ਹਾਕੀ ਇੰਡੀਆ (ਐਚਆਈ) ਨੇ ਬੁੱਧਵਾਰ ਨੂੰ ਤਜਰਬੇਕਾਰ ਗੋਲਕੀਪਰ ਪੀ ਆਰ ਸ੍ਰੀਜੇਸ਼ ਦਾ ਨਾਮ ਦੇਸ਼ ਦੇ ਸਰਬੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਨਾਮਜ਼ਦ ਕੀਤਾ ਹੈ। ਐਚਆਈ ਨੇ ਸ੍ਰੀਜੇਸ਼ ਦੇ ਨਾਲ ਨਾਲ ਇਸ ਸਾਲ ਦੇ ਅਰਜੁਨ ਪੁਰਸਕਾਰ, ਮੇਜਰ ਧਿਆਨਚੰਦ ਐਵਾਰਡ ਅਤੇ ਦ੍ਰੋਣਾਚਾਰਿਆ ਐਵਾਰਡ ਲਈ ਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਅਰਜੁਨ ਐਵਾਰਡ ਲਈ ਚਿੰਗਲੇਨਸਾਨਾ ਸਿੰਘ, ਆਕਾਸ਼ਦੀਪ ਸਿੰਘ ਅਤੇ ਮਹਿਲਾ ਟੀਮ ਤੋਂ ਦੀਪਿਕਾ ਠਾਕੁਰ ਦਾ ਨਾਮ ਖੇਡ ਮੰਤਰਾਲੇ ਨੂੰ ਭੇਜਿਆ ਗਿਆ ਹੈ। ਇਸੇ ਤਰ੍ਹਾਂ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਦਿੱਤੇ ਜਾਣ ਵਾਲੇ ਮੇਜਰ ਧਿਆਨ ਚੰਦ ਐਵਾਰਡ ਲਈ ਡਾ. ਆਰ ਪੀ ਸਿੰਘ ਅਤੇ ਸੰਦੀਪ ਕੌਰ ਦਾ ਨਾਮ ਭੇਜਿਆ ਗਿਆ ਹੈ।
ਦ੍ਰੋਣਾਚਾਰਿਆ ਐਵਾਰਡ ਲਈ ਐਚਆਈ ਨੇ ਬਲਜੀਤ ਸਿੰਘ, ਬੀਐਸ ਚੌਹਾਨ ਅਤੇ ਰੋਮੇਸ਼ ਪਠਾਣੀਆ ਦਾ ਨਾਮ ਅੱਗੇ ਭੇਜਿਆ ਹੈ। 29 ਅਗੱਸਤ ਨੂੰ ਰਾਸ਼ਟਰਪਤੀ ਭਵਨ ਵਿਚ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ। ਦੇਸ਼ ਦੇ ਹੋਰ ਖੇਡ ਸੰਘ ਆਪਣੇ ਵੱਲੋਂ ਇਨ੍ਹਾਂ ਐਵਾਰਡਾਂ ਲਈ ਨਾਵਾਂ ਦੀ ਸਿਫਾਰਸ਼ਾਂ ਕਰਦੇ ਹਨ।
.