ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਕੀ ਓਲੰਪੀਅਨ ਤੇ ਨੈਸ਼ਨਲ ਕੋਚ ਰਾਜਿੰਦਰ ਸਿੰਘ ਸੀਨੀਅਰ

ਹਾਕੀ ਓਲੰਪੀਅਨ ਤੇ ਨੈਸ਼ਨਲ ਕੋਚ ਰਾਜਿੰਦਰ ਸਿੰਘ ਸੀਨੀਅਰ

ਹਾਕੀ ਖੇਡਣ ਵਾਲੇ ਬਲਬੀਰਾਂ ਅਤੇ ਬਲਜੀਤਾਂ ਵਾਂਗ ਇਕੋ ਸਮੇਂ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਦੋ ਰਾਜਿੰਦਰ ਹਾਕੀ ਦੇ ਮੈਦਾਨ ’ਚ ਨਿੱਤਰੇ। ਇਕੋ ਨਾਮ ਹੋਣ ਕਰਕੇ ਮੈਦਾਨ ’ਚ ਖੇਡਣ ਸਮੇਂ ਇਨ੍ਹਾਂ ਦੀ ਪਹਿਚਾਣ ਲਈ ਇਕ ਦੇ ਨਾਲ ਰਾਜਿੰਦਰ ਸਿੰਘ ਸੀਨੀਅਰ ਅਤੇ ਦੂਜੇ ਨੂੰ ਰਾਜਿੰਦਰ ਸਿੰਘ ਜੂਨੀਅਰ ਕਰਕੇ ਜਾਣਿਆ ਗਿਆ। ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਦੀ ਭਾਰਤੀ ਹਾਕੀ ਨੂੰ ਦਿੱਤੀ ਲਾਸਾਨੀ ਦੇਣ ’ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਸੱਚਮੁੱਚ ਹੀ ਦੇਸ਼ ਦੀ ਹਾਕੀ ਦਾ ਮੁਜੱਸਮਾ ਸੀ।

 

 

ਰਾਜਿੰਦਰ ਸੀਨੀਅਰ ਦਾ ਜਨਮ ਜਨਵਰੀ 7, 1958 ਨੂੰ ਮਾਤਾ ਲੇਟ ਭਗਵੰਤ ਕੋਰ ਦੀ ਕੁੱਖੋਂ ਗੁਰੂ ਕੀ ਨਗਰੀ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਕਰਲੀ ’ਚ ਸਵਰਗੀ ਸ. ਬਲਵੰਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਰਾਜਿੰਦਰ ਸਿੰਘ ਨੇ ਹਾਕੀ ਖੇਡਣ ਦੀ ਸ਼ੁਰੂਆਤ ਬਰਜਿੰਦਰਾ ਕਰਲਜ ’ਚ ਪੜ੍ਹਦਿਆਂ ਕੀਤੀ। ਇਥੋਂ ਹਾਕੀ ਖੇਡਣ ਧਾਰ ਤਿੱਖੀ ਕਰਨ ਸਾਰ ਹੀ ਉਸ ਕਾਲਜ ਦੀ ਟੀਮ ਵਲੋਂ ਇੰਟਰ ’ਵਰਸਿਟੀ ਖੇਡਣ ਦਾ ਮੌਕਾ ਮਿਲਿਆ। ਉਸ ਦੀ ਕਪਤਾਨੀ ’ਚ 1976 ’ਚ ਪੰਜਾਬੀ ਯੂਨੀਵਰਸਿਟੀ ਦੀ ਹਾਕੀ ਟੀਮ ਨੇ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ।

 

 

ਇਸ ਜਿੱਤ ਤੋਂ ਬਾਅਦ ਰਾਜਿੰਦਰ ਸਿੰਘ ਸੀਨੀਅਰ ਦੀ ਹਾਕੀ ਦਾ ਖੇਡ ਸਿਤਾਰਾ ਇਸ ਕਦਰ ਚਮਕਿਆ ਕਿ ਚੋਣਕਾਰਾਂ ਉਸ ਦੀ ਚੋਣ ਕੌਮੀ ਹਾਕੀ ਖੇਡਣ ਵਾਲੀ ਆਲ ਇੰਡੀਆ ’ਵਰਸਿਟੀ ਦੀ ਹਾਕੀ ਟੀਮ ’ਚ ਖੇਡਣ ਲਈ ਕਰਨੀ ਪਈ। ਕੰਬਾਇੰਡ ’ਵਰਸਿਟੀ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਰਾਜਿੰਦਰ ਸੀਨੀਅਰ ਨੇ 1977 ’ਚ ਕੌਮੀ ਹਾਕੀ ਵੱਡੇ ਹਾਕੀ ਟੂਰਨਾਮੈਂਟਾਂ ਨਹਿਰੂ ਹਾਕੀ ਮੁਕਾਬਲਾ ਨਵੀਂ ਦਿੱਲੀ, ਬੇਟਨ ਹਾਕੀ ਕੱਪ ਕਲਕੱਤਾ, ਰੋਪੜ ਹਾਕਸ, ਲਿਬਰਲ ਹਾਕੀ ਟੂਰਨਾਮੈਂਟ ਨਾਭਾ, ਲਾਲ ਬਹਾਦਰ ਸ਼ਾਸਤਰੀ ਹਾਕੀ ਮੁਕਾਬਲਾ, ਆਗਾ ਖਾਂ ਹਾਕੀ ਆਦਿ ਖੇਡਣ ਦਾ ਮੌਕਾ ਨਸੀਬ ਹੋਇਆ।

 

 

      ਰਾਜਿੰਦਰ ਸੀਨੀਅਰ ਨੂੰ ਹਾਕੀ ਖੇਡਣ ਦੀ ਗੁੜਤੀ ਪਰਿਵਾਰ ਤੋਂ ਮਿਲੀ। ਉਸ ਦਾ ਵੱਡਾ ਭਰਾ ਜਸਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਹਿਲਾਂ ਕੰਬਾਇੰਡ ’ਵਰਸਿਟੀ ਖੇਡਿਆ ਅਤੇ ਬਾਅਦ ’ਚ ਕੰਬਾਇੰਡ ਯੂਨੀਵਰਸਿਟੀ ਦੀ ਹਾਕੀ ਟੀਮ ਵਲੋਂ ਰਾਸ਼ਟਰੀ ਹਾਕੀ ਖੇਡਣ ਲਈ ਮੈਦਾਨ ’ਚ ਉਤਰਿਆ। ਨੈਸ਼ਨਲ ਹਾਕੀ ’ਚ ਲੰਮਾ ਸਮਾਂ ਰੇਲਵੇ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਰਾਜਿੰਦਰ ਸੀਨੀਅਰ ਨੂੰ 1980 ’ਚ ਕਪਤਾਨ ਵੀ ਭਾਸਕਰਨ ਦੀ ਅਗਵਾਈ ’ਚ ਮਾਸਕੋ ਓਲੰਪਿਕ-1980 ਦੀ ਹਾਕੀ ਖੇਡਣ ਦਾ ਮੌਕਾ ਨਸੀਬ ਹੋਇਆ। ਹਿੰਦ ਦੀ ਹਾਕੀ ਟੀਮ ਨੇ ਜਿਥੇ ਓਲੰਪਿਕ ਹਾਕੀ ਦੇ ਫਾਈਨਲ ’ਚ ਸਪੇਨ ਨੂੰ ਹਰਾ ਕੇ ਦੇਸ਼ ਲਈ ਹਾਕੀ ’ਚ ਅੱਠਵਾਂ ਸੋਨ ਤਗਮਾ ਜਿੱਤਿਆ ਉਥੇ ਰਾਜਿੰਦਰ ਸਿੰਘ ਦੀ ਪਿੱਠ ’ਤੇ ਓਲੰਪੀਅਨ ਹਾਕੀ ਖਿਡਾਰੀ ਦੀ ਮੋਹਰ ਲੱਗੀ।

 

 

ਮਾਸਕੋ ਓਲੰਪਿਕ ਤੋਂ ਬਾਅਦ ਰਾਜਿੰਦਰ ਸਿੰਘ ਦੀ ਖੇਡ ਕਾਬਲੀਅਤ ਨੂੰ ਵੇਖਦਿਆਂ ਹਾਕੀ ਚੋਣਕਾਰਾਂ ਨੇ ਉਸ ਦੀ ਸਿਲੈਕਸ਼ਨ ਕਪਤਾਨ ਸੁਰਜੀਤ ਸਿੰਘ ਦੀ ਕਮਾਨ ’ਚ ਆਪਣੇ ਘਰੇਲੂ ਮੈੈਦਾਨ ’ਤੇ ਮੁੰਬਈ-1981-82 ਦਾ ਆਲਮੀ ਹਾਕੀ ਕੱਪ ਖੇਡਣ ਲਈ ਕੀਤੀ। ਆਪਣੇ ਲੋਕਲ ਦਰਸ਼ਕਾਂ ਸਾਹਵੇਂ ਭਾਵੇਂ ਮੇਜ਼ਬਾਨ ਭਾਰਤੀ ਟੀਮ ਪੰਜਵਾਂ ਰੈਂਕ ਹੀ ਹਾਸਲ ਕਰ ਸਕੀ ਪਰ ਰਾਜਿੰਦਰ ਸੀਨੀਅਰ ਨੇ ਹਾਕੀ ਚੋਣ ਕਮੇਟੀ ਦੇ ਫੈਸਲੇ ’ਤੇ ਖਰਾ ਉਤਰਦਿਆਂ ਆਲਮੀ ਹਾਕੀ ਟੂਰਨਾਮੈਂਟ ’ਚ 13 ਗੋਲ ਕਰਕੇ ‘ਟਾਪ ਸਕੋਰਰ’ ਦਾ ਪਾਏਦਾਨ ਹਾਸਲ ਕੀਤਾ। ਦੇਸ਼ ਦੀ ਕੌਮੀ ਰਾਜਧਾਨੀ ’ਚ ਸਥਿਤ ਜਵਾਹਰ ਲਾਲ ਨਹਿਰੂ ਨੈਸ਼ਨਲ ਹਾਕੀ ਸਟੇਡੀਅਮ ਦੇ ਮੈਦਾਨ ’ਚ ਰਾਜਿੰਦਰ ਸਿੰਘ ਨੂੰ ਨਵੀਂ ਦਿੱਲੀ-1982 ਏਸ਼ੀਅਨ ਹਾਕੀ ਖੇਡਣ ਦਾ ਸੁਭਾਗ ਹਾਸਲ ਹੋਇਆ ਪਰ ਮੇਜ਼ਬਾਨ ਭਾਰਤੀ ਹਾਕੀ ਟੀਮ ਮਹਿਮਾਨ ਪਾਕਿਸਤਾਨੀ ਟੀਮ ਤੋਂ ਫਾਈਨਲ ਹਾਰਨ ਸਦਕਾ ਚਾਦੀ ਦਾ ਮੈਡਲ ਹੀ ਹਾਸਲ ਕਰ ਸਕੀ।

 

 

ਕੌਮਾਂਤਰੀ ਹਾਕੀ ਦੇ ਹੋਰ ਵੱਡੇ ਹਾਕੀ ਟੂਰਨਾਮੈਂਟਸ ਖੇਡਣ ’ਚ ਰਾਜਿੰਦਰ ਸੀਨੀਅਰ ਨੇ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਮੋਹਰੀ ਖੇਡ ਰੇਲ ਅਦਾ ਕੀਤਾ। 1982 ’ਚ ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਖੇਡੇ ਗਏ ਏਸ਼ੀਆ ਹਾਕੀ ਕੱਪ ’ਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ ਹਰਾ ਕੇ ਚਾਂਦੀ ਦਾ ਕੱਪ ਜਿੱਤਿਆ। ਮੇਜ਼ਬਾਨ ਪਾਕਿਸਤਾਨੀ ਟੀਮ ਤੋਂ 5-4 ਗੋਲ ਅੰਤਰ ਨਾਲ ਜਿੱਤੇ ਮੈਚ ’ਚ ਰਾਜਿੰਦਰ ਸੀਨੀਅਰ ਨੂੰ ਹੈਟਰਿੱਕ ਲਾਉਣ ਦਾ ਮਾਣ ਹਾਸਲ ਹੋਇਆ। ਉਸ ਦੀ ਪੈਨਲਟੀ ਕਾਰਨਰ ਹਿੱਟ ’ਚ ਲੋਹੜੇ ਦੀ ਤਾਕਤ ਸੀ। ਇਸੇ ਹਾਕੀ ਮੁਕਾਬਲੇ ’ਚ ਰਾਜਿੰਦਰ ਸੀਨੀਅਰ ਵਲੋਂ ਲਏ ਗਏ ਪੈਨਲਟੀ ਕਾਰਨਰ ਸਮੇਂ ਜਦੋਂ ਗੋਲ ਪੋਸਟ ਤੋਂ ਪਾਕਿਸਤਾਨੀ ਸਟਰਾਈਕਰ ਕਲੀਮਉਲਾ ਖਾਨ ਬਾਲ ਰੋਕਣ ਲਈ ਅੱਗੇ ਵਧਿਆ ਤਾਂ ਗੇਂਦ ਲੱਗਣ ਨਾਲ ਉਸ ਦੀ ਬਾਂਹ ਕਈ ਫਰੈਕਚਰ ਆ ਗਏੇ। ਐਮਸਤਲਵੀਨ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ ’ਚ ਰਾਜਿੰਦਰ ਸਿੰਘ ਸੀਨੀਅਰ ਦੀ ਨੁਮਾਇੰਦਗੀ ਵਾਲੀ ਕੌਮੀ ਹਾਕੀ ਟੀਮ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਓਲੰਪੀਅਨ ਤੇ ਨੈਸ਼ਨਲ ਕੋਚ ਰਾਜਿੰਦਰ ਸਿੰਘ ਸੀਨੀਅਰ

 

ਦੂਜੇ ਬਹੁਤੇ ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀਆਂ ਦੀ ਤਰ੍ਹਾਂ ਰਾਜਿੰਦਰ ਸਿੰਘ ਸੀਨੀਅਰ ਦਾ ਆਪਣੀ ਹਾਕੀ ਕਿੱਲੀ ’ਤੇ ਟੰਗਣ ਤੋਂ ਬਾਅਦ ਵੀ ਹਾਕੀ ਨਾਲੋਂ ਮੋਹ ਭੰਗ ਨਹੀਂ ਹੋਇਆ। ਉਸ ਨੇ ਹਾਕੀ ਦੀ ਦੂਜੀ ਪਾਰੀ ਨੂੰ ਇਕ ਕੋਚ ਵਜੋਂ ਸਵੀਕਾਰ ਕੀਤਾ। ਦੇੇਸ਼ ਦੇ ਹਾਕੀ ਸੰਘ ਵਲੋਂ ਉਸ ਨੂੰ ਦੋਵੇਂ ਸੀਨੀਅਰ ਅਤੇ ਜੂਨੀਅਰ ਹਾਕੀ ਟੀਮਾਂ ਨੂੰ  ਕੋਚਿੰਗ ਦੇਣ ਦੀ ਜ਼ਿੰਮੇਵਾਰੀ ਓਟੀ ਗਈ। ਰਾਜਿੰਦਰ ਸਿੰਘ ਕੋਚਿੰਗ ਦਿੱਤੀ ਸੀਨੀਅਰ ਹਾਕੀ ਟੀਮ ਨੇ ਪਹਿਲੀ ਹੱਲੇ ਹੀ ਕੁਆਲਾਲੰਪੁਰ-2000 ਦਾ ਏਸ਼ੀਆ ਹਾਕੀ ਕੱਪ ਜਿੱਤ ਕੇ ਦੇਸ਼ ਦੀ ਝੋਲੀ ਪਾਇਆ। ਉਸ ਦੇ ਇਸੇ ਸਿਰੜੀਪਣ ਦਾ ਸਿੱਟਾ ਰਿਹਾ ਕਿ ਮੁੱਖ ਕੋਚ ਰਾਜਿੰਦਰ ਸਿੰਘ ਵਲੋਂ ਖੇਡ ਸਿਖਲਾਈ ਸੈਸ਼ਨਾਂ ’ਚ  ਚੰਡੀ ਹੋਈ ਕੌਮੀ ਜੂਨੀਅਰ ਹਾਕੀ ਟੀਮ ਨੇ ਹਾਬਰਟ-2001 ਦੇ ਜੂਨੀਅਰ ਸੰਸਾਰ ਹਾਕੀ ਕੱਪ ਚੈਂਪੀਅਨ ਬਣ ਦੇਸ਼ ਦੇ ਹਾਕੀ ਪ੍ਰੇਮੀਆਂ ਨੂੰ ਜਿੱਤ ਨਾਲ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਕਪਤਾਨ ਗਗਨਅਜੀਤ ਸਿੰਘ ਦੀ ਕਮਾਨ ’ਚ ਜੂਨੀਅਰ ਟੀਮ ਨੇ ਅਰਜਨਟੀਨਾ ਨੂੰ ਫਾਈਨਲ ’ਚ ਹਰਾ ਕੇ ਹੁਣ ਤੱਕ ਦਾ ਪਲੇਠਾ ਜੂਨੀਅਰ ਵਿਸ਼ਵ ਹਾਕੀ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਮੁੱਖ ਕੋਚ ਰਾਜਿੰਦਰ ਸਿੰਘ ਤੋਂ ਸਿਖਲਾਈਯਾਫਤਾ ਸੀਨੀਅਰ ਹਾਕੀ ਟੀਮ ਨੇ ਆਪਣੀ ਮੇਜ਼ਬਾਨੀ ’ਚ ਹੈਦਰਾਬਾਦ ਵਿਖੇ ਹੋਈਆਂ ਐਫਰੋ ਏਸ਼ੀਅਨ ਖੇਡਾਂ ’ਚ ਪਾਕਿਸਤਾਨੀ ਹਾਕੀ ਟੀਮ ਨੂੰ ਫਾਈਨਲ ਮੈਚ ਮਾਤ ਦੇਂਦਿਆਂ ਚੈਂਪੀਅਨ ਬਣਨ ਦਾ ਜੱਸ ਖੱਟਿਆ।

 

 

ਸਮੇਂ-ਸਮੇਂ ’ਤੇ ਰਾਜਿੰਦਰ ਸੀਨੀਅਰ ਨੂੰ ਵੀ ਹਾਕੀ ਇੰਡੀਆ ਦੇ ਪ੍ਰਬੰਧਕਾਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋਣਾ ਪਿਆ ਪਰ ਧੰੁਨ ਦੇ ਪੱਕੇ ਇਸ ਹਾਕੀ ਓਲੰਪੀਅਨ ਅਤੇ ਕੋਚ ਨੇ ਕਦੇ ਹਾਰ ਨਾ ਮੰਨਦਿਆਂ ਸਭ ਕੁਝ ਆਪਣੇ ਪਿੰਡੇ ’ਤੇ ਹੰਢਾਦਿਆਂ ਸਿਰਫ ਤੇ ਸਿਰਫ ਹਾਕੀ ਦੇ ਭਲੇ ਬਾਰੇ ਹੀ ਸੋਚਿਆ। ਇਸੇ ਸੋਚ ’ਤੇ ਪਹਿਰਾ ਦੇਂਦਿਆਂ  ਰਾਜਿੰਦਰ ਸਿੰਘ ਸੀਨੀਅਰ ਚੰਡੀਗੜ੍ਹ ਦੀ ਹਾਕੀ ਅਕੈਡਮੀ ਦੇ ਮੁੰਡੇ-ਕੁੜੀਆਂ ਨੂੰ ਖੇਡ ਸਿਖਲਾਈ ਦੇਂਦਾ ਰਿਹਾ। ਯੂਟੀ ਦੀ ਇਸ ਹਾਕੀ ਅਕੈਡਮੀ ਨੂੰ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਵਲੋਂ 2008 ਤੋਂ ਨਿਰਵਿਘਨ ਹਾਕੀ ਸਿਖਲਾਈ ਪ੍ਰਦਾਨ ਕਰਨ ਤੋਂ ਬਾਅਦ ਅੱਜ-ਕੱਲ ਰਾਜਿੰਦਰ ਸਿੰਘ ਸੀਨੀਅਰ ਐਨਆਈਐਸ ਪਟਿਆਲਾ ’ਚ ਗਰਾਸ ਰੂਟ ’ਤੇ ਖਿਡਾਰੀਆਂ ਨੂੰ ਹਾਕੀ ਟਰੇਨਿੰਗ ਦੇਣ ’ਚ ਮਗਨ ਰਹਿੰਦਾ ਹੈ। ਹਾਕੀ ਓਲੰਪੀਅਨ ਰਾਜਿੰਦਰ ਸਿੰਘ ਲਈ ਮਾਨ-ਸਨਮਾਨ ਪੱਖੋਂ ਪਿਤਰੀ ਰਾਜ ਪੰਜਾਬ ਨੇ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਅਤੇ ਕੇਂਦਰ ਸਰਕਾਰ ਵਲੋਂ ‘ਅਰਜੁਨਾ ਐਵਾਰਡ’ ਦਿੱਤਾ ਗਿਆ।

 

 

ਹੁਣ ਵੇਖਣਾ ਹੈ ਕਿ ਇਕ ਖਿਡਾਰੀ ਵਜੋਂ ਦੇਸ਼ ਦੀ ਹਾਕੀ ਟੀਮ ਨੂੰ ਮਾਸਕੋ-1980 ’ਚ ਵੀ. ਭਾਸਕਰਨ ਦੀ ਕਪਤਾਨੀ ’ਚ ਗੋਲਡ ਮੈਡਲ ਜਿਤਾਉਣ ਤੋਂ ਬਾਅਦ ਬਤੌਰ ਹਾਕੀ ਕੋਚ ਗਗਨਅਜੀਤ ਸਿੰਘ ਦੀ ਅਗਵਾਈ ਅਧੀਨ ਖੇਡਣ ਵਾਲੀ ਜੂਨੀਅਰ ਹਾਕੀ ਟੀਮ ਨੂੰ ਹੌਬਰਟ-2001 ਜੂਨੀਅਰ ਆਲਮੀ ਕੱਪ ’ਚ ਚੈਂਪੀਅਨ ਬਣਾਉਣ ਵਾਲੇ ਰਾਜਿੰਦਰ ਸਿੰਘ ਸੀਨੀਅਰ ਦੀ ਖੇਡ ਮੰਤਰਾਲੇ ਅਤੇ ਕੇਂਦਰੀ ਖੇਡ ਵਿਭਾਗ ਨਵੀਂ ਦਿੱਲੀ ਵਲੋਂ ‘ਪਦਮਸ਼੍ਰੀ ਐਵਾਰਡ’ ਨਾਲ ਕਦੋਂ ਸਨਮਾਨਿਆ ਜਾਵੇਗਾ ਜਾਂ ਦੇਸ਼ ਦੀ ਹਾਕੀ ਦੇ ਇਸ ਹੀਰੋ ਅਤੇ ਹੀਰੇ ਲਈ ਅੰਗੂਰ ਕਦੋਂ ਤੱਕ ਖੱਟੇ ਰਹਿਣਗੇ।

 

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hockey Olympian and National Coach Rajinder Singh Senior