ਆਖਰੀ ਵਨਡੇ ਚ ਭਾਰਤ ਨੂੰ ਲੀਡਜ਼ ਚ ਇੰਗਲੈਂਡ ਨੇ 8 ਵਿਕਟਾਂ ਨਾਲ ਹਰਾ ਦਿੱਤਾ।ਇਸਦੇ ਨਾਲ ਇੰਗਲੈਂਡ ਨੇ 2-1 ਨਾਲ ਇਹ ਸੀਰੀਜ਼ ਆਪਣੇ ਨਾਂ ਕਰ ਲਈ।ਉੱਧਰ ਟੀਮ ਇੰਡੀਆ ਦਾ ਇੰਗਲੈਂਡ ਚ ਵਨਡੇ ਸੀਰੀਜ਼ ਜਿੱਤਣ ਦਾ ਸਪਨਾ ਵੀ ਅਧੂਰਾ ਰਹਿ ਗਿਆ। ਜੋ ਰੂਟ ਨੇ ਚੌਕੇ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਉਸੇ ਨਾਲ ਇੰਗਲੈਂਡ ਨੇ ਇਹ ਮੈਚ ਆਪਣੇ ਨਾਂ ਕਰਦਿਆਂ ਜਿੱਤ ਪ੍ਰਾਪਤ ਕੀਤੀ।

ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਇਯੋਨ ਮਾਰਗਨ ਅਤੇ ਜੋ ਰੂਟ ਦੀ ਸ਼ਾਨਦਾਰ ਸਾਂਝ ਸਾਹਮਣੇ ਭਾਰਤੀ ਗੇਂਦਬਾਜ਼ ਬੇਅਸਰ ਦਿਖੇ।ਜੋ ਰੂਟ ਨੇ 100 ਦੌੜਾਂ ਦੀ ਨਾਬਾਦ ਪਾਰੀ ਖੇਡੀ, ਉੱਥੇ ਮਾਰਗਨ 88 ਦੌੜਾਂ ਤੇ ਨਾਬਾਦ ਰਹੇ। ਦੋਨਾਂ ਨੇ 186 ਦੌੜਾਂ ਦੀ ਵੱਡੀ ਸਾਂਝ ਖੇਡੀ। ਇਨ੍ਹਾਂ ਦੋਨਾਂ ਤੋਂ ਇਲਾਵਾ ਜਾਨੀ ਬੇਅਰਸਟੀ ਨੇ 13 ਗੇਂਦਾਂ ਤੇ 30 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ ਫੋਕੜ ਸਾਬਿਤ ਹੋਏ ਅਤੇ ਸਿਰਫ ਸ਼ਾਰਦੁਲ ਠਾਕੁਰ ਨੂੰ ਇੱਕ ਵਿਕਟ ਮਿਲੀ। ਭਾਰਤ ਨੇ ਇੱਕ ਰਨਆਊਟ ਕੀਤਾ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਚੁਣਨ ਵਾਲੀ ਇੰਗਲੈਂਡ ਟੀਮ ਦੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ ਤੇ ਹੈਡਿੰਗਲੇ ਮੈਦਾਨ ਤੇ ਖੇਡੇ ਗਏ ਮੁਕਾਬਲੇ ਚ ਭਾਰਤ ਨੂੰ 50 ਓਵਰਾਂ ਚ 8 ਵਿਕਟਾਂ ਦੇ ਨੁਕਸਾਨ ਤੇ 256 ਦੌੜਾਂ ਤੇ ਢੇਰ ਕਰ ਦਿੱਤਾ।ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਿਤ ਕਰਦਿਆਂ ਭਾਰਤੀ ਬੱਲੇਬਾਜ਼ੀ ਨੂੰ ਖੁੱਲ੍ਹ ਕੇ ਦੌੜਾਂ ਨਾ ਬਣਾਉਣ ਦਿੱਤੀਆਂ। ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਜਿ਼ਆਦਾ 71 ਦੌੜਾਂ ਬਣਾਈਆਂ ਜਿਸ ਲਈ ਉਨ੍ਹਾਂ ਨੇ 72 ਗੇਂਦਾਂ ਖੇਡੀਆਂ ਅਤੇ 8 ਚੌਕੇ ਮਾਰੇ।ਸਿ਼ਖਰ ਧਵਨ 44 ਅਤੇ ਧੋਨੀ ਨੇ 42 ਦੌੜਾਂ ਦੀ ਪਾਰੀ ਖੇਡੀ।

ਉੱਥੇ ਹੀ ਇੰਗਲੈਂਡ ਲਈ ਇਸ ਮੈਚ ਵਿਚ ਸਪਿੱਨ ਸਭ ਤੋਂ ਹਿੱਟ ਰਿਹਾ। ਆਦਿਲ ਰਾਸ਼ੀਦ ਨੇ ਇੱਕ ਹੀ ਓਵਰ ਚ ਕੋਹਲੀ ਅਤੇ ਰੈਨਾ ਨੂੰ ਆਊਟ ਕਰਕੇ ਮੈਚ ਦੀ ਦਿਸ਼ਾ ਹੀ ਬਦਲ ਦਿੱਤੀ। ਰਾਸ਼ੀਦ ਨਾਲ ਮੋਇਨ ਅਲੀ ਵੀ ਅਸਰਦਾਰ ਸਾਬਿਤ ਹੋਏ।ਹਾਲਾਂਕਿ ਉਨ੍ਹਾਂ ਨੂੰ ਵਿਕਟ ਕੋਈ ਨਹੀਂ ਮਿਲੀ। ਇੰਗਲੈਂਡ ਲਈ ਆਦਿਲ ਰਾਸ਼ੀਦ ਅਤੇ ਡੇਵਿਡ ਵਿਲੇ ਨੇ ਤਿੰਨ-ਤਿੰਨ ਵਿਕਟਾਂ ਲਈਆਂ।ਮਾਰਕ ਵੁਡ ਨੂੰ ਇੱਕ੍-ਇੱਕ ਵਿਕਟਾਂ ਮਿਲੀਆਂ।

