ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਹਾਕੀ ਦਾ ਨਾਬਰ ਸਟਰਾਈਕਰ ਸੁਰਿੰਦਰ ਸਿੰਘ ਸੋਢੀ

ਵਿਸ਼ਵ ਹਾਕੀ ਦਾ ਨਾਬਰ ਸਟਰਾਈਕਰ ਸੁਰਿੰਦਰ ਸਿੰਘ ਸੋਢੀ

ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਕੁੱਲ ਆਲਮ ਦੀ ਹਾਕੀ ’ਚ ਅੱਵਲ ਸਥਾਨ ਹੈ। ਸੋਢੀ ਨੂੰ ਹਾਕੀ ਦੇ ਦੇਵਤੇ ਤੋਂ ਅਜਿਹਾ ਵਰਦਾਨ ਮਿਲਿਆ ਹੋਇਆ ਸੀ ਕਿ ਦੇਸ਼-ਵਿਦੇਸ਼ ਦੇ ਮੈਦਾਨਾਂ ਅੰਦਰ ਜਿੱਥੇ ਵੀ ਉਹ ਹਾਕੀ ਖੇਡਿਆ, ਉਸ ਦੀ ਖੇਡ ਕੁਦਰਤੀ ਚਸ਼ਮੇ ਵਾਂਗ ਵਹਿਣ ਲੱਗ ਪੈਂਦੀ। 1980 ਦੇ ਮਾਸਕੋ ਓਲੰਪਿਕ ਅਡੀਸ਼ਨ ’ਚ ਸੋਢੀ ਨੇ ਦੇਸ਼ ਲਈ ਸਿਰੇ ਦੀ ਹਾਕੀ ਖੇਡ ਦੁਨੀਆਂ ’ਚ ਇਕ ਵਾਰ ਤਹਿਲਕਾ ਮਚਾ ਕੇ ਰੱਖ ਦਿੱਤਾ। ਮਾਸਕੋ ਓਲੰਪਿਕ ’ਚ ਸੋਢੀ ਦੀ ਹਾਕੀ ਹਨੇਰੀ ਇਸ ਕਦਰ ਝੁੱਲੀ ਕਿ ਵਿਰੋਧੀ ਹਾਕੀ ਟੀਮਾਂ ਮੈਚ ਜਿੱਤਣ ਦੀਆਂ ਨਹੀਂ, ਸਗੋਂ ਗੁੱਟੇ ’ਤੇ ਰੁਮਾਲ ਬੰਨ ਕੇ ਖੇਡਣ ਵਾਲੇ ਖਿਡਾਰੀ ਨੂੰ ਖੇਡ ਮੈਦਾਨ ਅੰਦਰ ਘੇਰ ਕੇ ਰੱਖਣ ਦੀਆਂ ਗੋਂਦਾਂ ਗੁੰਦਦੀਆਂ ਰਹੀਆਂ ਪਰ ਦੂਜੇ ਪਾਸੇ ਹਿੰਦ ਦੀ ਹਾਕੀ ਟੀਮ ਦਾ ਹਮਲਾਵਰ ਖਿਡਾਰੀ ਸੋਢੀ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਕਿ ਓਲੰਪਿਕ ਹਾਕੀ ਦੇ ਸਾਰੇ ਦੇ ਸਾਰੇ ਹੀ ਮੈਚਾਂ ’ਚ ਉਸ ਨੇ ਵਿਰੋਧੀ ਰੱਖਿਅਕਾਂ ਨੂੰ ਭਾਜੜਾਂ ਪਾਈ ਰੱਖੀਆਂ ਅਤੇ ਮਨ ਆਏ ਮੈਦਾਨੀ ਗੋਲ ਦਾਗ ਕੇ ਵਿਰੋਧੀ ਹਾਕੀ ਟੀਮਾਂ ਦੇ ਤੂੰਬੇ ਉਡਾ ਕੇ ਰੱਖ ਦਿੱਤੇ।


ਸ਼ੁਰੂਆਤੀ ਮੈਚ ਤੋਂ ਅਖੀਰਲੇ ਮੈਚ ਤੱਕ ਸਮਝੋ ਜਲੰਧਰੀਏ ਖਿਡਾਰੀ ਸੋਢੀ ਨੇ ਗੋਲ ਕਰਨ ਦੀ ਸੌਂਹ ਖਾਧੀ ਹੋਈ ਸੀ। ਸੁਰਿੰਦਰ ਸੋਢੀ ਜਦੋਂ ਆਪਣੇ ਹਾਫ ਦੇ ਮੱਧ ਤੋਂ ਮਿਲੀ ਉਡਦੀ ਬਾਲ ਨੂੰ ਬਾਜ਼ ਦੀ ਤਰਾਂ ਝਪਟਦਾ ਤਾਂ ਬਿਜਲੀ ਦੀ ਤੇਜ਼ੀ ਨਾਲ ਹਾਕੀ ਨਾਲ ਵਲੇਟ ਕੇ ਗੋਲ ਰੇਖਾ ਤੋਂ ਪਾਰ ਕਰਕੇ ਹੀ ਸਾਹ ਲੈਂਦਾ। ਸੋਢੀ ਜਦੋਂ ਵਿਰੋਧੀਆਂ ਸਿਰ ਗੋਲ ਕਰਕੇ ਆਪਣੇ ਪਾਲੇ ਵੱਲ ਮੁੜਦਾ ਤਾਂ ਸਾਥੀ ਖਿਡਾਰੀ ਉਸ ਦੀ ਪਿੱਠ ਥਾਪੜਦੇ ਤੇ ਪਿਆਰ ਨਾਲ ਮੱਥਾ ਚੁੰਮ ਕੇ ਲਾਡ ਲਡਾਉਂਦੇ। 


ਓਲੰਪਿਕ ਹਾਕੀ ਮੇਲੇ ’ਚ ਸੁਰਿੰਦਰ ਸੋਢੀ ਦੀ ਹਾਕੀ ਚੜਤ ਦੇ ਕਾਰਨ ਭਾਵੇਂ ਕੁਝ ਵੀ ਰਹੇ ਹੋਣ ਪਰ ਸਟੇਡੀਅਮ ਅੰਦਰ ਜੁੜੇ ਹਾਕੀ ਦਰਸ਼ਕਾਂ ਤੋਂ ਮਿਲੀ ਵੱਡੀ ਖੇਡ ਦਾਦ ਸਦਕਾ ਉਸ ਦੇ ਹਾਕੀ ਖੇਡਣ ਦੇ ਹੌਸਲੇ ਵੀ ਬੁਲੰਦ ਹੁੰਦੇ ਰਹੇ। ਜਦੋਂ ਓਲੰਪਿਕ ਚੈਂਪੀਅਨ ਹਿੰਦ ਦੀ ਹਾਕੀ ਜਿੱਤ ਦੀ ਰਸਮਾਂ ਪੂਰੀਆਂ ਕਰਨ ਲਈ ਜੇਤ੍ਚ ਥੜੇ ’ਤੇ ਖੜੀ ਹੋਈ ਤਾਂ ਹਾਕੀ ਖਿਡਾਰੀਆਂ ਦੇ ਗਲੇ ਲਿਸ਼-ਲਿਸ਼ ਕਰਦੇ ਸੋਨ ਤਗਮਿਆਂ ਨਾਲ ਸਜਾਏ ਗਏ। ਜਦੋਂ ਮੁੱਖ ਮਹਿਮਾਨ ਨੇ ਸੋਢੀ ਨੂੰ ਸੋਨ ਤਮਗਾ ਪਹਿਨਾਇਆ ਤਾਂ ਹਾਕੀ ਪ੍ਰੇਮੀਆਂ ਦੀਆਂ ਤਾੜੀਆਂ ਨਾਲ ਆਕਾਸ਼ ਗੰੂਜ ਉਠਿਆ। ਮੁੱਖ ਮਹਿਮਾਨ ਨੇ ਵੀ ਹੱਥ ਮਿਲਾਉਣ ਸਮੇਂ ਸੋਢੀ ਦਾ ਹੱਥ ਗਰਮਜੋਸ਼ੀ ਨਾਲ ਕੁੱਝ ਪਲ ਘੁੱਟ ਕੇ ਫੜੀ ਰੱਖਿਆ ਤੇ ਮੁਸਕਰਾ ਕੇ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਸਨਮਾਨ ਸਮਾਰੋਹ ਤੋਂ ਬਾਅਦ ਚੈਂਪੀਅਨ ਟੀਮ ਦੇ ਕਪਤਾਨ ਵੀ. ਭਾਸਕਰਨ ਨੇ ਖੇਡ ਪੱਤਰਕਾਰਾਂ ਨੂੰ ਸੋਢੀ ਦੀ ਪ੍ਰਸ਼ੰਸਾ ’ਚ ਬਿਆਨ ਨਸ਼ਰ ਕੀਤਾ ਕਿ ਮਾਸਕੋ ਓਲੰਪਿਕ ਹਾਕੀ ਦਾ ਮੇਲਾ ਸੱਚ-ਮੁੱਚ ਹੀ ਸੋਢੀ ਨੇ ਲੁੱਟ ਕੇ ਆਪਣੇ ਨਾਮ ਕਰਵਾ ਗਿਆ, ਜਿਸ ਦਾ ਸਹੀ ਮਾਅਨਿਆਂ ’ਚ ਉਹ ਅਸਲ ਹੱਕਦਾਰ ਵੀ ਸੀ। 


ਮਾਸਕੋ ਓਲੰਪਿਕ ਦੇ ਬਾਈਕਾਟ ਕਾਰਨ ਜਰਮਨੀ, ਹਾਲੈਂਡ, ਇੰਗਲੈਂਡ, ਆਸਟਰੇਲੀਆ, ਪਾਕਿਸਤਾਨ ਜਿਹੇ ਚੋਟੀ ਦੀ ਹਾਕੀ ਖੇਡਣ ਵਾਲੇ ਦੇਸ਼ਾਂ ਨੇ ਆਪਣੀਆਂ ਟੀਮਾਂ ਮਾਸਕੋ ਓਲੰਪਿਕ ਖੇਡਣ ਲਹੀਂ ਸਨ ਘੱਲੀਆਂ। ਇਸ ਕਰਕੇ ਹਾਕੀ ਦੇ ਸਿਆਣਿਆਂ ਨੇ ਪਹਿਲਾਂ ਹੀ ਖੇਡ ਭਵਿੱਖਵਾਣੀਆਂ ਕਰ ਦਿੱਤੀਆਂ ਸਨ ਕਿ ਵਿਸ਼ਵ ਹਾਕੀ ਦੀਆਂ ਸਿਖਰਲੀਆਂ ਟੀਮਾਂ ਵਲੋਂ ਮਾਸਕੋ ਓਲੰਪਿਕ ਹਾਕੀ ਮੁਕਾਬਲਾ ਨਾ ਖੇਡਣ ਸਦਕਾ ਓਲੰਪਿਕ ਹਾਕੀ ਦੇ ਮੁਕਾਬਲੇ ਫਿੱਕੇ ਰਹਿਣਗੇ। ਪਰ ਹੋਇਆ ਇਸ ਕਿਆਸ ਦੇ ਬਿਲਕੁਲ ਉਲਟ। ਮਾਸਕੋ ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਵਾਲੀਆਂ ਹਾਕੀ ਟੀਮਾਂ ਦੇ ਆਪਸੀ ਹਾਕੀ ਮੈਚ ਬਹੁਤ ਫਸਵੇਂ, ਦਿਲਚਸਪ ਅਤੇ ਦਿਲ ਟੁੰਬਵੇਂ ਰਹੇ। ਆਸ ਅਨੁਸਾਰ ਓਲੰਪਿਕ ਹਾਕੀ ਦਾ ਫਾਈਨਲ ਮੈਚ ਸਪੇਨ ਤੇ ਭਾਰਤ ਦੀਆਂ ਹਾਕੀ ਟੀਮਾਂ ਦਰਮਿਆਨ ਹੋਣਾ ਤੈਅ ਹੋਇਆ। ਓਲੰਪਿਕ ਹਾਕੀ ਦਾ ਫਾਈਨਲ ਗਹਿਗੱਚ ਖੇਡ ਮੁਕਾਬਲੇ ’ਚ ਭਾਰਤ ਹਾਕੀ ਟੀਮ ਨੇ ਸਪੇਨਿਸ਼ ਟੀਮ ਦੀ ਪਿੱਠ ਲਾ ਕੇ ਅੱਠਵੀਂ ਵਾਰ ਓਲੰਪਿਕ ਹਾਕੀ ਦਾ ਸੋਨ ਤਗਮਾ ਆਪਣੇ ਨਾਮ ਕੀਤਾ। 


ਦੇਸ਼ ਦੀ ਹਾਕੀ ਟੀਮ ਦੀ ਜਿੱਤ ਦਾ ਬਿਗਲ ਵਜਾਉਣ ਵਾਲੇ ਸੁਰਿੰਦਰ ਸਿੰਘ ਸੋਢੀ ਨੇ ਮਾਸਕੋ ਓਲੰਪਿਕ ’ਚ ਤੀਹਰੀ ਖੇਡ ਪ੍ਰਾਪਤੀ ਦਰਜ ਕੀਤੀ। ਪਹਿਲਾਂ ਉਹ ਓਲੰਪਿਕ ਹਾਕੀ ਟੀਮ ਦਾ ਅਲੰਬਰਦਾਰ ਖਿਡਾਰੀ ਹੋ ਨਿਬੜਿਆ। ਦੂਜਾ ਉਹ ਮਾਸਕੋ ਓਲੰਪਿਕ ’ਚ ਸਭ ਤੋਂ ਵੱਧ ਗੋਲ ਦਾਗਣ ਵਾਲਾ ‘ਟਾਪ ਸਕੋਰਰ’ ਖਿਡਾਰੀ ਬਣਿਆ। ਇਸ ਓਲੰਪਿਕ ਅਡੀਸ਼ਨ ’ਚ ਸੁਰਿੰਦਰ ਸੋਢੀ ਨੇ ਅਨੋਖਾ ਖੇਡ ਕਾਰਨਾਮਾ ਕਰਕੇ ਆਪਣੇ ਹੀ ਜ਼ਿਲੇ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਮਰਹੂਮ ਓਲੰਪੀਅਨ ਊਧਮ ਸਿੰਘ ਕੁਲਾਰ ਦੇ 15 ਗੋਲ ਕਰਕੇ ਸਿਰਜੇ ਹਾਕੀ ਰਿਕਾਰਡ ਨੂੰ 24 ਸਾਲਾਂ ਦੇ ਅਰਸੇ ਬਾਅਦ 16 ਗੋਲਾਂ ਨਾਲ ਤੋੜਿਆ। ਮਾਸਕੋ ਓਲੰਪਿਕ ’ਚ ਜਿੱਤ ਦੀ ਜੋਤ ਜਗਾਉਣ ਵਾਲਾ ਸੁਰਿੰਦਰ ਸੋਢੀ ਬਿਊਨਿਸ ਆਇਰਸ-1978 ਅਤੇ ਮੁੰਬਈ-1982 ’ਚ ਖੇਡੇ ਗਏ ਦੋ ਵਰਲਡ ਕੱਪ ਖੇਡਣ ਤੋਂ ਇਲਾਵਾ ਬੈਂਕਾਕ-1978 ਏਸ਼ਿਆਈ ਹਾਕੀ ਦੇ ਮੈਦਾਨ ’ਚ ਨਿੱਤਰ ਚੁੱਕਾ ਹੈ। 1975 ’ਚ ਜੂਨੀਅਰ ਹਾਕੀ ਟੀਮ ਨਾਲ ਨੁਮਾਇੰਦਗੀ ਕਰਕੇ ਆਪਣੀ ਖੇਡ ਪਾਰੀ ਦਾ ਆਗਾਜ਼ ਕਰਨ ਵਾਲਾ ਸੁਰਿੰਦਰ ਸੋਢੀ ਵਿਦੇਸ਼ੀ ਖੇਡ ਮੈਦਾਨਾਂ ’ਚ ਕਈ ਵਾਰ ‘ਟਾਪ ਸਕੋਰਰ’ ਰਿਹਾ। ਕੌਮੀ ਹਾਕੀ ਟੀਮ ਦੀ ਸਿਲੈਕਸ਼ਨ ’ਚ ਸ਼ਾਮਲ ਰਹੇ ਸੋਢੀ ਨੇ ਕਰਾਚੀ-1980 ਅਤੇ ਐਮਸਟਰਡਮ-1982 ਚੈਂਪੀਅਨਜ਼ ਹਾਕੀ ਟਰਾਫੀ ’ਚ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। 


ਐਮਸਟਰਡਮ-1982 ਹਾਕੀ ਚੈਂਪੀਅਨਜ਼ ਟਰਾਫੀ ’ਚ ਸੋਢੀ ਕੌਮੀ ਹਾਕੀ ਟੀਮ ਦਾ ਕੈਪਟਨ ਸੀ। ਇਸ ਹਾਕੀ ਮੁਕਾਬਲੇ ’ਚ ਭਾਰਤੀ ਟੀਮ ਨੇ ਸੋਢੀ ਦੀ ਅਗਵਾਈ ’ਚ ਤਾਂਬੇ ਦਾ ਤਗਮਾ ਜਿੱਤਿਆ ਸੀ। ਹਾਕੀ ਖੇਡਣ ਤੋਂ ਇਲਾਵਾ ਸੋਢੀ ਨੇ ਗੋਲਫ ਖੇਡਣ ਦਾ ਸੌਂਕ ਵੀ ਪਾਲਿਆ ਹੋਇਆ ਸੀ, ਜਿਸ ’ਚ ਉਹ 2005 ’ਚ ਆਲ ਇੰਡੀਆ ਗੋਲਫ ਦਾ ਚੈਂਪੀਅਨ ਵੀ ਬਣਿਆ।


ਮਾਸਕੋ ਓਲੰਪਿਕ ’ਚ ਸੁਰਿੰਦਰ ਸੋਢੀ ਦੇ ਨਾਲ ਪਾਕਿਸਤਾਨੀ ਹਾਕੀ ਟੀਮ ਦੇ ਸੈਂਟਰ ਫਾਰਵਰਡ ਹਸਨ ਸਰਦਾਰ ਦੀ ਗੁੱਡੀ ਵੀ ਸੱਤ ਅਸਮਾਨ ਚੜੀ ਹੋਈ ਸੀ। ਮੁੱਕਦੀ ਗੱਲ ਇਹ ਕਿ ਉਸ ਸਮੇਂ ਦੁਨੀਆਂ ਦੇ ਕਹਿੰਦੇ-ਕੁਹਾਉਂਦੇ ਦੋਵੇਂ ਸੈਂਟਰ ਫਾਰਵਰਡਾਂ ’ਚ ਫਸਵਾਂ ਮੁਕਾਬਲਾ ਚੱਲ ਰਿਹਾ ਸੀ। ਦੋਵਾਂ ਦਾ ਖੇਡ ਸੀਜ਼ਨ ਵੀ ਪੀਕ ’ਤੇ ਸੀ। ਇਹ ਉਹ ਸਮਾਂ ਵੀ ਸੀ ਕਿ ਜਿੱਥੇ ਵੀ ਦੋਵੇਂ ਹਾਕੀ ਖੇਡਦੇ ਤਾਂ ਖੇਡ ਪੱਤਰਕਾਰ ਕਦੇ ਵੀ ਮੌਕਾ ਹੱਥੋੋਂ ਨਾ ਜਾਣ ਦੇਂਦੇ। ਅਗਲੇ ਦਿਨ ਅਖਬਾਰੀ ਸੁਰਖੀਆਂ ’ਚ ਹਸਨ ਸਰਦਾਰ ਜਾਂ ਸੁਰਿੰਦਰ ਸਿੰਘ ਸੋਢੀ ਛਾਇਆ ਹੁੰਦਾ। ਫਰਕ ਸਿਰਫ ਇਹ ਹੈ ਕਿ ਸੋਢੀ ਦੇ ਨਾਮ ਨਾਲ ਪਹਿਲੇ ਸਰਦਾਰ ਲੱਗਦਾ ਹੈ ਜਦਕਿ ਹਸਨ ਨੇ ਆਪਣੇ ਨਾਮ ਦੇ ਪਿੱਛੇ ਸਰਦਾਰ ਲੱਗਿਆ ਹੋਇਆ ਹੈ। ਇਹ ਮੌਕਾ-ਮੇਲ ਹੀ ਸਮਝੋ ਕਿ ਜਿਵੇਂ ਸੁਰਿੰਦਰ ਸੋਢੀ ਨੇ ਮਾਸਕੋ-1980 ਓਲੰਪਿਕ ਦੀ ਹਾਕੀ ਜਿੱਤ ਦਾ ਸਿਹਰਾ ਹਿੰਦ ਦੀ ਹਾਕੀ ਟੀਮ ਦੇ ਸਿਰ ਬੰਨਿਆ ਉਵੇਂ ਹੀ ਚਾਰ ਸਾਲ ਬਾਅਦ ਲਾਸ ਏਂਜਲਸ-1984 ਦੇ ਓਲੰਪਿਕ ਅਡੀਸ਼ਨ ’ਚ ਹਸਨ ਸਰਦਾਰ ਨੇ ਪਾਕਿਸਤਾਨੀ ਹਾਕੀ ਟੀਮ ਨੂੰ ਓਲੰਪਿਕ ਹਾਕੀ ਦੇ ਸੋਨ ਤਮਗੇ ਦੇ ਰੰਗ ’ਚ ਰੰਗਦਿਆਂ ਸਾਰੇ ਰੋਣੇ-ਧੋਣੇ ਹੀ ਧੋ ਦਿੱਤੇ। ਸੁਰਿੰਦਰ ਸਿੰਘ ਸੋਢੀ ਨੇ ਮਾਸਕੋ ਓਲੰਪਿਕ ’ਚ 16 ਗੋਲ ਕਰਨ ਦਾ ਜੋ ਰਿਕਾਰਡ ਆਪਣੇ ਨਾਮ ਕੀਤਾ ਸੀ, ਸਿਰਫ ਚਾਰ ਸਾਲ ਦੇ ਵਕਫੇ ਬਾਅਦ ਹਸਨ ਸਰਦਾਰ ਲਾਸ ਏਂਜਲਸ-1984 ਓਲੰਪਿਕ ’ਚ 10 ਗੋਲ ਦਾਗ ਕੇ ਪਾਕਿਸਤਾਨ ਨੂੰ ਓਲੰਪਿਕ ਚੈਂਪੀਅਨ ਬਣਾਉਣ ’ਚ ਭਰਵਾਂ ਯੋਗਦਾਨ ਪਾਇਆ। 


ਭਾਵੇਂ ਹਾਕੀ ਮੈਦਾਨ ’ਚ ਆਹਮੋ-ਸਾਹਮਣੇ ਹੋਣ ਸਦਕਾ ਦੋਹਾਂ ਖਿਡਾਰੀਆਂ ਦਾ ਆਪਸੀ ਰਿਸ਼ਤਾ ਸ਼ਰੀਕਾਂ ਵਾਲਾ ਹੁੰਦਾ ਹੈ ਪਰ ਆਮ ਜ਼ਿੰਦਗੀ ’ਚ ਸੁਰਿੰਦਰ ਸੋਢੀ ਤੇ ਹਸਨ ਸਰਦਾਰ ਗੂੜੇ ਮਿੱਤਰਾਂ ਵਾਂਗ ਮਾਖੌਲ ਜਾਂ ਹਾਸਾ-ਠੱਠਾ ਸਾਂਝਾ ਕਰਦੇ ਰਹਿੰਦੇ ਸਨ। ਆਪਸੀ ਪਿਆਰ ਦੀਆਂ ਤੰਦਾਂ ਸਦਕਾ ਦੋਵੇਂ ਹੀ ਆਪਣੇ ਆਪ ਨੂੰ ਇਕ-ਦੂਜੇ ਤੋਂ ਊਣਾ ਹਾਕੀ ਖਿਡਾਰੀ ਕਹਿਣ ’ਤੇ ਵੀ ਫਖਰ ਮਹਿਸੂਸਦੇ।  ਜਿਵੇਂ ਸੋਢੀ ਆਪਣੀ ਖੇਡ ਨੂੰ 19 ਨੰਬਰ ਦੇ ਕੇ ਪਾਕਿਸਤਾਨ ਦੇ ਖੱਬੀ-ਖਾਨ ਹਮਲਾਵਰ ਖਿਡਾਰੀ ਹਸਨ ਸਰਦਾਰ ਨੂੰ 21 ਦੀ ਤੱਕੜੀ ’ਚ ਤੋਲਦਾ ਉਵੇਂ ਹੀ ਹਸਨ ਸਰਦਾਰ, ਸੁਰਿੰਦਰ ਸੋਢੀ ਦੀ ਖੇਡ ਪ੍ਰਸ਼ੰਸਾ ’ਚ ਇਥੋਂ ਤੱਕ ਕਹਿ ਜਾਂਦਾ ਹੈ ਕਿ ਮੈਂ ਭਾਰਤੀ ਟੀਮ ਦਾ ਸਿਪਾਹ ਸਿਲਾਰ ਅੱਗੇ ਕੀ ਪਾਣੀ ਹਾਰ ਹਾਂ, ਉਹ ਤਾਂ ਜੇਤੂ ਹਾਕੀ ਮੁਹਿੰਮਾਂ ਸਰ ਕਰਨ ਵਾਲਾ ਵਿਸ਼ਵ ਦਾ ਨੰਬਰ ਇਕ ਖਿਡਾਰੀ ਹੈ। 


ਜਲੰਧਰ ’ਚ ਰੇਲਵੇ ਕਰਮਚਾਰੀ ਸ. ਗੁਰਬਚਨ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇਂ ਸੁਰਿੰਦਰ ਸੋਢੀ ਨੂੰ ਉਮਦਾ ਹਾਕੀ ਖੇਡਣ ਸਦਕਾ ਹੀ ਸੀਨੀਅਰ ਪੁਲੀਸ ਸੁਪਰਡੈਂਟ ਦੀ ਵਰਦੀ ਪਾਉਣ ਦਾ ਮਾਣ ਮਿਲਿਆ। ਉਹ ਪੰਜਾਬ ਪੁਲੀਸ ’ਚ ਆਈ. ਜੀ. ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਉਨਾਂ ਦੇ ਦੋਹਾਂ ਲੜਕਿਆਂ ਅਜੈਪਾਲ ਸਿੰਘ ਤੇ ਅਮਰਿੰਦਰ ਸਿੰਘ ਨੂੰ ਵੀ ਖੇਡਾਂ ਨਾਲ ਖਾਸ ਲਗਾਅ ਰਿਹਾ। ਇਕ ਚੰਗੀ ਿਕਟ ਖੇਡਦਾ ਤੇ ਦੂਜਾ ਬਾਸਕਟਬਾਲ ਦਾ ਖਿਡਾਰੀ ਰਿਹਾ। ਚਾਰ ਭਰਾਵਾਂ ਤੇ ਇਕ ਭੈਣ ਪਰਮਜੀਤ ਕੌਰ ਦਾ ਵੀਰ ਸੋਢੀ ਪੰਜਾਬ ਪੁਲੀਸ ਦੀ ਵਰਦੀ ਪਹਿਨਣ ਦੇ ਬਾਵਜੂਦ ਪੁਲਸੀਆ ਹੈਂਕੜ ਤੋਂ ਬਿਲਕੁਲ ਮੁਕਤ ਰਿਹਾ। ਇਸੇ ਕਰਕੇ ਅੱਜ ਉਸ ਦੀ ਪਛਾਣ ਪੁਲੀਸ ਅਫਸਰ ਵਜੋਂ ਘੱਟ ਬਲਕਿ ਓਲੰਪੀਅਨ ਹਾਕੀ ਖਿਡਾਰੀ ਕਰਕੇ ਜ਼ਿਆਦਾ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਛੋਟੋ-ਛੋਟੇ ਬੱਚੇ ਅਕਸਰ ਹੀ ਪੁਲੀਸ ਦੀ ਵਰਦੀ ਪਹਿਨੇ ਮੁਲਾਜ਼ਮ ਤੋਂ ਭੈਅ ਖਾਂਦੇ ਹਨ ਪਰ ਉਹੀ ਬੱਚੇ ਸੋਢੀ ਤੋਂ ਹਾਕੀ ਖੇਡ ਬਾਰੀਕੀਆਂ ਤੇ ਹੋਰ ਖੇਡ ਗੁਰ ਸਿੱਖਣ ਲਈ ਸਰ-ਸਰ ਕਹਿੰਦੇ ਖੇਡ ਮੈਦਾਨ ’ਚ ਉਸ ਦੇ ਮਗਰ ਲੱਗੇ ਰਹਿੰਦੇ। ਸੋਢੀ ਦੇ ਦਿਲੋ-ਦਿਮਾਗ ’ਚ ਹਾਕੀ ਖੇਡ ਪ੍ਰਤੀ ਇਕ ਖਾਸ ਕਸ਼ਿਸ਼ ਹੈ। ਇਸੇ ਹਾਕੀ ਹੇਰਵੇ ਕਰਕੇ ਹੀ ਸੋਢੀ ਹਾਕੀ ਖੇਡ ਨੂੰ ਪਿਆਰਦਾ ਤੇ ਸਤਿਕਾਰਦਾ ਹੈ। ਇਸ ਦੇ ਉਲਟ ਜਦੋਂ ਉਹ ਹੁਣ ਹਾਕੀ ’ਚ ਮਿਲ ਰਹੀਆਂ ਹਾਰਾਂ ਦਾ ਜ਼ਿਕਰ ਕਰਦਾ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਉਹ ਨਿਰਾਸ਼ਾ ਦੇ ਘੋਰ ਡੂੰਘੇ ਸਮੁੰਦਰ ’ਚ ਡੁੱਬਦਾ ਜਾ ਰਿਹਾ ਹੋਵੇ ਜਾਂ ਹਾਕੀ ਦੀਆਂ ਹਾਰਾਂ ਨਾਲ ਉਸ ਦਾ ਕਾਲਜਾ ਧੁਰ ਅੰਦਰ ਤੱਕ ਸੱਲ ਗਿਆ ਹੋਵੇ। 


ਸੁਰਿੰਦਰ ਸੋਢੀ ਦੇ ਮੁੱਢਲੇ ਹਾਕੀ ਕੋਚ ਲਹਿੰਬਰ ਦਾਸ ਸਨ। ਸੁਰਿੰਦਰ ਸੋਢੀ ਹਾਕੀ ਦਾ ਪਹਿਲਾ ਹਰਫਨਮੌਲਾ ਖਿਡਾਰੀ ਹੈ, ਜਿਸ ਨੂੰ ਕੌਮੀ ਹਾਕੀ ਕੋਚ ਗੁਰਚਰਨ ਸਿੰਘ ਬੋਧੀ ਨੇ ਖੇਡ ਮੈਦਾਨ ਦੇ ਚੱਪੇ-ਚੱਪੇ ’ਤੇ ਖਿਡਾਇਆ। ਕੌਮੀ ਜੂਨੀਅਰ ਹਾਕੀ ਟੀਮ ਵਲੋਂ ਸੋਢੀ ਲੈਫਟ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਦਾ ਰਿਹਾ। ਸੀਨੀਅਰ ਹਾਕੀ ਟੀਮ ’ਚ ਪ੍ਰਮੋਟ ਹੋਣ ’ਤੇ ਹਾਕੀ ਟੀਮ ਦੇ ਮੁੱਖ ਕੋਚ ਨੇ ਸੋਢੀ ਨੂੰ ਹਾਫ ਲਾਈਨ ’ਚ ਸੈਂਟਰ ਹਾਫ ਅਤੇ ਲੈਫਟ ਆਫ ਖੇਡਣ ਲਈ ਫਿੱਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੁਰਿੰਦਰ ਸੋਢੀ ਦੀ ਅਗਾਂਹ ਚੜ ਕੇ ਖੇਡਣ ਦੀ ਲਾਲਸਾ ਅਤੇੇ ਰਫਤਾਰ ਸਦਕਾ ਹੀ ਹਾਕੀ ਕੋਚ ਨੇ ਉਸ ਨੂੰ ਪੱਕੇ ਤੌਰ ’ਤੇ ਸੈਂਟਰ ਫਾਰਵਰਡ ਭਾਵ ਹਮਲਾਵਰ ਪੰਕਤੀ ’ਚ ਖਿਡਾਉਣਾ ਸ਼ੁਰੂ ਕਰ ਦਿੱਤਾ। ਅਗਲੀ ਪਾਲ ’ਚ ਸੋਢੀ ਪੱਕੇ ਤੌਰ ’ਤੇ ਸੈਂਟਰ ਫਾਰਵਰਡ ਖਿਡਾਰੀ ਵਜੋਂ ਅਜਿਹਾ ਸਥਾਪਤ ਹੋਇਆ ਕਿ ਇਸੇ ਪੁਜ਼ੀਸ਼ਨ ’ਤੇ ਖੇਡਦੇ ਸੋਢੀ ਨੇ ਕੌਮੀ ਤੇ ਕੌਮਾਂਤਰੀ ਹਾਕੀ ’ਚ ਆਪਣੀ ਖੇਡ ਦੀ ਪੂਰੀ ਬੱਲੇ-ਬੱਲੇ ਕਰਵਾਈ ਰੱਖੀ। ਚੜਦੀ ਉਮਰੇ ਸੋਢੀ ਿਕਟ ਵੀ ਖੇਡਦਾ ਹੁੰਦਾ ਸੀ। ਉਹ ਹੱਸਦਾ ਦੱਸਦਾ ਹੈ ਕਿ ਛੋਟੀ ਉਮਰੇ ਕਦੇ ਉਸ ਨੂੰ ਹਾਕੀ ਵਾਲੇ ਹਾਕੀ ਖੇਡਣ ਲਈ ਲੈ ਜਾਂਦੇ ਤੇ ਕਦੇ ਿਕਟ ਵਾਲੇ ਿਕਟ ਖੇਡਣ ਲਈ। ਇਹ ਗੱਲਾਂ ਸੋਢੀ ਨਾਲ ਨਵਾਂਸ਼ਹਿਰ ’ਚ ਐਸ ਐਸ ਪੀ ਦੀ ਕੁਰਸੀ ’ਤੇ ਬੈਠੇ ਨਾਲ ਕੁਝ ਸਾਲ ਪਹਿਲਾਂ ਹੋਈਆਂ ਸਨ। 

 

 

ਸੋਢੀ ਨਾਲ ਬਤੌਰ ਹਾਕੀ ਖਿਡਾਰੀ, ਹਾਕੀ ਕੋਚ ਤੇ ਪੁਲੀਸ ਅਫਸਰ ਹੋਣ ਦੇ ਨਾਤੇ ਬਹੁਤ ਵਾਰ ਮਿਲਣ ਦੇ ਮੌਕੇ ਨਸੀਬ ਹੋਏ ਪਰ ਹਰ ਵਾਰ ਹੀ ਉਹ ਹਾਕੀ ਦੀਆਂ ਗੱਲਾਂ ਕਰਕੇ ਬੁੱਤਾ ਸਾਰ ਦੇਂਦਾ। ਇਕ ਮੁਲਾਕਾਤ ’ਚ ਮੈਂ, ਸੋਢੀ ਨੂੰ ਸਹਿਜੇ ਹੀ ਕਹਿ ਦਿੱਤਾ ਕਿ ਭਾਅ ਜੀ ਹਾਕੀ ਤੋਂ ਹਟ ਕੇ ਕੋਈ ਹੋਰ ਗੱਲ ਸਾਂਝੀ ਕਰ ਲਿਆ ਕਰੋ ਤਾਂ ਉਹ ਮਜ਼ਾਕ ’ਚ ਬੋਲਿਆ ਸਾਰਾ ਜਹਾਨ ਹੀ ਜਾਣਦਾ ਹੈ ਕਿ ਪੁਲੀਸ ਤੇ ਅਖਬਾਰਾਂ ਵਾਲਿਆਂ ਦੇ ਰਿਸ਼ਤੇ ’ਚ ਕਿੰਨੀ ਕੁ ਨਿੱਘ ਹੁੰਦੀ ਹੈ। ਇਸ ਲਈ ਬਿਹਤਰ ਇਹੋ ਹੈ ਕਿ ਕਿਸੇ ਹੋਰ ਝਮੇਲੇ ’ਚ ਉਲਝਣ ਨਾਲੋਂ ਆਪਾਂ ਆਪਣੀ ਗੱਲ ਹਾਕੀ ਤੱਕ ਹਾਕੀ ਖੇਡ ਤੱਕ ਹੀ ਸੀਮਤ ਰੱਖੀਏ। ਬਤੌਰ ਹਾਕੀ ਖਿਡਾਰੀ ਤੇ ਪੁਲੀਸ ਅਫਸਰ ਦੇ ਤੌਰ-ਤਰੀਕਿਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਦਾ ਆਖਰ ’ਚ ਸੋਢੀ ਕਹਿੰਦਾ ਹੈ ਕਿ ਦੋਵੇਂ ਖੇਤਰ ਅਲੱਗ-ਅਲੱਗ ਹਨ। ਜਦੋਂ ਹਾਕੀ ਖੇਡਦੇ ਸੀ ਤਾਂ ਮਨ ’ਚ ਸਦਾ ਇਸ ਗੱਲ ਦਾ ਭੂਤ ਸਵਾਰ ਰਹਿੰਦਾ ਸੀ ਹਰ ਮੈਚ ’ਚ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਜਾਵੇ। ਦੇਸ਼ ਨੂੰ ਹਾਕੀ ਜਿੱਤਾਂ ਨਾਲ ਨਿਹਾਲ ਕਰਨ ਦੇ ਨਾਲ-ਨਾਲ ਅੱਵਲਤਰੀਨ ਖੇਡ ਕਾਰਗੁਜ਼ਾਰੀ ਵਿਖਾ ਕੇ ਟੀਮ ’ਚ ਸਥਾਨ ਬਰਕਰਾਰ ਰੱਖਣ ਦਾ ਫਿਕਰ ਵੀ ਹੁੰਦਾ ਸੀ।  ਪੰਜਾਬ ਪੁਲੀਸ ’ਚ ਅਫਸਰ ਦੇ ਅਹੁਦੇ ’ਤੇ ਰਹਿਣ ਦੇ ਅਨੁਭਵ ਸਾਂਝੇ ਕਰਦਾ ਸੋਢੀ ਦੱਸਦਾ ਹੈ ਕਿ ਚੌਵੀ ਘੰਟੇ ਦੀ ਡਿਊਟੀ ਹੋਣ ਕਰਕੇ ਸੌਣ ਸਮੇਂ ਵੀ ਵਰਦੀ ਸਰਾਹਣੇ ਹੀ ਪਈ ਰਹਿੰਦੀ ਹੈ। ਪਤਾ ਨਹੀਂ ਕਿਹੜੇ ਵੇਲੇ ਐਮਰਜੈਂਸੀ ਕਾਲ ਆ ਜਾਵੇ। ਡਿਊਟੀ ਬਹੁਤ ਹੀ ਸਖਤ ਤੇ ਜ਼ਿੰਮੇਵਾਰੀ ਵਾਲੀ ਹੈ। ਕਰਦਾ ਕੋਈ ਤੇ ਭਰਦਾ ਕੋਈ ਹੈ। ਆਖਰ ਗੱਲ ਨਿਬੇੜਦਾ ਸੋਢੀ ਕਹਿੰਦਾ ਹੈ ਕਿ ਪਹਿਲਾਂ ਹਾਕੀ ਖੇਡਣ ਦੇ ਸੁਪਨੇ ਆਉਂਦੇ ਸਨ ਪਰ ਹੁਣ ਅਮਨ-ਚੈਨ ਬਣਾਈ ਰੱਖਣ ਦਾ ਦਬਾਅ ਹਮੇਸ਼ਾ ਮਨ ’ਤੇ ਭਾਰੂ ਰਹਿੰਦਾ ਹੈ।  

 


ਦੇਸ਼ ਦੀ ਹਾਕੀ ਨੂੰ ਉਤਾਂਹ ਚੁੱਕਣ ਦੇ ਨੁਕਤੇ ਸਾਂਝੇ ਕਰਦਾ ਸੋਢੀ ਸਲਾਹ ਦਿੰਦਾ ਹੈ ਕਿ ਪਹਿਲਾਂ ਦੇਸ਼ ਦੀ ਛੋਟੀ ਪਨੀਰੀ ਦੇ ਖੇਡਣ ਲਈ ਆਧੁਨਿਕ ਖੇਡ ਮੈਦਾਨ ਭਾਵ ਅਸਟਰੋ ਟਰਫਾਂ ਦੀ ਘਾਟ ਪੂਰੀ ਕੀਤੀ ਜਾਵੇੇੇ। ਹਾਕੀ ਖੇਡਣ ਵਾਲੇ ਰਾਜਾਂ ਦੇ ਹਰ ਜ਼ਿਲੇ ’ਚ ਅਸਟਰੋ ਟਰਫ ਵਾਲਾ ਮੈਦਾਨ ਤਿਆਰ ਕਰਨ ਲਈ ਖੇਡ ਵਿਭਾਗ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਕਦਮਤਾਲ ਨਾਲ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਨੌਜਵਾਨਾਂ ’ਚ ਹਾਕੀ ਪ੍ਰਮੋਟ ਕਰਨ ਲਈ ਹਾਕੀ ਅਕੈਡਮੀਆਂ ਤੋਂ ਇਲਾਵਾ 14, 16, 18, 20 ਭਾਵ ਸਬ-ਜੂਨੀਅਰ ਵਰਗ ਦੀਆਂ ਹਾਕੀ ਟੀਮਾਂ ਦੇ ਕੌਮੀ ਹਾਕੀ ਮੁਕਾਬਲਿਆਂ ਦਾ ਮੁੱਢ ਬੰਨਣਾ ਹੋਵੇਗਾ। ਨੌਜਵਾਨ ਵਰਗ ਨੂੰ ਹਾਕੀ ਨਾਲ ਜੋੜੀ ਰੱਖਣ ਲਈ ਰੁਜ਼ਗਾਰ ਸੁਰੱਖਿਆ, ਚੰਗੀ ਸਿੱਖਿਆ, ਵਧਿਆ ਖਾਧ-ਖੁਰਾਕ, ਚੰਗੇ ਹਾਕੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ‘ਮੈਨ ਆਫ ਦਿ ਮੈਚ’ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ‘ਬੈਸਟ ਗੋਲਕੀਪਰ’ ‘ਵਧੀਆ ਸਟਰਾਈਕਰ’ ‘ ਨਰੋਆ ਰੱਖਿਅਕ’ ‘ਹੋਣਹਾਰ ਮਿੱਡਫੀਲਡਰ’ ਅਤੇ ‘ਟਾਪ ਸਕੋਰਰ’ ਖਿਡਾਰੀ ਨਿਯੁਕਤ ਕਰਨ ਦੀ ਖੇਡ ਨੀਤੀ ’ਤੇ ਪਹਿਰਾ ਦੇਣਾ ਹੋਵੇਗਾ। ਇਨਾਂ ਨਾਮਜ਼ਦ ਹਾਕੀ ਖਿਡਾਰੀਆਂ ਨੂੰ ਖੇਡ ਟਰਾਫੀਆਂ ਦੇ ਨਾਲ-ਨਾਲ ਚੰਗੀਆਂ ਨਕਦ ਰਾਸ਼ੀਆਂ ਦੇ ਪੁਰਸਕਾਰ ਹਾਕੀ ਦੇ ਲੜ ਲਾਈ ਰੱਖਣ ਲਈ ਸ਼ੁਭ ਸਹਾਈ ਹੋ ਸਕਦੇ ਹਨ। 

 

 

ਸੀਨੀਅਰ ਹਾਕੀ ਖਿਡਾਰੀਆਂ ਦੀ ਟੀਮ ਤੋਂ ਇਲਾਵਾ ਜੂਨੀਅਰ, ਸਬ-ਜੂਨੀਅਰ ਅਤੇ ਹੋ ਸਕੇ ਤਾਂ ਅਕੈਡਮੀਆਂ ਦੀਆਂ ਹਾਕੀ ਟੀਮਾਂ ਨੂੰ ਵਿਦੇਸ਼ੀ ਟੂਰਾਂ ’ਤੇ ਭੇਜ ਕੇ ਖਿਡਾਰੀਆਂ ਦੀ ਹਾਕੀ ਖੇਡ ਨੂੰ ਸਾਣ ’ਤੇ ਲਾ ਕੇ ਹੀ ਚੰਗੀ ਤਰਾਂ ਚੰਡਿਆ ਜਾ ਸਕਦਾ ਹੈ। ਆਧੁਨਿਕ ਹਾਕੀ ਦੇ ਲਿਹਾਜ਼ ਨਾਲ ਖਿਡਾਰੀਆਂ ਦੀ ਮੈਦਾਨੀ ਪੁਜ਼ੀਸ਼ਲ ਨਿਸ਼ਚਿਤ ਕਰਨ ਤੋਂ ਇਲਾਵਾ ਉਨਾਂ ਤੋਂ ਖੇਡਦੇ ਸਮੇੀ ਹਰਫਨਮੌਲਾ ਖੇਡ ਪ੍ਰਦਰਸ਼ਨ ਦੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ ਤੇ ਉਨਾਂ ਨੂੰ ਮੈਦਾਨ ਦੇ ਹਰ ਕੋਣੇ ’ਤੇ ਵਿਛ ਕੇ ਖੇਡਣ ਯੋਗ ਬਣਾਇਆ ਜਾਣਾ ਚਾਹੀਦਾ ਹੈ। ਹਰ ਖੇਡ ਲਾਈਨ ਲਈ ਅਲੱਗ-ਅਲੱਗ ਮਾਹਿਰ ਹਾਕੀ ਕੋਚ ਖਿਡਾਰੀਆਂ ਦੀ ਟਰੇੇਨਿੰਗ ਲਈ ਲਾਉਣ ਦੀ ਵੀ ਸਮਾਂ ਮੰਗ ਕਰਦਾ ਹੈ। ਅਹਿਮ ਖੇਡ ਗੱਲ ਇਹ ਕਿ ਖਿਡਾਰੀਆਂ ਦੀ ਚੋਣ ਮੈਦਾਨ ਅੰਦਰ ਖੇਡ ਮਿਆਰ ਨੂੰ ਦੇਖਦੇ ਹੋਏ ਕੀਤੀ ਜਾਵੇ। ਚੰਗੇ ਖਿਡਾਰੀਆਂ ਨੂੰ ਸਲਾਮ ਤੇ ਮਾੜਿਆਂ ਨੂੰ ਬਾਹਰ ਦਾਰਸਤਾ ਵਿਖਾਉਣ ’ਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ। ਇਨਾਂ ਖੇਡ ਨੁਕਤਿਆਂ ਤੋਂ ਦੋ ਕਦਮ ਅੱਗੇ ਜਾਂਦਾ ਸੋਢੀ ਕਹਿੰਦਾ ਹੈ ਕਿ ਪਿ੍ਰੰਟ ਤੇ ਬਿਜਲਈ ਮੀਡੀਆ ਦਾ ਹਰ ਖੇਡ ਨਾਲ ਚੋਲੀ-ਦਾਮਨ ਦਾ ਸਾਥ ਹੈ। ਜਿਹੜੀ ਖੇਡ ਨੂੰ ਅਖਬਾਰੀ ਜਾਂ ਹੋਰ ਮੀਡੀਆ ਦੀਆਂ ਸੁਰਖੀਆਂ ਨਸੀਬ ਨਹੀਂ ਹੁੰਦੀਆਂ ਉਹ ਰੁਲ ਕੇ ਰਹਿ ਜਾਂਦੀ ਹੈ। ਅੱਜ ਭਾਰਤ ਤੇ ਹੋਰ ਕ੍ਰਿਕਟ ਖੇਡਣ ਵਾਲੇ ਮੁਲਕਾਂ ਦੇ ਖਿਡਾਰੀਆਂ ਦੀ ਚੜਤ ਮੀਡੀਆ ਕਰਕੇ ਹੀ ਹੈ। ਇਸੇ ਦਾ ਮੁੱਖ ਕਾਰਨ ਹੈ ਕਿ ਸ਼ਹਿਰਾਂ-ਪਿੰਡਾਂ ਤੋਂ ਇਲਾਵਾ ਝੁੱਗੀ-ਝੌਂਪੜੀਆਂ ਦੇ ਬੱਚਿਆਂ ਦੇ ਹੱਥ ’ਚ ਕ੍ਰਿਕਟ ਦੇ ਬੱਲੇ ਵੇਖੇ ਜਾ ਸਕਦੇ ਹਨ।

 


ਇਹੋ ਹਾਲ ਪਹਿਲਾਂ ਹਾਕੀ ਦਾ ਸੀ ਕਿ ਜਦੋਂ ਪਿੰਡਾਂ ’ਚ ਇਹ ਖੇਡ ਗਲੀ-ਮੁਹੱਲਿਆਂ ’ਚ ਭਾਵ ਗਰਾਸ ਰੂਟ ’ਤੇ ਆਮ ਹੀ ਖੇਡੀ ਜਾਂਦੀ ਸੀ। ਸੁਰਿੰਦਰ ਸੋਢੀ ਦੀ ਦੇਸ਼ ਦੇ ਹਰ ਤਰਾਂ ਦੇ ਮੀਡੀਆ ਨੂੰ ਪੁਰ ਜ਼ੋਰ ਅਪੀਲ ਹੈ ਕਿ ਹਾਕੀ ਖੇਡ ਦੇਸ਼ ਦੀ ਕੌਮੀ ਖੇਡ ਹੈ, ਜਿਸ ਕਰਕੇ ਇਸ ਨੂੰ ਆਪਣੇ ਖੇਡ ਕਾਂਲਮਾਂ ਜਾਂ ਸਕਰੀਨਾਂ ’ਤੇ ਪੂਰਾ ਸਨਮਾਨ ਤੇ  ਅਹਿਮੀਅਤ ਦਿੱਤੀ ਜਾਵੇ। ਹਾਕੀ ਹੀ ਇਕੋ-ਇਕ ਖੇਡ ਹੈ ਜਿਸ ’ਚ ਭਾਰਤ ਨੇ ਰਿਕਾਰਡ ਅੱਠ ਓਲੰਪਿਕ ਸੋਨ ਤਗਮੇ ਜਿੱਤੇ ਹਨ। ਇਥੇ ਹੀ ਬਸ ਨਹੀਂ ਵਿਸ਼ਵ ਹਾਕੀ ਕੱਪ ਦੇ 1975 ਦੇ ਅਡੀਸ਼ਨ ’ਚ ਦੇਸ਼ ਦੀ ਹਾਕੀ ਟੀਮ ਚੈਂਪੀਅਨ ਬਣੀ। ਪਹਿਲੇ ਬਾਰਸੀਲੋਨਾ-1971 ਦੇ ਸ਼ਸਾਰ ਹਾਕੀ ਕੱਪ ’ਚ ਕੌਮੀ ਹਾਕੀ ਟੀਮ ਨੇ ਤਾਂਬੇ ਦਾ ਤੇ ਐਮਸਟਰਡਮ-1973 ’ਚ ਹਾਕੀ ਟੀਮ ਉਪ ਜੇਤੂ ਬਣ ਕੇ ਚਾਂਦੀ ਕੱਪ ਜਿੱਤਣ ਦੇ ਰਾਹ ਪਈ। ਕੁੱਲ ਮਿਲਾ ਕੇ ਇਹੋ ਕਿਹਾ ਜਾ ਸਕਦਾ ਹੈ  ਕਿ ਿਕਟ ਤੇ ਹੋਰ ਖੇਡਾਂ ਦੇ ਮੁਕਾਬਲਤਨ ਜਿੱਤਾਂ ਪੱਖੋਂ ਹਾਕੀ ਖੇਡ ਮਾਲਾ-ਮਾਲ ਹੋਈ ਮੁਢਲੀਆਂ ਸਫਾਂ ’ਚ ਸ਼ੁਮਾਰ ਹੈ। 

 


ਸੁਰਿੰਦਰ ਸਿੰਘ ਸੋਢੀ ਓਲੰਪਿਕ ਹਾਕੀ, ਏਸ਼ੀਆਈ ਹਾਕੀ, ਚੈਂਪੀਅਨਜ਼ ਹਾਕੀ ਟਰਾਫੀ, ਵਿਸ਼ਵ ਹਾਕੀ ਕੱਪ ਅਤੇ ਵਿਦੇਸ਼ੀ ਹਾਕੀ ਟੀਮਾਂ ਨਾਲ ਹਾਕੀ ਟੈਸਟ ਮੈਚ ਖੇਡਣ ਸਦਕਾ ਜਿਥੇ ਖੇਡ ਤਜਰਬੇ ਲਾਲ ਪੂਰੀ ਤਰਾਂ ਲੋਡ ਹੋਇਆ ਰਿਹਾ ਉਥੇ ਉਸ ਨੇ ਚੈਂਪੀਅਨਜ਼ ਹਾਕੀ ਟਰਾਫੀ ’ਚ ਦੇਸ਼ ਦੀ ਹਾਕੀ ਟੀਮ ਦੀ ਕਮਾਨ ਵੀ ਸੰਭਾਲੀ। ਉਸ ਦੀ ਅਗਵਾਈ ’ਚ ਵਿਸ਼ਵ ਹਾਕੀ ਦੇ ਚੈਂਪੀਅਨਾਂ ਦੀ ਚੈਂਪੀਅਨਜ਼ ਹਾਕੀ ਟਰਾਫੀ, ਜੋ ਹਾਲੈਂਡ ਦੇ ਸ਼ਹਿਰ ਐਮਸਟਰਡਮ ’ਚ ਖੇਡੀ ਗਈ, ਜਿਸ ’ਚ ਦੇਸ਼ ਦੀ ਹਾਕੀ ਟੀਮ ਨੇ ਤਾਂਬੇ ਦਾ ਮੈਡਲ ਜਿੱਤਿਆ। ਚੰਗਾ ਖਿਡਾਰੀ ਹੋਣ ਦੇ ਨਾਤੇ ਸੋਢੀ ਇਕ ਚੰਗਾ ਹਾਕੀ ਟਰੇਨਰ ਵੀ ਰਿਹਾ। 1994 ’ਚ ਸੁਰਿੰਦਰ ਸੋਢੀ ਨੂੰ ਆਸਟਰੇਲੀਆ ਦੀ ਜੂਨੀਅਰ ਹਾਕੀ ਟੀਮ ਸੱਤ ਹਾਕੀ ਮੈਚ ਖੇਡਣ ਵਾਲੀ ਜੂਨੀਅਰ ਹਾਕੀ ਟੀਮ ਦਹ ਮੁੱਖ ਕੋਚ ਨਾਮਜ਼ਦ ਕੀਤਾ ਗਿਆ। ਸੋਢੀ ਦੀ ਸਿਖਲਾਈ ’ਚ ਚੰਡੀ ਹੋਈ ਜੂਨੀਅਰ ਹਾਕੀ ਟੀਮ ਨ ਮੇਜ਼ਬਾਨ ਕੰਗਾਰੂ ਹਾਕੀ ਟੀਮ ਤੋੀ ਪੰਜ ਮੈਚ ਜਿੱਤੇ, ਇਕ ਬਰਾਬਰ ਕੀਤਾ ਤੇ ਇਕ ਮੈਚ ਹਾਰਿਆ। ਇਥੇ ਹੀ ਬਸ ਨਹੀਂ, ਇਸੇ ਜੂਨੀਅਰ ਹਾਕੀ ਟੀਮ ਦੇ ਬਹੁਤੇ ਹਾਕੀ ਖਿਡਾਰੀਆਂ ਨੇ ਇੰਗਲੈਂਡ ਦੇ ਸ਼ਹਿਰ ਮਿਲਟਨ ਕਿੰਜ਼ ’ਚ ਖੇਡੇ ਗਏ 1998 ਦੇ ਜੂਨੀਅਰ ਵਿਸ਼ਵ ਹਾਕੀ ਕੱਪ ਪਹਿਲੀ ਵਾਰ ਉਪ ਜੇਂਤੂ  ਰਹਿਣ ਦਾ ਸਫਰ ਤੈਅ ਕੀਤਾ। 1979 ’ਚ ਪੰਜਾਬ ਸਰਕਾਰ ਵਲੋਂ ਸੋਖੀ ਨੂੰ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀਆਂ ਦੇਸ਼ ਦੀ ਕੌਮੀ ਹਾਕੀ ਟੀਮ ਲਈ ਦਿੱਤੀਆਂ ਮਾਣਮੱਤੀਆਂ ਖੇਡ ਸੇਵਾਵਾਂ ਬਦਲੇ 1998 ’ਚ ਭਾਰਤ ਸਰਕਾਰ ਵਲੋਂ ਉਸ ਨੂੰ ‘ਅਰਜੁਨਾ ਐਵਾਰਡ’ ਖੇਡ ਸਨਮਾਨ ਨਾਲ ਨਿਵਾਜਿਆ ਗਿਆ। 

 


ਸੁਰਿੰਦਰ ਸੋਢੀ ਇਕ ਵਧੀਆ ਹਾਕੀ ਖਿਡਾਰੀ, ਚੰਗਾ ਹਾਕੀ ਸਿਖਲਾਇਰ, ਅਤੇ ਰੋਅਬ-ਦਾਬ ਵਾਲਾ ਅਨੁਸ਼ਾਸਨੀ ਪੁਲੀਸ ਅਫਸਰ, ਇਕ ਨੇਕ ਇਨਸਾਨ ਹੋਣ ਦੇ ਨਾਲ-ਨਾਲ ਨਮੂਨੇ ਦਾ ਖੇਡ ਪ੍ਰਬੰਧਕ ਵੀ ਹੈ। ਸੋਨ ਤਗਮਾ ਜੇਤੂ ਓਲੰਪੀਅਨ ਸੋਢੀ ਦੀ ਦੇਖ-ਰੇਖ ਹੇਠ 1997 ’ਚ ‘ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਹਾਕੀ ਟੂਰਨਾਮੈਂਟ’ ਸ਼ੁਰੂ ਹੋਇਆ। ਹਮਦਰਦ ਹਾਕੀ ਮੁਕਾਬਲੇ ਦਾ ਜਥੇਬੰਦਕ ਸਕੱਤਰ ਹੋਣ ਕਰਕੇ ਸੋਢੀ ਨੇ ਇਸ ਹਾਕੀ ਟੂਰਨਾਮੈਂਟ ਦੇ ਹਰ ਮੈਚ ’ਚ ਸਿਖਰ ਦੀ ਖੇਡ ਵਿਖਾਉਣ ਵਾਲੇ ਖਿਡਾਰੀ ਲਈ ਕ੍ਰਿਕਟ ਦੀ ਤਰਜ਼ ’ਤੇ ‘ਮੈਨ ਆਫ ਦਿ ਮੈਚ’ ਐਵਾਰਡ ਦੇਣ ਦੀ ਭਲੀ ਰੀਤ ਨੂੰ ਅਮਲੀ ਰੂਪ ਦਿੱਤਾ। ਹੁਣ ਸਥਿਤੀ ਇਹ ਹੈ ਕਿ ਦੇਖਾ-ਦੇਖੀ ਹੋਰ ਕੌਮੀ ਖੇਡ ਟੂਰਨਾਮੈਂਟਾਂ ਦੇ ਖੇਡ ਪ੍ਰਬੰਧਕ ਵੀ ਹਰ ਮੈਚ ’ਚ ਉਮਦਾ ਖੇਡ ਦਾ ਮੁਜ਼ਾਹਰਾ ਕਰਨ ਵਾਲੇ ਖਿਡਾਰੀ ਨੂੰ ‘ਮੈਨ ਆਫ ਦਿ ਮੈਚ’ ਦੇ ਖੇਡ ਪੁਰਸਕਾਰ ਦੇਣ ਦੇ ਖੇਡ ਫੈਸਲੇ ’ਤੇ ਪਹਿਰਾ ਦੇ ਰਹੇ ਹਨ।


ਹਰਨੂਰ ਸਿੰਘ ਮਨੌਲੀ (ਐਡਵੋਕੇਟ)
ਮੋਬਾਈਲ: 94171-82993
   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Great Striker of World Hickey Surinder Singh Sodhi