ਭਾਰਤੀ ਖੇਡ ਜਗਤ ਨੂੰ ਓਲੰਪਿਕ 'ਚ ਤਮਗਾ ਦਿਵਾਉਣ ਵਾਲੇ ਅਤੇ ਹਾਕੀ ਦੀ ਦੁਨੀਆ 'ਚ ਭਾਰਤ ਦਾ ਨਾਂਅ ਚਮਕਾਉਣ ਵਾਲੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਅੱਜ 77 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਹਾਕੀ ਇੰਡੀਆ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਰਾਹੀਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਇੱਕ ਬੇਟਾ ਤੇ ਦੋ ਬੇਟੀਆਂ ਹਨ। ਉਨ੍ਹਾਂ ਦੇ ਅਮਰੀਕਾ ਰਹਿੰਦੇ ਪੁੱਤਰ ਕਮਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨਾਲ ਅਮਰੀਕਾ ਜਾਣਾ ਸੀ ਪਰ ਸ਼ੁੱਕਰਵਾਰ ਦੁਪਹਿਰੇ ਅਚਾਨਕ ਉਨ੍ਹਾਂ ਨੂੰ ਸੰਸਾਰਪੁਰ (ਜਲੰਧਰ) ਸਥਿਤ ਘਰ ਵਿਚ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਬਲਬੀਰ ਸਿੰਘ ਦਾ ਸਸਕਾਰ ਸੋਮਵਾਰ ਨੂੰ ਕੈਨੇਡਾ ਤੋਂ ਉਨ੍ਹਾਂ ਦੀਆਂ ਬੇਟੀਆਂ ਦੇ ਆਉਣ ਪਿੱਛੋਂ ਕੀਤਾ ਜਾਵੇਗਾ।
1963 'ਚ ਫਰਾਂਸ ਦੇ ਲਿਓਨ ਵਿੱਚ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਣ ਵਾਲੇ ਬਲਬੀਰ ਸਿੰਘ ਨੇ 77 ਸਾਲ ਦੀ ਉਮਰ 'ਚ ਐਤਵਾਰ ਨੂੰ ਆਖਰੀ ਸਾਹ ਲਏ। ਬਲਬੀਰ ਸਿੰਘ ਨੇ ਭਾਰਤੀ ਟੀਮ ਵਿੱਚ ਇਨਸਾਈਡ ਫਾਰਵਰਡ ਪਲੇਅਰ ਦੀ ਭੂਮਿਕਾ ਨਿਭਾਈ ਅਤੇ ਇਸ ਪੁਜੀਸ਼ਨ 'ਤੇ ਦੁਨੀਆ ਭਰ 'ਚ ਸਨਮਾਨ ਹਾਸਿਲ ਕੀਤਾ।
We are deeply saddened by the demise of our former hockey player and a two-time Olympic medallist, Balbir Singh Kullar.
— Hockey India (@TheHockeyIndia) March 1, 2020
We send out our heartfelt condolences to his family.#RIP pic.twitter.com/532WyFySYy
ਬਲਬੀਰ ਸਿੰਘ ਨੇ ਬਤੌਰ ਹਾਕੀ ਖਿਡਾਰੀ ਬੈਲਜ਼ੀਅਮ, ਇੰਗਲੈਂਡ, ਨੀਦਰਲੈਂਡਜ਼ ਅਤੇ ਪੱਛਮੀ ਜਰਮਨੀ ਵਰਗੇ ਦੇਸ਼ਾਂ ਦਾ ਦੌਰਾ ਕੀਤਾ ਸੀ। ਉਹ 1968 ਦੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਬੈਂਕਾਕ 'ਚ ਆਯੋਜਿਤ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਸੋਨ ਤਮਗਾ ਜਿਤਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਹਾਕੀ ਇੰਡੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਦੁਖਦਾਈ ਗੱਲ ਦੀ ਜਾਣਕਾਰੀ ਦਿੰਦਿਆਂ ਲਿਖਿਆ, "ਅਸੀਂ ਆਪਣੇ ਸਾਬਕਾ ਹਾਕੀ ਖਿਡਾਰੀ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਕੁਲਾਰ ਦੀ ਮੌਤ 'ਤੇ ਦੁਖੀ ਹਾਂ।"
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸੰਸਾਰਪੁਰ ਵਿੱਚ 8 ਅਗੱਸਤ 1942 ਨੂੰ ਜੰਮੇ ਬਲਬੀਰ ਸਿੰਘ ਦੀ ਮੌਤ 'ਤੇ ਹਾਕੀ ਇੰਡੀਆ ਨੇ ਲਿਖਿਆ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਬਲਬੀਰ ਸਿੰਘ ਨੇ ਭਾਰਤੀ ਹਾਕੀ ਟੀਮ ਲਈ ਆਪਣਾ ਪਹਿਲਾ ਕੌਮਾਂਤਰੀ ਮੈਚ ਸਾਲ 1963 'ਚ ਫਰਾਂਸ ਵਿਰੁੱਧ ਖੇਡਿਆ ਸੀ।
ਬਲਬੀਰ ਸਿੰਘ ਸਾਲ 1962 'ਚ ਪੰਜਾਬ ਆਰਮਡ ਪੁਲਿਸ ਵਿੱਚ ਭਰਤੀ ਹੋਏ ਸਨ ਅਤੇ 1963 ਵਿੱਚ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਬਣੇ ਸਨ। 1968–1975 ਦੌਰਾਨ ਬਲਬੀਰ ਸਿੰਘ ਆਲ ਇੰਡੀਆ ਪੁਲਿਸ ਟੀਮ ਦਾ ਹਿੱਸਾ ਸਨ ਅਤੇ ਕੁਝ ਸਮੇਂ ਲਈ ਉਨ੍ਹਾਂ ਨੇ ਕਪਤਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਉਹ 1981 'ਚ ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਂਟ ਬਣੇ। 1987 ਵਿੱਚ ਉਹ ਇੰਡੀਅਨ ਪੁਲਿਸ ਸਰਵਿਸ ਅਧਿਕਾਰੀ ਬਣੇ। ਉਹ ਫ਼ਰਵਰੀ 2001 'ਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਸੇਵਾਮੁਕਤ ਹੋਏ।
ਉਨ੍ਹਾਂ ਨੂੰ ਭਾਰਤੀ ਹਾਕੀ 'ਚ ਮਹੱਤਵਪੂਰਨ ਯੋਗਦਾਨ ਲਈ ਸਰਕਾਰ ਵੱਲੋਂ ਅਰਜੁਨ ਐਵਾਰਡ ਅਤੇ ਪਦਮਸ੍ਰੀ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।