ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਨੇ ਆਈਪੀਐਲ ਦੀ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਦੀ ਦੁਸ਼ਮਣੀ ਨੂੰ ਬਿਲਕੁਲ ਭਾਰਤ-ਪਾਕਿਸਤਾਨ ਮੈਚ ਵਰਗਾ ਦੱਸਿਆ ਹੈ। ਆਈਪੀਐਲ ਵਿੱਚ ਇਨ੍ਹਾਂ ਦੋਵਾਂ ਟੀਮਾਂ ਲਈ ਖੇਡਣ ਵਾਲੇ ਟਰਬਨੇਟਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸੀਐਸਕੇ ਦੀ ਜਰਸੀ ਪਾਈ ਸੀ ਤਾਂ ਬਹੁਤ ਅਜੀਬ ਲਗਿਆ ਸੀ।
ਹਰਭਜਨ ਸਿੰਘ, ਜੋ ਇਕ ਦਹਾਕੇ ਤੋਂ ਮੁੰਬਈ ਇੰਡੀਅਨਜ਼ ਲਈ ਖੇਡੇ ਹਨ ਅਤੇ ਟੀਮ ਦੀ ਕਪਤਾਨੀ ਕੀਤੀ, ਸਾਲ 2018 ਵਿੱਚ ਚੇਨਈ ਸੁਪਰ ਕਿੰਗਜ਼ ਵਿੱਚ ਸ਼ਾਮਲ ਹੋਏ। ਹਰਭਜਨ ਸਿੰਘ ਨੇ ਸੀਐਸਕੇ ਨਾਲ ਇੰਸਟਾਗ੍ਰਾਮ 'ਤੇ ਲਾਈਵ ਚੈਟਿੰਗ ਕਰਦਿਆਂ ਕਿਹਾ ਹੈ ਕਿ ਪਹਿਲੀ ਵਾਰ ਇਹ ਅਜੀਬ ਸੀ। ਮੈਂ ਸੋਚਿਆ ਇਹ ਕੀ ਹੈ? ਕੀ ਇਹ ਇਕ ਸੁਪਨਾ ਹੈ?
ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਚੇਨਈ ਖ਼ਿਲਾਫ਼ ਖੇਡਦੇ ਹੁੰਦੇ ਸੀ ਤਾਂ ਹਮੇਸ਼ਾਂ ਇਹ ਭਾਵਨਾ ਰਹਿੰਦੀ ਸੀ ਕਿ ਅਸੀਂ ਭਾਰਤ-ਪਾਕਿਸਤਾਨ ਮੈਚ ਖੇਡ ਰਹੇ ਹਾਂ। ਉਹ ਮੁਕਾਬਲਾ ਹਮੇਸ਼ਾਂ ਮੁਸ਼ਕਲ ਹੁੰਦਾ ਸੀ ਤੇ ਫਿਰ ਅਚਾਨਕ 2018 ਵਿੱਚ ਮੈਂ ਇੱਕ ਪੀਲੀ ਜਰਸੀ ਪਾਈ ਸੀ ਪਰ ਨੀਲਾ ਨਹੀਂ ਜੋ ਮੇਰੇ ਲਈ ਮੁਸ਼ਕਲ ਸੀ। ਇਸਦੀ ਆਦਤ ਪਾਉਣਾ ਬਹੁਤ ਮੁਸ਼ਕਲ ਸੀ।
ਭੱਜੀ ਨੇ ਅੱਗੇ ਕਿਹਾ ਕਿ ਖੁਸ਼ਕਿਸਮਤੀ ਨਾਲ ਅਸੀਂ ਆਪਣਾ ਪਹਿਲਾ ਮੈਚ ਮੁੰਬਈ ਖਿਲਾਫ ਖੇਡਿਆ। ਮੈਨੂੰ ਲੱਗਦਾ ਸੀ ਕਿ ਜੇ ਅਸੀਂ ਇਸ ਮੈਚ ਨੂੰ ਜਲਦੀ ਖਤਮ ਕਰਦੇ ਹਾਂ ਤਾਂ ਇਹ ਬਿਹਤਰ ਹੋਵੇਗਾ। ਅਸੀਂ ਇਸ ਤੋਂ ਬਾਅਦ ਟੂਰਨਾਮੈਂਟ ਜਿੱਤਿਆ। ਉਸਦੇ ਹਿਸਾਬ ਨਾਲ ਦੂਜਾ ਸੀਜ਼ਨ ਪਹਿਲੇ ਨਾਲੋਂ ਬਹੁਤ ਵਧੀਆ ਸੀ।