂ ਉਹ ਦੋਹਾ ਚ ਵਿਸ਼ਵ ਚੈਂਪੀਅਨਸ਼ਿਪ ਦੇ 100 ਮੀਟਰ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਅਸਫਲ ਰਹੀ ਸੀ। ਉਹ 11.48 ਸਕਿੰਟ ਦੇ ਨਿਰਾਸ਼ਾਜਨਕ ਸਮੇਂ ਨਾਲ ਆਪਣੀ ਹੀਟ ਚ ਸੱਤਵੇਂ ਸਥਾਨ 'ਤੇ ਰਹੀ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਫਾਈਨਲ ਵਿੱਚ 11.25 ਸਕਿੰਟਾਂ ਦੇ ਸਮੇਂ ਨਾਲ ਸੋਨ ਤਮਗਾ ਆਪਣੀ ਝੋਲੀ ਚ ਪਾ ਲਿਆ ਅਤੇ ਅਰਚਨਾ ਸੁਸਿੰਦਰਨ ਅਤੇ ਹਿਮਾਸ਼੍ਰੀ ਰਾਏ ਨੂੰ ਪਿੱਛੇ ਛੱਡਿਆ।
ਦੱਸ ਦੇਈਏ ਕਿ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਸਮਾਂ 11.15 ਸੈਕਿੰਡ ਦਾ ਹੈ ਅਤੇ ਦੂਤੀ ਨੇ 100 ਮੀਟਰ ਦੌੜ ਦੇ ਸੈਮੀਫਾਈਨਲ ਵਿੱਚ 11.22 ਸੈਕਿੰਡ ਦਾ ਸਮਾਂ ਕੱਢਿਆ ਤੇ ਆਪਣਾ ਹੀ ਕੌਮੀ ਰਿਕਾਰਡ ਤੋੜ ਦਿੱਤਾ।