ਸਟਾਰ ਫਾਰਵਰਡ ਰਾਣੀ ਰਾਮਪਾਲ ਨੂੰ ਸ਼ੁੱਕਰਵਾਰ ਨੂੰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਿਹੜੀ ਕਿ 27 ਸਤੰਬਰ ਤੋਂ ਮਾਰਲੋ ਚ ਸ਼ੁਰੂ ਹੋਣ ਜਾ ਰਹੀ ਪੰਜ ਮੈਚਾਂ ਦੀ ਲੜੀ ਚ ਇੰਗਲੈਂਡ ਨਾਲ ਭਿੜੇਗੀ।
ਇਹ ਲੜੀ 27 ਸਤੰਬਰ ਤੋਂ 4 ਅਕਤੂਬਰ ਤੱਕ ਖੇਡੀ ਜਾਵੇਗੀ ਤੇ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। ਸਵਿਤਾ ਅਤੇ ਰਜਨੀ ਇਤੀਮਾਰਪੂ ਨੇ ਹਾਲ ਹੀ ਚ ਜਪਾਨ ਚ ਓਲੰਪਿਕ ਟੈਸਟ ਮੁਕਾਬਲੇ ਚ ਟੀਮ ਦੀ ਜਿੱਤ ਤੋਂ ਬਾਅਦ ਟੀਮ ਚ ਆਪਣੀ ਥਾਂ ਬਣਾ ਰੱਖੀ ਹੈ। ਡਿਫੈਂਡਰਸ ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਖਰ ਅਤੇ ਸਲੀਮਾ ਟੇਟੇ ਵੀ ਟੀਮ ਚ ਹਨ।
ਹਾਕੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿਡਫੀਲਡ ਵਿੱਚ ਮਸ਼ਹੂਰ ਨਮਿਤਾ ਟਾਪਪੋ ਦੀ ਵਾਪਸੀ ਹੋਈ ਹੈ ਜੋ ਸੱਟ ਕਾਰਨ ਬਾਹਰ ਹੋ ਗਈ ਸੀ। ਇੰਡੀਅਨ ਮਿਡਫੀਲਡ ਚ ਮਸ਼ਹੂਰ ਖਿਡਾਰੀ ਸੁਸ਼ੀਲਾ ਚਾਨੂ ਪੁਖਾਰਾਬੰਮ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ ਅਤੇ ਲੀਲੀਮਾ ਮਿੰਜ ਸ਼ਾਮਲ ਹਨ।
ਮੁੱਖ ਕੋਚ ਸ਼ੌਰਡ ਮਾਰਿਨ ਨੇ ਕਿਹਾ, ‘ਸਾਡੀ ਟੀਮ ਚ ਖਿਡਾਰੀਆਂ ਦਾ ਸੰਤੁਲਨ ਪਿਛਲੇ ਟੂਰਨਾਮੈਂਟ ਵਾਂਗ ਹੀ ਹੈ ਕਿਉਂਕਿ ਅਸੀਂ ਟੋਕਿਓ ਓਲੰਪਿਕ 2020 ਲਈ ਕੁਆਲੀਫਾਈ ਕਰਨ ਦੇ ਅਹਿਮ ਪੜਾਅ ਚ ਹਾਂ।
ਉਨ੍ਹਾਂ ਕਿਹਾ ਕਿ ਇਹ ਦੌਰਾ ਟੀਮ ਨੂੰ ਓਡੀਸ਼ਾ ਚ ਹੋਣ ਵਾਲੇ ਐਫਆਈਐੱਚ ਹਾਕੀ ਓਲੰਪਿਕ ਕੁਆਲੀਫਾਇਰ ਚ ਅਮਰੀਕਾ ਦਾ ਮੁਕਾਬਲਾ ਕਰਨ ਲਈ ਤਿਆਰ ਕਰਨ ਵਿੱਚ ਮਦਦ ਕਰੇਗਾ।
ਭਾਰਤੀ ਟੀਮ ਇਸ ਪ੍ਰਕਾਰ ਹੈ:
ਗੋਲਕੀਪਰਜ਼: ਸਵਿਤਾ (ਉਪ ਕਪਤਾਨ), ਰਜਨੀ ਇਤੀਮਾਰਪੂ।
ਡਿਫੈਂਡਰ: ਦੀਪ ਗਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਖਰ, ਸਲੀਮਾ ਟੇਟੇ।
ਮਿਡਫੀਲਡਰ: ਸੁਸ਼ੀਲਾ ਚਾਨੂ ਪੁਕਰਮਬੌਮ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲੀਮਾ ਮਿੰਜ, ਨਮਿਤਾ ਟੋਪਪੋ।
ਫਾਰਵਰਡ: ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮੀਲਾ ਦੇਵੀ।
.