ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਦੀ ਖੇਡ ’ਚ ਭਾਵੇਂ ਪਿਤਾ ਦੀ ਹਾਕੀ ਜਿੰਨੀ ਖੁਸ਼ਖਤੀ ਨਹੀਂ ਸੀ ਪਰ ਪਿਤਾ ਤੋਂ ਇਲਾਵਾ ਆਪਣੇ ਓਲੰਪੀਅਨ ਚਾਚਾ ਰੂਪ ਸਿੰਘ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਉਸ ਨੇ ਆਪਣੀ ਖੇਡ ਪਾਰੀ ਰੂਹ ਮਨ ਨਾਲ ਖੇਡ ਕੇ ਹਾਕੀ ਦੀ ਉਸ ਬੁੱਝ ਰਹੀ ਝਿੰਗਾੜੀ ਨੂੰ ਜ਼ਰੂਰ ਰੌਸ਼ਨ ਕਰਨ ਦਾ ਹੀਆ ਕੀਤਾ ਹੈ, ਜਿਸ ਹਾਕੀ ਦੇ ਖਸਤਾ ਹਾਲ ਦੀਆਂ ਗੱਲਾਂ ਅੱਜ ਵੀ ਹਾਕੀ ਦੇ ਹਮਦਰਦਾਂ ਦੀਆਂ ਖੇਡ ਸੱਥਾਂ ’ਚ ਆਮ ਹੁੰਦੀਆਂ ਹਨ। ਇਕ ਨਖਰੇਖੋਰ ਪਰ ਨਾਲ ਹੀ ਰੱਜ ਕੇ ਭਲਾਮਾਨਸ ਮੰਨਿਆ ਜਾਂਦਾ ਅਸ਼ੋਕ ਕੁਮਾਰ ਹੁਰੀਂ ਸੱਤ ਭਰਾ ਸਨ, ਜਿਨਾਂ ’ਚੋਂ ਛੇ ਹਾਕੀ ਚੁੱਕ ਖੇਡ ਮੈਦਾਨ ਦੇ ਲੜ ਲੱਗੇ।
ਹਾਕੀ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਤੋਂ ਇਲਾਵਾ ਰਾਜ ਕੁਮਾਰ ਸਿੰਘ, ਵਰੇਂਦਰ ਸਿੰਘ ਜਿਥੇ ਕੌਮਾਂਤਰੀ ਹਾਕੀ ਦੇ ਮੁਕਾਮ ਤੱਕ ਪਹੁੰਚੇ ਉਥੇ ਉਮੇਸ਼ ਕੁਮਾਰ ਸਿੰਘ, ਦੇਵਿੰਦਰ ਸਿੰਘ ਤੇ ਬਿ੍ਰਜਮੋਹਨ ਸਿੰਘ ਨੇ ਨੈਸ਼ਨਲ ਹਾਕੀ ਦੇ ਮੈਦਾਨ ’ਚ ਚੰਗੀਆਂ ਖੇਡ ਲਕੀਰਾਂ ਵਾਹੀਆਂ ਹਨ। ਅਸ਼ੋਕ ਕੁਮਾਰ ਸਿੰਘ ਦਾ ਦਾਦਾ ਯੋਗੇਸ਼ਵਰ ਦੱਤ ਸਿੰਘ ਵੀ ਚੰਗਾ ਹਾਕੀ ਖਿਡਾਰੀ ਸੀ, ਜਿਸ ਨੇ ਲੰਮਾ ਸਮਾਂ ਫੌਜ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਤੋਂ ਬਾਅਦ ਪਿਤਾ ਧਿਆਨ ਚੰਦ ਤੇ ਚਾਚਾ ਰੂਪ ਸਿੰਘ ’ਤੇ ਓਲੰਪੀਅਨ ਖਿਡਾਰੀ ਬਣਨ ਦਾ ਮੋਹਰ ਲੱਗੀ ਜਦਕਿ ਇਕ ਚਾਚਾ ਮੂਲ ਸਿੰਘ ਰਾਸ਼ਟਰੀ ਹਾਕੀ ਦੇ ਮੈਦਾਨ ’ਚ ਕੁੱਦਿਆ। ਓਲੰਪੀਅਨ ਚਾਚੇ ਰੂਪ ਸਿੰਘ ਦੇ ਦੋਵੇਂ ਬੇਟਿਆਂ ਭਗਤ ਸਿੰਘ ਤੇ ਚੰਦਰਸ਼ੇਖਰ ਸਿੰਘ ਨੇ ਵੀ ਕੌਮਾਂਤਰੀ ਹਾਕੀ ਖੇਡ ਕੇ ਪਰਿਵਾਰ ਦੀ ਹਾਕੀ ਖੇਡਣ ਦੀ ਰਵਾਇਤ ਨੂੰ ਅੱਗੇ ਤੋਰਿਆ। ਇਥੇ ਹੀ ਬਸ ਨਹੀਂ ਧਿਆਨ ਚੰਦ ਸਿੰਘ ਦੀ ਦੋਹਤੀ ਤੇ ਅਸ਼ੋਕ ਕੁਮਾਰ ਸਿੰਘ ਦੀ ਭਾਣਜੀ ਨੇਹਾ ਸਿੰਘ ਨੇ ਵੀ ਮਹਿਲਾ ਹਾਕੀ ਟੀਮ ਲਈ ਕੌਮੀ ਤੇ ਕੌਮਾਂਤਰੀ ਮਹਿਲਾ ਟੀਮ ਵਲੋਂ ਖੇਡ ਕੇ ਪਰਿਵਾਰ ਦੀਆਂ ਹਾਕੀ ਨਾਲ ਲੱਗੀਆਂ ਜੜਾਂ ਨੂੰ ਹੋਰ ਪਕੇਰਾ ਕੀਤਾ।
ਓਲੰਪੀਅਨ ਅਸ਼ੋਕ ਕੁਮਾਰ ਦਾ ਮੰਨਦਾ ਹੈ ਕਿ ਉਸ ਨੇ ਬਜ਼ੁਰਗਾਂ ਵਲੋਂ ਹਾਕੀ ਖੇਡਣ ਦੀ ਪ੍ਰਤੀਬੱਧਤਾ ਕਰਕੇ ਹੀ ਦਿਲ ਨਾਲ ਖੇਡਣ ਲਈ ਮੈਦਾਨ ’ਚ ਕਦਮ ਧਰਿਆ। ਉਸ ਨੇ ਫਖਰ ਨਾਲ ਤਰਕ ਦਿੱਤਾ ਕਿ ਮੇਰੇ ਵੱਡਿਆਂ ਨੇ ਕੌਮੀ ਤੇ ਕੌਮਾਤਰੀ ਹਾਕੀ ਖੇਡ ਕੇ ਵੱਡੀ ਪੁਲਾਂਘ ਪੁੱਟੀ ਹੈ, ਜਿਸ ਦਾ ਨਿਉਂਦਾ ਮੋੜਨਾ ਅੱਜ ਦੇ ਖਿਡਾਰੀਆਂ ਲਈ ਵਸੋਂ ਬਾਹਰੀ ਗੱਲ ਹੈ। ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਅਸ਼ੋਕ ਕੁਮਾਰ ਦੇਸ਼ ਦੇ ਵਡੇਰੇ ਖੇਡ ਹਿੱਤਾਂ ਨੂੰ ਮੁੱਖ ਰੱਖ ਕੇ ਹਾਕੀ ਖੇਡਿਆ। ਉਸ ਦਾ ਹਾਕੀ ਖੇਡ ਨਾਲ ਅੰਤਾਂ ਦਾ ਲਗਾਅ ਸੀ, ਜਿਸ ਕਰਕੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਵੀ ਹਾਕੀ ਖੇਡਣੋਂ ਉਸ ਦਾ ਕਦੇ ਵੀ ਮੋਹ ਭੰਗ ਨਹੀਂ ਹੋਇਆ। ਉਸ ਦੀ ਕਲਾਤਮਕ ਖੇਡ ਦੀ ਇਕ ਖਾਸੀਅਤ ਇਹ ਸੀ ਕਿ ਖੇਡਦੇ ਸਮੇਂ ਮੈਦਾਨ ’ਚ ਉਸ ਨੇ ਆਪਣਾ ਮਨੋਬਲ ਹਮੇਸ਼ਾ ਚੜਦੀ ਕਲਾ ’ਚ ਰੱਖਿਆ। ਇਹੋ ਕਾਰਨ ਸਨ ਕਿ ਬਹੁਤੇ ਮੈਚਾਂ ’ਚ ਉਸ ਦੀ ਖੇਡ ਨਾਲ ਹਾਕੀ ਪ੍ਰੇਮੀਆਂ ਦੇ ਚਿਹਰਿਆਂ ’ਤੇ ਖੇੜੇ ਵੀ ਆਉਂਦੇ ਰਹੇ। ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ’ਚ 1975 ਦੇ ਵਿਸ਼ਵ ਹਾਕੀ ਕੱਪ ’ਚ ਫਾਈਨਲ ’ਚ ਪਾਕਿਸਤਾਨੀ ਟੀਮ ਵਿਰੁੱਧ ਨਿਰਣਾਇਕ ਜੇਤੂ ਗੋਲ ਦਾਗਣ ਕਰਕੇ ਉਹ ਹਾਕੀ ਦੇ ਪ੍ਰਸ਼ੰਸਕਾਂ ਦਾ ਚਹੇਤਾ ਖਿਡਾਰੀ ਵੀ ਬਣਿਆ। ਇਹ ਕਿਸਮਤ ਦੀ ਖੇਡ ਵੀ ਸੀ ਕਿ ਸੰਸਾਰ ਹਾਕੀ ਕੱਪ ਦੀ ਮਾਣਮੱਤੀ ਜਿੱਤ ਤੋਂ ਇਲਾਵਾ ਬਹੁਤੇ ਆਲਮੀ ਹਾਕੀ ਟੂਰਨਾਮੈਂਟਾਂ ’ਚ ਅਸ਼ੋਕ ਕੁਮਾਰ ਦੀ ਨੁਮਾਇੰਦਗੀ ਵਾਲੀ ਹਾਕੀ ਟੀਮ ਨੂੰ ਹਾਰਾਂ ਨਾਲ ਵੀ ਦੋ-ਚਾਰ ਹੋਣਾ ਪਿਆ। ਪਰ ਇਸ ਮਹਾਨ ਹਾਕੀ ਖਿਡਾਰੀ ਦੀ ਖੇਡ ਚਮਕ ਨੂੰ ਹਾਰਾਂ ਦੇ ਬੱਦਲ ਵੀ ਫਿੱਕਾ ਨਾ ਸਕੇ।
ਸੱਚ ਜਾਣੋ ਤਾਂ ਸਟਰਾਈਕਰ ਅਸ਼ੋਕ ਕੁਮਾਰ ਸਿੰਘ ਅਗਲੀ ਪਾਲ ਦਾ ਵਾਅ-ਵਰੋਲਾ ਰਿਹਾ, ਜਿਸ ਬਾਰੇ ਕਿਹਾ ਗਿਆ ਕਿ ਬਾਲ ਜਦੋਂ ਉਸ ਦੀ ਹਾਕੀ ’ਤੇ ਹੈ ਤਾਂ ਵਿਰੋਧੀ ਟੀਮ ’ਤੇ ਗੋਲ ਹੋਣ ਦੇ ਆਸਾਰ ਸੌ ਫੀਸਦੀ ਬਣ ਜਾਂਦੇ ਸਨ। ਇਸੇ ਜ਼ਾਹਿਰਾਨਾ ਖੇਡ ਸਦਕਾ ਉਸ ਦੀ ਹਾਕੀ ਖੇਡਣ ਦੇ ਜਜ਼ਬੇ ਦੀ ਕਸਤੂਰੀ ਮਹਿਕ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਫੈਲਦੀ ਰਹੀ। 1975 ਦੇ ਆਲਮੀ ਹਾਕੀ ਕੱਪ ਦੀ ਜਿੱਤ ਦਾ ਸਿਹਰਾ ਉਹ ਸਮੁੱਚੀ ਟੀਮ ਦੀ ਬੇਜੋੜ ਖੇਡ ਦੇ ਸਿਰ ਬੰਨਦਾ ਹੈ। ਖੇਡ ਜਿੱਤਾਂ ਤੋਂ ਬਿਨਾਂ ਉਹ ਹਾਕੀ ’ਚ ਮਿਲੀਆਂ ਹਾਰਾਂ ਦਾ ਖੁਲਾਸਾ ਕਰਦਾ ਕਹਿੰਦਾ ਹੈ ਕਿ ਹਰ ਸਮੇਂ ਹਾਰਨ ਨਾਲ ਭਾਵੇਂ ਹਾਕੀ ਦੇ ਦੀਵਾਨਿਆਂ ਦਾ ਕਲੇਜਾ ਸੱਲਿਆ ਜਾਂਦਾ ਹੈ ਪਰ ਹਾਰਾਂ ਨੂੰ ਕਬੂਲਣਾ ਵੀ ਖੇਡ ਦਾ ਇਕ ਪੱਖ ਹੁੰਦਾ ਹੈ। ਹਰ ਵਾਰ ਜਿੱਤਿਆ ਵੀ ਨਹੀਂ ਜਾ ਸਕਦਾ ਤੇ ਨਾ ਹੀ ਹਾਰਾਂ ਨੂੰ ਲਗਾਤਾਰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਉਸ ਦਾ ਤਰਕ ਹੈ ਕਿ ਅਸਲੀ ਖੇਡ ਤੱਥ ਬੜੇ ਰੌਚਕ ਹੋਣ ਦੇ ਨਾਲ-ਨਾਲ ਬਹੁਤ ਬੇਰਹਿਮ ਵੀ ਹੁੰਦੇ ਹਨ। ਇਸ ਲਈ ਕਈ ਬਾਰ ਮਾੜੇ ਸਮੇਂ ਤਾਂ ਇਨਸਾਨ ਦੀ ਪਰਛਾਈ ਵੀ ਸਾਥ ਛੱਡ ਜਾਂਦੀ ਹੈ ਜਦਕਿ ਖੇਡ ਮੈਦਾਨ ’ਚ ਆਪਣੇ ਆਪ ਨੂੰ ਰੁਸਤਮ ਸਿੱਧ ਕਰਨ ਲਈ ਵਿਰੋਧੀ ਖਿਡਾਰੀਆਂ ਨੂੰ ਖੂਨ-ਪਸੀਨਾ ਇਕ ਕਰਕੇ ਮਾਤ ਕਰਨ ਦਾ ਫੈਸਲਾ ਵੀ ਅਮਲ ’ਚ ਲਿਆਉਣਾ ਪੈਂਦਾ ਹੈ।
ਹਾਕੀ ਲਈ ਜਿੰਦ-ਜਾਨ ਨਿਛਾਵਰ ਕਰਨ ਵਾਲੇ ਓਲੰਪੀਅਨ ਅਸ਼ੋਕ ਕੁਮਾਰ ਦਾ ਜਨਮ 1 ਜੂਨ, 1950 ਨੂੰ ਯੂਪੀ ਦੇ ਸ਼ਹਿਰ ਮੇਰਠ ’ਚ ਹੋਇਆ। ਅਸ਼ੋਕ ਕੁਮਾਰ ਨੇ 6 ਸਾਲ ਦੀ ਨਿੱਕੀ ਉਮਰੇ ਯੂਪੀ ’ਚ ਸਕੂਲ ਪੜਦੇ ਹਾਕੀ ਖੇਡਣ ਦੇ ਗੁਰ ਸਿਖੇ। ਸਕੂਲੀ ਹਾਕੀ ਖੇਡਣ ਸਾਰ ਹੀ ਅਸ਼ੋਕ ਕੁਮਾਰ ਨੂੰ ਲਗਾਤਾਰ 4 ਸਾਲ ਉੱਤਰ ਪ੍ਰਦੇਸ਼ ਦੀ ਜੂਨੀਅਰ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਜੂਨੀਅਰ ਖਿਡਾਰੀ ਵਜੋਂ ਮੈਦਾਨ ’ਚ ਵਿਚਰਨ ਵਾਲਾ ਅਸ਼ੋਕ ਕੁਮਾਰ ਆਪਣੀ ਹਾਕੀ ਦਾ ਮਾਲਕ ਵੀ ਆਪ ਬਣਿਆ, ਜਿਸ ਸਦਕਾ ਹਰ ਪਾਸਿਉਂ ਉਸ ਨੂੰ ਪ੍ਰਸ਼ੰਸਾ ਦੇ ਬੋਲ ਸੁਣਨ ਨੂੰ ਮਿਲੇ। 1966-67 ’ਚ ਰਾਜਸਥਾਨ ਯੂਨੀਵਰਸਿਟੀ ਵਲੋਂ ਹਾਕੀ ਖੇਡਣ ਵਾਲੇ ਅਸ਼ੋਕ ਕੁਮਾਰ ਦੀ ਖੇਡ ਨੂੰ ਪ੍ਰਵਾਨ ਕਰਦਿਆਂ ’ਵਰਸਿਟੀ ਖੇਡ ਪ੍ਰਬੰਧਕਾਂ ਨੇ 1968-69 ’ਚ ਉਸ ਦੀ ਚੋਣ ਕੰਬਇੰਡ ’ਵਰਸਿਟੀ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਲਈ ਕੀਤੀ। ਉਸ ਸਮੇਂ ਦੇਸ਼ ’ਚ ਹਾਕੀ ਦੀ ਜੋਤ ਜਗਾਉਣ ਵਾਲੀ ਹਾਕੀ ਫੈਡਰੇਸ਼ਨ ਵਲੋਂ ’ਵਰਸਿਟੀ ਦੀ ਹਾਕੀ ਟੀਮ ਨੂੰ ਨੈਸ਼ਨਲ ਹਾਕੀ ਟੂਰਨਾਮੈਂਟ ਖੇਡਣ ’ਚ ਸ਼ਾਮਲ ਕਰਨ ਦਾ ਫੈਸਲਾ ਆਪਣੇ ਆਪ ’ਚ ਖਾਸ ਮਾਅਨੇ ਰੱਖਦਾ ਸੀ। ਇਸੇ ਕਾਰਨ ਗਰਾਸ ਰੂਟ ’ਤੇ ਹਾਕੀ ਖਿਡਾਰੀਆਂ ਨੂੰ ਜੂਨੀਅਰ ਤੇ ਸੀਨੀਅਰ ਹਾਕੀ ਟੀਮ ’ਚ ਜਾਣ ਦਾ ਰਾਹ ਖੁੱਲਦਾ ਸੀ।
ਕੰਬਾਇੰਡ ’ਵਰਸਿਟੀ ਵਲੋਂ ਖੇਡਣ ਲਈ ਪ੍ਰਮੋਟ ਹੋਏ ਅਸ਼ੋਕ ਕਮਾਰ ਨੂੰ ਕਲਕੱਤੇ ਦੇ ਮਸ਼ਹੂਰ ਹਾਕੀ ਕਲੱਬ ਮੋਹਨ ਬਾਗਾਨ ਨੇ ਆਪਣੀ ਹਾਕੀ ਟੀਮ ਵਲੋਂ ਖੇਡਣ ਲਈ ਨਾਮਜ਼ਦ ਕਰ ਲਿਆ। ਅਸ਼ੋਕ ਕੁਮਾਰ ਸਿੰਘ ਬੰਗਾਲ ਦੇ ਹਾਕੀ ਕਲੱਬ ਵਲੋਂ 1971 ’ਚ ਬੰਗਲੌਰ ’ਚ ਹੋਇਆ ਕੌਮੀ ਹਾਕੀ ਮੁਕਾਬਲਾ ਵੀ ਖੇਡਿਆ। ਨੈਸ਼ਨਲ ਹਾਕੀ ਟੂਰਨਾਮੈੈਂਟ ’ਚ ਅਸ਼ੋਕ ਕੁਮਾਰ ਦੀ ਖੇਡ ਦੀ ਧੂਮ ਮੱਚਣ ਕਰਕੇ ਇੰਡੀਅਨ ਏਅਰਲਾਈਨਜ਼ ਦੇ ਖੇਡ ਅਧਿਕਾਰੀਆਂ ਨੇ ਉਸ ਨੂੰ ‘ਸੀਨਂੀਅਰ ਫਲਾਈਟ ਅਫਸਰ’ ਦੇ ਅਹੁਦੇ ਨਾਲ ਨਿਵਾਜ ਕੇ ਆਪਣੀ ਹਾਕੀ ਟੀਮ ਦੇ ਜਥੇ ’ਚ ਸ਼ਾਮਲ ਕਰ ਲਿਆ। ਇਸ ਮਹਿਕਮੇ ਦੀ ਹਾਕੀ ਟੀਮ ਲਈ ਕੌਮੀ ਹਾਕੀ ਖੇਡਣ ਦੀ ਪਾਰੀ ਸਮਾਪਤ ਕਰਕੇ ਓਲੰਪੀਅਨ ਅਸ਼ੋਕ ਕੁਮਾਰ ਨੇ ਇੰਡੀਅਨ ਏਅਰਲਾਈਨਜ਼ ਨਾਲ ਅਜੇ ਤੱਕ ਵੀ ਬਤੌਰ ਖੇਡ ਮੈਨੇਜਰ, ਖਿਡਾਰੀਆਂ ਦੀ ਚੋਣ ਕਮੇਟੀ ਦੇ ਮੁਖੀ ਤੇ ਮੁੱਖ ਹਾਕੀ ਕੋਚ ਵਜੋਂ ਯਾਰੀ ਗੰਢੀ ਹੋਈ ਹੈ।
ਕੌਮੀ ਹਾਕੀ ਖੇਡਣ ਤੋਂ ਇਲਾਵਾ ਓਲੰਪਿਕ ਹਾਕੀ, ਏਸ਼ੀਆਈ ਹਾਕੀ ਤੇ ਸੰਸਾਰ ਹਾਕੀ ਕੱਪ ਦੇ ਮੈਦਾਨ ’ਚ ਲੰਮਾ ਸਮਾਂ ਹਾਜ਼ਰੀ ਭਰਨ ਵਾਲੇ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਦੀ ਖੇਡ ਸੂਚੀ ’ਚ ਸਿੰਗਾਪੁਰ-1971 ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਖੇਡਣ ਵੀ ਸ਼ਾਮਲ ਹੈ, ਜਿਸ ’ਚ ਉਸ ਨੇ ਆਪਣੀ ਸਤਰੰਗੀ ਖੇਡ ਦੇ ਨਜ਼ਾਰੇ ਪੇਸ਼ ਕਰਕੇ ਵਿਰੋਧੀ ਹਾਕੀ ਟੀਮਾਂ ਦਾ ਮੱਕੂ ਬੰਨੀ ਰੱਖਿਆ। ਆਸਟਰੇਲੀਆ ਦੇ ਸ਼ਹਿਰ ਪਰਥ ’ਚ 1979 ’ਚ ਹੋਏ ਇਸੰਡਾ ਹਾਕੀ ਮੁਕਾਬਲੇ ’ਚ ਭਰਤੀ ਟੀਮ ਦੇ ਕਪਤਾਨ ਅਸ਼ੋਕ ਕੁਮਾਰ ਸਿੰਘ ਨੂੰ 1974 ’ਚ ‘ਆਲ ਏਸ਼ੀਅਨ ਸਟਾਰਜ਼’ ਹਾਕੀ ਟੀਮ ਲਈ ਖੇਡਣ ਦਾ ਮਾਣ ਮਿਲਿਆ। ਇਸ ਤੋਂ ਇਲਾਵਾ ਕੌਮਾਂਤਰੀ ਹਾਕੀ ਚੋਣਕਾਰਾਂ ਵਲੋਂ ਓਲੰਪੀਅਨ ਅਸ਼ੋਕ ਕੁਮਾਰ ਨੂੰ ਦੋ ਵਾਰ ‘ਵਿਸ਼ਵ ਇਲੈਵਨ ਹਾਕੀ ਟੀਮ’ ਲਈ ਖੇਡਣ ਲਈ ਨਾਮਜ਼ਦ ਕੀਤਾ ਗਿਆ। ਭਾਰਤੀ ਹਾਕੀ ਦੇ ਕਰਤਿਆਂ ਨੇ ਵੀ ਅਸ਼ੋਕ ਕੁਮਾਰ ਦੀ ਖੇਡ ਦਾ ਮੁੱਲ ਤਾਰਦਿਆਂ ਉਸ ਨੂੰ ਕੌਮੀ ਹਾਕੀ ਟੀਮ ਦੀ ਸਿਲੈਕਸ਼ਨ ਕਮੇਟੀ ’ਚ ਮੈਂਬਰ ਨਿਯੁਕਤ ਕੀਤਾ ਗਿਆ।
ਖੇਡ ਮੈਦਾਨ ’ਚ ਸੱਪ ਵਾਂਗ ਮੇਲਣ ਵਾਲੇ ਅਸ਼ੋਕ ਕੁਮਾਰ ਦੀਆਂ ਹਾਕੀ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਕੇਂਦਰੀ ਖੇਡ ਮੰਤਰਾਲੇ ਵਲੋਂ 1974 ’ਚ ਉਸ ਨੂੰ ਖੇਡ ਪੁਰਸਕਾਰ ‘ਅਰਜੁਨਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਬੈਂਕਾਕ-1970, ਤਹਿਰਾਨ-1974 ਤੇ ਬੈਂਕਾਕ-1978 ਤਿੰਨ ਬਾਰ ਏਸ਼ਿਆਈ ਹਾਕੀ ’ਚ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਅਸ਼ੋਕ ਕੁਮਾਰ ਨੇ ਆਪਣੇ ਕੌਮਾਂਤਰੀ ਖੇਡ ਕਰੀਅਰ ਦਾ ਖਾਤਾ ਬੈਂਕਾਕ-1970 ਦਾ ਹਾਕੀ ਅਡੀਸ਼ਨ ਖੇਡ ਕੇ ਖੋਲਿਆ। ਤਿੰਨੇ ਹਾਕੀ ਅਡੀਸ਼ਨਾਂ ਦੇ ਫਾਈਨਲ ’ਚ ਭਾਰਤੀ ਹਾਕੀ ਟੀਮ ਨੂੰ ਪਾਕਿਸਤਾਨੀ ਹਾਕੀ ਟੀਮ ਤੋਂ ਹਾਰ ਝੇਲ ਕੇ ਚਾਂਦੀ ਦੇ ਮੈਡਲ ਨਾਲ ਸਬਰ ਕਰਨਾ ਪਿਆ। ਸੁਪਨਿਆਂ ’ਚ ਹਾਕੀ ਖੇਡਣ ਵਾਲੇ ਅਸ਼ੋਕ ਕੁਮਾਰ ਸਿੰਘ ਨੇ ਬਾਰਸੀਲੋਨਾ-1971, ਐਮਸਟਰਡਮ-1973, ਕੁਆਲਾਲੰਪੁਰ-1975 ਤੇ ਬਿਊਨਿਸ ਆਈਰਸ-1978 ਦੇ ਚਾਰ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟਾਂ ’ਚ ਹਾਕੀ ਟੀਮ ਦੀ ਨੁਮਾਇੰਦਗੀ ਕਰਕੇ ਆਪਣੇ ਖੇਡ ਰਿਕਾਰਡ ਨੂੰ ਆਲਮੀ ਹਾਕੀ ਦੇ ਪੰੰਨਿਆਂ ’ਚ ਦਰਜ ਕਰਵਾਇਆ। ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ’ਚ ਪਹਿਲੇ ਬਾਰਸੀਲੋਨਾ-1971 ਦੇ ਵਿਸ਼ਵ ਹਾਕੀ ਕੱਪ ’ਚ ਟੀਮ ਨੂੰ ਤਾਂਬੇ ਦਾ ਤਗਮਾ ਨਸੀਬ ਹੋਇਆ।
ਦੂਜੇ ਐਮਸਟਰਡਮ-1973 ਦੇ ਸੰਸਾਰ ਹਾਕੀ ਕੱਪ ’ਚ ਓਲੰਪੀਅਨ ਐਮ. ਪੀ. ਗਣੇਸ਼ ਦੀ ਕਪਤਾਨੀ ’ਚ ਟੀਮ ਨੇ ਚਾਂਦੀ ਦਾ ਹਾਕੀ ਕੱਪ ਜਿੱਤਿਆ। ਤੀਜੇ ਕੁਆਲਾਲੰਪੁਰ-1975 ਦੇ ਆਲਮੀ ਹਾਕੀ ਕੱਪ ’ਚ ਅਜੀਤਪਾਲ ਸਿੰਘ ਦੀ ਕਮਾਨ ’ਚ ਭਾਰਤੀ ਹਾਕੀ ਟੀਮ ਵਿਸ਼ਵ ਚੈਂਪੀਅਨ ਬਣੀ। ਜਦੋਂ ਹਾਕੀ ਟੀਮ ਨੇ ਪਹਿਲੀ ਤੇ ਆਖਰੀ ਵਾਰ ਜੱਗ ਦੀ ਹਾਕੀ ਦੀ ਜਿੱਤਣ ਦੀ ਬਾਜ਼ੀ ਮਾਰੀ ਤਾਂ ਉਦੋਂ ਫੁੱਲ ਬੈਕ ਸੁਰਜੀਤ ਸਿੰਘ ਦੇ ਸ਼ਾਨਦਾਰ ਕਰਾਸ ਤੋਂ ਮਿਲੀ ਬਾਲ ਨੂੰ ਅਸ਼ੋਕ ਕੁਮਾਰ ਸਿੰਘ ਨੇ ਗੋਲ ਦਾ ਰਸਤਾ ਵਿਖਾਇਆ। ਖੇਡ ਮੈਦਾਨ ’ਚ ਵਿਰੋਧੀ ਰੱਖਿਅਕਾਂ ਦੀਆਂ ਅੱਖਾਂ ’ਚ ਰੜਕਣ ਵਾਲੇ ਅਸ਼ੋਕ ਕੁਮਾਰ ਨੇ ਮਿਊਨਿਖ-1972 ਤੇ ਮਾਂਟੀਰੀਅਲ-1976 ਦੇ ਦੋ ਓਲੰਪਿਕ ਅਡੀਸ਼ਨ ਖੇਡ ਕੇ ਆਪਣੀ ਹਾਕੀ ਨਾਲ ਮੈਦਾਨ ’ਚ ਅਲੱਗ ਲਕੀਰਾਂ ਵਾਉਣ ਦਾ ਉਪਰਾਲਾ ਕੀਤਾ। ਮਿਊਨਿਖ-1972 ਓਲੰਪਿਕ ’ਚ ਹਰਮੀਕ ਸਿੰਘ ਦੀ ਕਮਾਂਡ ’ਚ ਟੀਮ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਜਦਕਿ ਮਾਂਟੀਰੀਅਲ-1976 ਦੀ ਓਲੰਪਿਕ ’ਚ ਦੇਸ਼ ਦੀ ਹਾਕੀ ਟੀਮ ਨੂੰ ਸੱਤਵਾਂ ਰੈਂਕ ਹਾਸਲ ਹੋਇਆ।
ਅਸ਼ੋਕ ਕੁਮਾਰ ਨੂੰ ਦਿੱਲੀ ’ਚ ਕਈ ਵਾਰ ਮਿਲਣ ਦਾ ਸਬੱਬ ਹਾਸਲ ਹੋਇਆ ਤੇ ਹਰ ਵਾਰ ਇਹੋ ਗੱਲ ਉਭਰ ਕੇ ਸਾਹਮਣੇ ਆਈ ਕਿ ਦੁਨੀਆਂ ਦੀ ਹਾਕੀ ਦਾ ਜਾਦੂਗਰ ਕਹੇ ਜਾਣ ਵਾਲੇ ਓਲੰਪੀਅਨ ਧਿਆਨ ਚੰਦ ਸਿੰਘ ਦੇ ਪੁੱਤਰ ਓਲੰਪੀਅਨ ਰੂਪ ਸਿੰਘ ਦੇ ਭਤੀਜੇ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਦਾ ਦਿਲ ਹਾਲੇ ਵੀ ਹਾਕੀ ਲਈ ਧੜਕਦਾ ਹੈ। ਉਸ ਦਾ ਮੰਨਣਾ ਹੈ ਕਿ ਮੈਦਾਨ ’ਚ ਗੋਲ ਲਈ ਬਣਾਏ ਹਰ ਖੇਡ ਮੂਵ ਪਿੱਛੇ 11 ਖਿਡਾਰੀਆਂ ਦੀ ਖੇਡ ਕਮਾਈ ਲੇਖੇ ਲੱਗੀ ਹੁੰਦੀ ਹੈ। ਇਸ ਲਈ ਮੀਡੀਆ ਵਲੋਂ ਹਰ ਸਮੇਂ ਸਕੋਰ ਕਰਨ ਵਾਲੇ ਖਿਡਾਰੀ ਨੂੰ ਹੀਰੋ ਵਜੋਂ ਪੇਸ਼ ਕਰਨਾ ਦੂਜੇ ਖਿਡਾਰੀਆਂ ਨਾਲ ਸਰਾਸਰ ਬੇਇਨਸਾਫੀ ਹੈੈ। ਿਕਟ ਪਿੱਛੇ ਭੱਜਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਉਸ ਦੀ ਇਹ ਸਲਾਹ ਹੈ ਕਿ ਨਿਰਾ-ਪੂਰਾ ਪੈਸਾ ਹੀ ਸਭ ਕੁਝ ਨਹੀਂ ਹੈ। ਦੇਸ਼ ਲਈ ਕੌਮੀ ਮਾਣ-ਸਨਮਾਨ ਇਹੋ ਹੈ ਕਿ ਹੋਰ ਖੇਡਾਂ ਵਿਚ ਵੀ ਜੇਤੂ ਸੁਪਨੇ ਸੱਚ ਕੀਤੇ ਜਾਣ। ਮੇਰੇ ਪਿਤਾ ਓਲੰਪੀਅਨ ਧਿਆਨ ਚੰਦ ਸਿੰਘ ਨੂੰ ਹਾਕੀ ਮੈਦਾਨ ’ਚ ਜਰਮਨੀ ਦੇ ਡਿਕਟੇਟਰ ਹਿਟਲਰ ਨੇ ਜਰਮਨ ਹਾਕੀ ਟੀਮ ਵਲੋਂ ਖੇਡਣ ਦੀ ਆਫਰ ਸਵਿਕਾਰਨ ’ਤੇ ਹਰ ਤਰਾਂ ਦੇ ਸਰਕਾਰੀ ਅਹੁਦਿਆਂ ਦੇ ਲਾਲਚ ਦਿੱਤੇ ਪਰ ਉਨਾਂ ਭਾਰਤ ਮਾਂ ਦੇ ਵਿਸ਼ਵਾਸ ਨੂੰ ਜ਼ਰਾ ਵੀ ਠੇਸ ਪਹੁੰਚਾਈ ਤੇ ਸਭ ਅਹੁਦੇ ਤੇ ਹੋਰ ਲਲਚਾਉਂਦੀਆਂ ਆਫਰਾਂ ਨੂੰ ਮੈਦਾਨ ਅੰਦਰ ਹੀ ਠੋਕਰ ਮਾਰ ਦਿੱਤੀ। ਇਥੇ ਹੀ ਬਸ ਨਹੀਂ ਹੋਈ, ਮੇਰੇ ਪਿਤਾ ਧਿਆਨ ਚੰਦ ਨੇ ਮੇਰੇ ਤੋਂ ਇਲਾਵਾ ਦੂਜੇ ਪੰਜ ਭਰਾਵਾਂ ਤੇ ਦੋ ਚਚੋਰੋ ਭਰਾਵਾਂ ਨੂੰ ਹਾਕੀ ਦੇ ਲੜ ਲਾ ਕੇ ਦਰਸਾ ਦਿੱਤਾ ਕਿ ਖੇਡ ਭਾਵਨਾ ਅੱਗੇ ਰੁਪਏ-ਪੈਸੇ ਦੀ ਕੋਈ ਬੁੱਕਤ ਨਹੀਂ ਹੁੰਦੀ।
ਇਸ ਲਈ ਕ੍ਰਿਕੇਟਰ ਬਣਨ ਵਾਲੇ ਤੇ ਕ੍ਰਿਕੇਟ ਇੰਡੀਆ ਟੀਮ ’ਚ ਖੇਡਣ ਵਾਲੇ ਖਿਡਾਰੀਆਂ ਨੂੰ ਮੇਰੇ ਪਿਤਾ ਤੋਂ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਿਕਟ ’ਚ ਅੱਜ ਸ਼ਰੇਆਮ ਖਿਡਾਰੀਆਂ ਦੇ ਸੌਦੇ ਹੁੰਦੇ ਹਨ। ਕੀ ਇਹ ਡਾਰਮਾ ਨਹੀਂ ਤਾਂ ਹੋਰ ਕੀ ਹੈ। ਖੇਡ ਭਾਵਨਾ ਨਾਲ ਖਿਲਵਾੜ ਕਰਨ ਵਾਲੇ ਖੇਡ ਅਧਿਕਾਰੀ ਵੀ ਚਿੱਟੇ ਦਿਨ ਮੈਚ ਫਿਕਸਿੰਗ ਦੇ ਕਾਲੇ ਕਾਰਨਾਮੇ ਕਰਕੇ ਧਰਮ ਵਰਗੀਆਂ ਪਵਿੱਤਰ ਖੇਡਾਂ ਨੂੰ ਕਲੰਕ ਲਾਈ ਜਾਂਦੇ ਹਨ ਪਰ ਪੁੱਛਣ ਵਾਲਾ ਕੋਈ ਹੈ ਕਿਉਂਕਿ ਬਹੁਤੇ ਇਨਾਂ ਕਾਲੀਆਂ ਕਰਤੂਤਾਂ ਕਰਨ ’ਚ ਕਈ ਭਾਈਵਾਲ ਬਣੇ ਹੋਏ ਹਨ। ਮੈਂ ਤਾਂ ਇਹੋ ਕਹਾਂਗਾ ਕਿ ਿਕਟ ਖੇਡ ਨਹੀਂ ਰਹੀ, ਬਸ ਭਿ੍ਰਸ਼ਟਾਚਾਰ ਦਾ ਅੱਡਾ ਬਣ ਗਈ ਹੈੈ, ਜਿਸ ’ਚ ਸਾਰੇ ਹੀ ਮੌਜਾਂ ਲੁੱਟੀ ਜਾ ਰਹੇ ਹਨ।
ਉਹ ਹਾਕੀ ਦੀ ਗੱਲ ਕਰਦਾ ਦੱਸਦਾ ਹੈ ਕਿ ਹਾਕੀ ਹੀ ਇਕੋ ਖੇਡ ਹੈ, ਜਿਸ ’ਚ ਦੇਸ਼ ਨੇ ਅੱਠ ਸੋਨ ਤਗਮੇ ਜਿੱਤੇ ਹਨ। ਪਰ ਸਾਡੇ ਰਹਿਬਰਾਂ ਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਖੇਡ ਨੂੰ ਆਸਰਾ ਦੇ ਕੇ ਬੁਲੰਦੀ ’ਤੇ ਤਾਂ ਕੀ ਪਹੁੰਚਾਉਣਾ ਸੀ ਸਗੋਂ ਥੱਲੇ ਲੈਜਾਣ ਲਈ ਬਹੁਤਾ ਤਾਣ ਲਾਇਆ ਹੋਇਆ ਹੈ। ਇਸ ਲਈ ਅੱਜ ਹਾਕੀ ਆਪਣੇ ਆਖਰੀ ਸਾਹ ਗਿਣ ਰਹੀ ਹੈ। ਹਾਕੀ ਤੋਂ ਇਲਾਵਾ ਦੂਜੀਆਂ ਖੇਡਾਂ ਨਾਲ ਵੀ ਸਦਾ ਮਤਰੇਇਆ ਸਲੂਕ ਕੀਤਾ ਜਾਂਦਾ ਰਿਹਾ ਹੈ। ਇਸੇ ਕਰਕੇ ਦੇਸ਼ ਨੂੰ ਹਰ ਬਾਰ ਓਲੰਪਿਕ, ਸੰਸਾਰ ਤੇ ਏਸ਼ੀਆ ਪੱਧਰ ’ਤੇ ਹਾਰਾਂ ਝੇਲਣ ਦੀ ਨਿਮੋਸ਼ੀ ਝਾਗਣੀ ਪਈ ਹੈ। ਹਰ ਅਹਿਮ ਕੌਮਾਂਤਰੀ ਖੇਡ ਮੁਕਾਬਲਿਆਂ ਤੋਂ ਪਹਿਲਾਂ ਜੇਤੂ ਸੁਪਨੇ ਲੈਂਦੇ ਹੋਏ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾਂਦੇ ਹਨ ਪਰ ਜਦੋਂ ਬਿਨਾਂ ਮੈਡਲਾਂ ਤੋਂ ਖਿਡਾਰੀਆਂ ਦੇ ਟੋਲੇ ਬੇਰੰਗ ਪਰਤਦੇ ਹਨ ਤਾਂ ਖੇਡ ਕਰਤਿਆਂ ਵਲੋਂ ਅਗਲੇ ਖੇਡ ਮੁਕਾਬਲੇ ਜਿੱਤਣ ਦਾ ਅਹਿਦ ਜ਼ਰੂਰ ਲਿਆ ਜਾਂਦਾ ਹੈ। ਬਸ ਕ੍ਰਿਕੇਟ ਨੂੰ ਛੱਡ ਕੇ ਦੂਜੀਆਂ ਖੇਡਾਂ ਪ੍ਰਤੀ ਸਾਡੀ ਖੇਡ ਪਾਲਿਸੀ ਦੇ ਇਹੋ ਹੀ ਮਾੜੇ ਪੱਖਾਂ ਹਨ, ਜਿਸ ਸਦਕਾ ਸਾਡੀ ਕੌਮਾਂਤਰੀ ਪੱਧਰ ’ਤੇ ਸਦਾ ਹੀ ਬੇਇੱਜ਼ਤੀ ਹੋਈ ਜਾ ਰਹੀ ਹੈ। ਭਵਿੱਖ ’ਚ ਜੇਕਰ ਇਸ ਖੇਡ ਨੀਤੀ ’ਚ ਸੁਧਾਰ ਨਾ ਕੀਤਾ ਗਿਆ ਤਾਂ ਇਹ ਸਿਲਸਿਲਾ ਅਗਾਂਹ ਵੀ ਚੱਲਦਾ ਰਹੇਗਾ।
ਹਰਨੂਰ ਸਿੰਘ ਮਨੌਲੀ (ਐਡਵੋਕੇਟ)
ਮੋਬਾਈਲ: 94171-82993