ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਡ ਮੈਦਾਨ ਤੇ ਫੌਜ ਦੇ ਮੋਰਚਿਆਂ ’ਤੇ ਲੜਨ ਵਾਲਾ ਹਾਕੀ ਓਲੰਪੀਅਨ ਹਰਚਰਨ ਸਿੰਘ

ਖੇਡ ਮੈਦਾਨ ਤੇ ਫੌਜ ਦੇ ਮੋਰਚਿਆਂ ’ਤੇ ਲੜਨ ਵਾਲਾ ਹਾਕੀ ਓਲੰਪੀਅਨ ਹਰਚਰਨ ਸਿੰਘ

ਧੁਰ ਹੇਠਾਂ ਤੱਕ ਹਾਕੀ ਨਾਲ ਜੁੜੇ ਓਲੰਪੀਅਨ ਹਰਚਰਨ ਸਿੰਘ ਦਾ ਜਨਮ 15 ਜਨਵਰੀ, 1950 ’ਚ ਕਬੱਡੀ ਖਿਡਾਰੀ ਸ. ਦਰਸ਼ਨ ਸਿੰਘ ਬੋਪਾਰਾਏ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਹਾਕੀ ਮੈਦਾਨ ਅੰਦਰ ਵਿਰੋਧੀ ਟੀਮਾਂ ਦੀਆਂ ਪਦੀੜਾਂ ਪੁਆਉਣ ਵਾਲੇ ਸਟਰਾਈਕਰ ਹਰਚਰਨ ਸਿੰਘ ਦਾ ਵੱਡਾ ਭਰਾ ਪਿਆਰ ਸਿੰਘ ਬੋਪਾਰਾਏ ਖੇਡ ਮੈਦਾਨ ’ਚ ਅਥਲੈਟਿਕਸ ਖੇਡਦਾ ਰਿਹਾ।

 

 

ਹਰਚਰਨ ਸਿੰਘ ਅਜਿਹਾ ਹਾਕੀ ਖਿਡਾਰੀ ਰਿਹਾ, ਜਿਸ ਦੀ ਖੇਡ ਦੀ ਤਾਰ ਕਦੇ ਵੀ ਨਹੀਂ ਟੁੱਟਦੀ ਸਗੋਂ ਨਦੀ ਦੀ ਤੋਰ ਵਾਂਗ ਨਿਰੰਤਰ ਵਹਿੰਦੀ ਰਹਿੰਦੀ। ਹਾਕੀ ਪ੍ਰੇਮੀਆਂ ਦੀਆਂ ਅੱਖਾਂ ’ਚ ਛਲਕਦੇ ਓਲੰਪੀਅਨ ਹਰਚਰਨ ਸਿੰਘ ਦਾ ਗੋਰਾ ਨਿਛੋਹ ਰੰਗ, ਚਿਹਰੇ ਤੋਂ ਡਲਕਾ ਮਾਰਦਾ ਹੁਸਨ ਜੋ ਹਰ ਸਮੇਂ ਹਾਕੀ ਦੇ ਮੈਦਾਨ ’ਚ ਮਹਿਕਦਾ ਰਹਿੰਦਾ ਪਰ ਜਦੋਂ ਪੂਰੀ ਲੈਅ ਅਤੇ ਤਾਅ ਨਾਲ ਬਾਲ ਡਰੀਬਿਗ ਕਰਦਾ ਤਾਂ ਮੈਦਾਨ ’ਚ ਜੁੜੇ ਖੇਡ ਦਰਸ਼ਕਾਂ ਨੂੰ ਕੀਲ ਕੇ ਰੱਖ ਦੇਂਦਾ। ਆਪਣੇ ਹਾਕੀ ਕੋਚ ਵਲੋਂ ਦੱਸੀਆਂ ਖੇਡ ਕਮੀਆਂ ਦਾ ਲੇਖਾ-ਜੋਖਾ ਕਰਨਾ ਜਾਣੋ ਉਸ ਦੇ ਸੁਭਾਅ ’ਚ ਹੀ ਸ਼ਾਮਲ ਹੋ ਚੁੱਕਾ ਸੀ।

 

 

ਇਨ੍ਹਾਂ ਖੇਡ ਘਾਟਾਂ ਨੂੰ ਦੂਰ ਕਰਨ ਲਈ ਉਹ ਹੱਦ ਦਰਜੇ ਤੱਕ ਕੋਸ਼ਿਸ਼ਾਂ ਵੀ ਕਰਦਾ ਅਤੇ ਇਨ੍ਹਾਂ ਨੂੰ ਹਰ ਸਮੇਂ ਬੂਰ ਵੀ ਪੈਂਦਾ ਰਿਹਾ। ਇਸੇ ਹਾਕੀ ਗੁਣ ਕਰਕੇ ਅੱਜ ਤੱਕ ਉਸ ਦੀ ਖੇੇਡ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਇਹੀ ਨਹੀਂ ਉਸ ਨੇ ਬਹੁਤੀ ਵਾਰ ਵਿਰੋਧੀ ਡਿਫੈਡਰਾਂ ਦੀ ਚੰਗੀ ਖਾਤਰਦਾਰੀ ਕਰਦਿਆਂ ਕਈ ਮੈਚ ਜਿੱਤ ਕੇ ਭਾਰਤੀ ਟੀਮ ਦੀ ਝੋਲੀ ਪਾਏ। ਹਮੇਸ਼ਾ ਹਾਕੀ ਦੀ ਚੜ੍ਹਤ ਲਈ ਲੋਚਣ ਵਾਲੇ ਹਾਕੀ ਓਲੰਪੀਅਨ ਹਰਚਰਨ ਸਿੰਘ ਦਾ ਚਿਹਰਾ ਕਈ ਵਾਰ ਮੀਡੀਆ ਦੀਆਂ ਖੇਡ ਸੁਰਖੀਆਂ ਦਾ ਸ਼ਿੰਗਾਰ ਬਣਨ ਕਰਕੇ ਨਿਹਾਰਿਆ ਜਾ ਚੁੱਕਾ ਹੈ। ਸੱਚਮੁੱਚ ਹੀ ਉਸ ਨੇ ਆਪਣੀ ਖੇਡ ਨਾਲ ਪਰੀ ਦੇਸ਼ ਜਾ ਕੇ ਸੁਪਨੇ ਸੱਚ ਕਰ ਵਿਖਾਏ ਹਨ। ਖੇਡ ਮੈਦਾਨ ਨਾਲ ਇਸੇ ਸੱਚੇ ਇਸ਼ਕ ਕਰਕੇ ਅੱਜ ਵੀ ਉਸ ਦਾ ਦਿਲ ਹਾਕੀ ਲਈ ਨਿਰੰਤਰ ਧੜਕ ਰਿਹਾ ਹੈ।

 


ਰੂਹ ਦੇ ਜ਼ੋਰ ਨਾਲ ਹਾਕੀ ਖੇਡਣ ਵਾਲੇ ਹਰਚਰਨ ਨੂੰ ਹਾਕੀ ਖੇਡਣ ਦੀ ਚੇਟਕ ਪਿੰਡ ਸ਼ੇਖਪੁਰਾ ਦੇ ਸਕੂਲ ’ਚ ਪੀਟੀਆਈ ਦਲੀਪ ਸਿੰਘ ਨੇ ਲਾਈ। ਇਸ ਸਕੂਲ ਤੋਂ ਦਸਵੀਂ ਕਰਨ ਬਾਅਦ ਹਰਚਰਨ ਸਿੰਘ ਨੇ ਜਲੰਧਰ ਦੇ ਸਪੋਰਟਸ ਸਕੂਲ ’ਚ ਦਾਖਲਾ ਲੈ ਲਿਆ, ਜਿਥੇ ਹਾਕੀ ਕੋਚ ਮਨਮੋਹਨ ਸਿੰਘ ਨੇ ਉਸ ਦੀ ਖੇਡ ’ਚ ਵਿਆਪਕ ਸੁਧਾਰ ਲਿਆਂਦਾ। ਇਥੋਂ ਹਰਚਰਨ ਸਿੰਘ ਦੀ ਖੇਡ ਦੀ ਕਸਤੂਰੀ ਮਹਿਕ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਫੈੈਲਦੀ ਚਲੀ ਗਈ। ਹਾਲਾਂਕਿ ਹਰਚਰਨ ਪੁਰਾਣੇ ਸਟਾਈਲ ਨਾਲ ਹਾਕੀ ਖੇਡਿਆ ਪਰ ਹੁਣ ਆਧੁਨਿਕ ਹਾਕੀ ਦੀ ਵਕਾਲਤ ਕਰਨ ਵਾਲੇ ਫੌਜ ’ਚ ਬਿ੍ਰਗੇਡੀਅਰ ਦੇ ਰੈਂਕ ਤੋਂ ਸੇਵਾਮੁਕਤ ਹੋਏ ਓਲੰਪੀਅਨ ਦਾ ਮੰਨਣਾ ਹੈ ਕਿ ਕਦੇ ਵੀ ਇਕ ਖੇਡ ਨੀਤੀ ’ਤੇ ਡਟ  ਕੇ ਨਹੀਂ ਖੇਡਿਆ ਜਾ ਸਕਦਾ। ਮਾਡਰਨ ਹਾਕੀ ਦੇ ਜ਼ਮਾਨੇ ’ਚ ਮੈਦਾਨ ’ਚ ਉਤਰਨ ਤੋਂ ਪਹਿਲਾਂ ਹੀ ਵਿਰੋਧੀ ਟੀਮ ਦੀ ਤਕੜਾਈ ਅਨੁਸਾਰ ਖੇਡ ਨੀਤੀ ਘੜੀ ਜਾਂਦੀ ਹੈ।

 

 

ਸੇਵਾਮੁਕਤੀ ਤੋਂ ਬਾਅਦ ਪੱਕੇ ਤੌਰ ’ਤੇ ਅੰਮਿ੍ਰਤਸਰ ਵਸੇ ਹਰਚਰਨ ਸਿੰਘ ਵਾਂਗ ਉਸ ਦਾ ਬੇਟਾ ਕਰਨਲ ਦਿਲਚਰਨਜੀਤ ਸਿੰਘ ਅਤੇ ਦਾਮਾਦ ਕਰਨਲ ਪੁਸ਼ਪਿੰਦਰ ਸਿੰਘ ਸੰਧੂ ਦੋਵੇਂ ਫੌਜ ’ਚ ਨਿਭਾਅ ਰਹੇ ਹਨ। ਜਬੇ ਵਾਲੇ ਹਾਕੀ ਖਿਡਾਰੀ ਹਰਚਰਨ ਸਿੰਘ ਜਿਸ ਦਾ ਨਾੜੂ ਪੰਜਾਬ ਦੀ ਭੂਮੀ ’ਚ ਦੱਬਿਆ ਹੋਇਆ ਹੈ, ਜਿਸ ਕਰਕੇ ਦੇਸ਼ ਦੀ ਹਾਕੀ ਟੀਮ ਦੇ ਖਰਾਬ ਪ੍ਰਦਰਸ਼ਨ ਕਰਕੇ ਉਸ ਨੂੰ ਲੰਬਾ ਸਮਾਂ ਨਿਰਾਸ਼ਾ ਦੇ ਦੌਰ ’ਚ ਗੁਜ਼ਰਨਾ ਪਿਆ। ਪਰ ਹੁਣ ਏਸ਼ੀਆ ਖੇਡਾਂ ’ਚ ਸਰਦਾਰ ਸਿੰਘ ਦੀ ਕਮਾਨ ’ਚ ਪਾਕਿਸਤਾਨ ਨੂੰ ਫਾਈਨਲ ’ਚ ਹਰਾ ਕੇ ਸੋਨ ਤਗਮਾ ਜਿੱਤਣ ਵਾਲੀ ਕੌਮੀ ਟੀਮ ਦੀ ਪ੍ਰਸੰਸਾ ਕਰਕੇ ਉਸ ਨੂੰ ਪੂਰੇ ਨੰਬਰ ਦੇਂਦਾ ਹੈ।

 

 

ਓਲੰਪੀਅਨ ਹਰਚਰਨ ਸਿੰਘ ਆਸਟਰੇਲੀਆ ਹਾਕੀ ਟੀਮ ਨੂੰ ਵਿਸ਼ਵ ਦੀ ਸਰਵੋਤਮ ਟੀਮ ਮੰਨਦਾ ਹੈ। ਹਾਕੀ ਖਿਡਾਰੀਆਂ ’ਚ ਉਹ ਕੌਮੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਦੇ ਖੇਡ ਜਜ਼ਬੇ ਦੀ ਕਦਰ ਕਰਦਾ ਹੈ। ਹਰਚਰਨ ਸਿੰਘ ਅਨੁਸਾਰ ਸਰਦਾਰ ਸਿੰਘ ਜਬੇ ਵਾਲਾ ਹਾਕੀ ਖਿਡਾਰੀ ਹੈ ਜੋ ਪੂਰੇ ਮੈਦਾਨ ’ਚ ਵਿੱਛ ਕੇ ਖੇਡਦਾ ਹੈ। ਮੈਦਾਨ ’ਚ ਖੇਡ ਦੇ ਨਾਲ-ਨਾਲ ਉਹ ਸਪੋਰਟਸਮੈਨਸ਼ਿਪ ’ਤੇ ਵੀ ਬਿਲਕੁਲ ਖਰਾ ਉਤਰਦਾ ਹੈ। ਇਸੇ ਖੇਡ ਘਾਲਣਾ ਸਦਕਾ ਸਰਦਾਰ ਸਿੰਘ ਨੇ ਦੇਸ਼ ਵਾਸੀਆਂ ਦੀ ਜਿੱਤ ਦਾ ਸੁਪਨਾ ਸਾਕਾਰ ਕੀਤਾ ਹੈ। 

 


ਹਰਚਰਨ ਸਿੰਘ ਨੇ ਨੈਸ਼ਨਲ ਪੱਧਰ ’ਤੇ 1969 ਤੋਂ 1972 ਤੱਕ ਪੰਜਾਬ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ, ਜਿਸ ’ਚ ਚਾਰੇ ਵਾਰ ਪੰਜਾਬ ਕੌਮੀ ਹਾਕੀ ਦਾ ਚੈਂਪੀਅਨ ਬਣਿਆ। ਇਸ ਤੋਂ ਬਾਅਦ 1973 ਤੋਂ 1981 ਤੱਕ ਹਰਚਰਨ ਨੇ ਕੌਮੀ ਹਾਕੀ ’ਚ ਸਰਵਿਸਿਜ਼ ਦੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਪਹਿਲੇ ਹੀ ਸਾਲ ਫਾਈਨਲ ’ਚ ਪੰਜਾਬ ਨੂੰ ਮਾਤ ਦੇਂਦਿਆਂ ਫੌਜ ਦੀ ਹਾਕੀ ਟੀਮ ਨੇ ਕੌਮੀ ਚੈਂਪੀਅਨ ਬਣਨ ਦਾ ਮਾਣ ਖੱਟਿਆ।  ਹਰਚਰਨ ਸਿੰਘ ਨੂੰ ਦੋ ਵਾਰ ਏਸ਼ਿਆਈ ਹਾਕੀ ਖੇਡਣ ਦਾ ਮਾਣ ਨਸੀਬ ਹੋਇਆ। ਦੋ ਓਲੰਪਿਕ ਮੁਕਾਬਲੇ ਖੇਡਣ ਵਾਲੇ ਹਰਚਰਨ ਸਿੰਘ ਨੇ ਮਿਊਨਿਖ-1972 ਦਾ ਪਹਿਲਾ ਹਾਕੀ ਮੁਕਾਬਲਾ ਕਪਤਾਨ ਹਰਮੀਕ ਸਿੰਘ ਦੀ ਕਮਾਨ ’ਚ ਖੇਡਿਆ, ਜਿਸ ’ਚ ਭਾਰਤੀ ਟੀਮ ਹਾਲੈਂਡ ਨੂੰ ਤੀਜੇ-ਚੌਥੇ ਸਥਾਨ ਲਈ ਖੇਡੇ ਗਏ ਮੈਚ ’ਚ ਹਰਾ ਕੇ ਤਾਂਬੇ ਦਾ ਤਗਮਾ ਹੀ ਜਿੱਤਣ ’ਚ ਕਾਮਯਾਬ ਹੋਈ।

 

 

ਕੁਆਲਾਲੰਪੁਰ-1975 ’ਚ ਆਲਮੀ ਹਾਕੀ ਕੱਪ ਜਿੱਤਣ ਵਾਲੀ ਟੀਮ ਦੀ ਨੁਮਾਇੰਦਗੀ ਕਰਨ ਵਾਲਾ ਹਰਚਰਨ ਸਿੰਘ ਮਾਂਟੀਰੀਅਲ-1976 ’ਚ ਓਲੰਪਿਕ ਮੁਕਾਬਲਾ ਖੇਡਣ ਲਈ ਮੈਦਾਨ ’ਚ ਨਿੱਤਰਿਆ ਪਰ ਭਾਰਤੀ ਹਾਕੀ ਫੈਡਰੇਸ਼ਨ ਅਧਿਕਾਰੀਆਂ ਵਲੋਂ ਵਿਸ਼ਵ ਹਾਕੀ ਕੱਪ-1975 ’ਚ ਹਾਕੀ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਚੀਫ ਹਾਕੀ ਕੋਚ ਅਤੇ ਮੈਨੇਜਰ ਬਲਬੀਰ ਸਿੰਘ ਸੀਨੀਅਰ ਅਤੇ ਕਈ ਚੰਗੇ ਹਾਕੀ ਖਿਡਾਰੀਆਂ ਦੀ ਛੁੱਟੀ ਕਰਨ ਸਦਕਾ ਹਾਕੀ ਟੀਮ ਓਲੰਪਿਕ ’ਚ ਸਨਮਾਨਜਨਕ ਰੈਂਕ ਹਾਸਲ ਕਰਨ ’ਚ ਨਾਕਾਮ ਰਹੀ।    

 

      
ਭਾਰਤੀ ਹਾਕੀ ਟੀਮ ਨਾਲ ਖੇਡ ਮੈਦਾਨ ’ਚ ਅਤੇ ਦੂਜੇ ਪਾਸੇ ਫੌਜ ਨਾਲ ਸਰਹੱਦਾਂ ’ਤੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਨ ਵਾਲੇ ਓਲੰਪੀਅਨ ਅਤੇ ਬਿ੍ਰਗੇਡੀਅਰ ਹਰਚਰਨ ਸਿੰਘ ਨੂੰ ਇਕੋ ਸਮੇਂ ਕਦੇ ਹੱਥ ’ਚ ਹਾਕੀ ਅਤੇ ਕਦੇ ਜੰਗ ਲੜਨ ਲਈ ਬੰਦੂਕ ਚੁੱਕਣ ਦਾ ਮਾਣ ਨਸੀਬ ਹੋਇਆ। ਉਸ ਦਾ ਖੇਡ ਸਫਰ ਸਿਖਰ ਤੋਂ ਸਿਖਰ ਤੱਕ ਹੈ ਜਿਸ ’ਚ ਉਸ ਸੱਤ ਵੱਡੇ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟ ਖੇਡਦਿਆਂ ਇਕ ਸੋਨੇ ਦਾ, ਤਿੰਨ ਚਾਂਦੀ ਦੇ ਅਤੇ ਦੋ ਕਾਂਸੇ ਦੇ ਤਗਮੇ ਹਾਸਲ ਕੀਤੇ ਹਨ। ਦੋ ਵਾਰ ਏਸ਼ਿਆਈ ਹਾਕੀ ਮੁਕਾਬਲੇ ਖੇਡਣ ਦਾ ਮੌਕਾ ਨਸੀਬ ਹੋਇਆ। ਤਹਿਰਾਨ-1974 ਦੇ ਹਾਕੀ ਟੂਰਨਾਮੈਂਟ ’ਚ ਹਰਚਰਨ ਸਿੰਘ ਨੇ ਹਰਬਿੰਦਰ ਸਿੰਘ ਕਪਤਾਨੀ ’ਚ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਪਾਕਿਸਤਾਨ ਤੋਂ ਏਸ਼ੀਆ ਹਾਕੀ ਦਾ ਫਾਈਨਲ ਹਾਰਨ ਸਦਕਾ ਭਾਰਤੀ ਟੀਮ ਚਾਂਦੀ ਦਾ ਤਗਮਾ ਹੀ ਜਿੱਤ ਸਕੀ।

 

 

ਓਲੰਪੀਅਨ ਹਰਚਰਨ ਸਿੰਘ ਬੋਪਾਰਾਏ ਨੇ ਦੂਜਾ ਬੈਂਕਾਕ ਏਸ਼ਿਆਈ ਹਾਕੀ ਮੁਕਾਬਲਾ ਅਜੀਤਪਾਲ ਸਿੰਘ ਦੀ ਕਮਾਨ ’ਚ ਖੇਡਿਆ। ਇਥੇ ਵੀ ਹਾਕੀ ਟੀਮ ਦੇ ਪੱਲੇ ਪਾਕਿਸਤਾਨ ਤੋਂ ਫਾਈਨਲ ਹਾਰਨ ਸਦਕਾ ਸਿਲਵਰ ਮੈਡਲ ਹੀ ਪਿਆ। ਦੋ ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਸਦਕਾ ਹਰਚਰਨ ਸਿੰਘ ਦੀ ਪਿੱਠ ’ਤੇ ਓਲੰਪਿਕ ਹਾਕੀ ਖਿਡਾਰੀ ਦਾ ਠੱਪਾ ਲੱਗਿਆ।

 

 

ਮਿਊਨਿਖ-1972 ਓਲੰਪਿਕ ਹਾਕੀ ’ਚ ਹਰਮੀਕ ਸਿੰਘ ਦੀ ਅਗਵਾਈ ’ਚ ਹਰਚਰਨ ਸਿੰਘ ਨੇ ਦੇਸ਼ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ ਪਰ ਸੈਮੀਫਾਈਨਲ ’ਚ ਪਹੁੰਚਣ ਦੇ ਬਾਵਜੂਦ ਭਾਰਤੀ ਟੀਮ ਨੇ ਹਾਲੈਂਡ ਨੂੰ ਹਰਾ ਕੇ ਤਾਂਬੇ ਦਾ ਤਗਮਾ ਹੀ ਹਾਸਲ ਕਰ ਸਕੀ। ਮਾਂਟੀਰੀਅਲ-1976 ਦਾ ਓਲੰਪਿਕ ਹਾਕੀ ਮੁਕਾਬਲਾ ਹਰਚਰਨ ਸਿੰਘ ਨੂੰ ਸੰਸਾਰਪੁਰੀਏ ਟੀਮ ਕਪਤਾਨ ਅਜੀਤਪਾਲ ਸਿੰਘ ਕੁਲਾਰ ਦੀ ਕਪਤਾਨੀ ’ਚ ਖੇਡਣਾ ਨਸੀਬ ਹੋਇਆ ਪਰ ਟੀਮ ਨੂੰ ਸੱਤਵਾਂ ਰੈਂਕ ਹਾਸਲ ਹੋਇਆ।

 


ਦੇਸ਼ ਦੀ ਹਿਫਾਜ਼ਤ ਲਈ ਫੌਜ ਨਾਲ ਮੋਰਚਿਆਂ ’ਤੇ ਲੜਨ ਵਾਲੇ ਬਿ੍ਰਗੇਡੀਅਰ ਹਰਚਰਨ ਸਿੰਘ ਨੂੰ ਕੌਮੀ ਹਾਕੀ ਟੀਮ ਨਾਲ ਤਿੰਨ ਆਲਮੀ ਹਾਕੀ ਖੇਡਣ ਦਾ ਮੌਕਾ ਹਾਸਲ ਹੋਇਆ। ਕੌਮਾਂਤਰੀ ਹਾਕੀ ਸੰਘ ਦੇ ਯਤਨਾਂ ਸਦਕਾ ਪਹਿਲਾ ਸੰਸਾਰ ਹਾਕੀ ਕੱਪ ਬਾਰਸੀਲੋਨਾ ’ਚ 1971 ’ਚ ਖੇਡਿਆ ਗਿਆ। ਕਪਤਾਨ ਅਜੀਤਪਾਲ ਸਿੰਘ ਕੁਲਾਰ ਦੀ ਸੈਮੀਫਾਈਨਲ ’ਚ ਪਹੁੰਚੀ ਹਾਕੀ ਟੀਮ ਕੀਨੀਆ ਨੂੰ ਹਰਾ ਕੇ ਤਾਂਬੇ ਦਾ ਤਗਮਾ ਹੀ ਜਿੱਤ ਸਕੀ।

 

 

ਹਰਚਰਨ ਸਿੰਘ ਨੂੰ ਐਮਸਟਰਡਮ-1973 ਦਾ ਦੂਜਾ ਆਲਮੀ ਹਾਕੀ ਕੱਪ ਐਮਪੀ ਗਣੇਸ਼ ਦੀ ਅਗਵਾਈ ’ਚ ਖੇਡਣ ਦਾ ਮੌਕਾ ਨਸੀਬ ਹੋਇਆ ਪਰ ਮੇਜ਼ਬਾਨ ਹਾਲੈਂਡ ਦੀ ਡੱਚ ਟੀਮ ਤੋਂ ਟਾਈਬਰੇਕਰ ਨਾਲ ਹਾਰਨ ਸਦਕਾ ਭਾਰਤੀ ਟੀਮ ਨੂੰ ਚਾਂਦੀ ਦੇ ਕੱਪ ਨਾਲ ਸਬਰ ਕਰਨਾ ਪਿਆ। ਕੁਆਲਾਲੰਪੁਰ-1975 ’ਚ ਖੇਡੇ ਗਏ ਵਿਸ਼ਵ ਕੱਪ ’ਚ ਹਰਚਰਨ ਸਿੰਘ ਨੂੰ ਲਗਾਤਾਰ ਤੀਜੀ ਵਾਰ ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਹੱਕ ਹਾਸਲ ਹੋਇਆ।

 

 

ਅਜੀਤਪਾਲ ਸਿੰਘ ਦੀ ਅਗਵਾਈ ’ਚ ਕੌਮੀ ਹਾਕੀ ਟੀਮ ਨੇ ਫਾਈਨਲ ’ਚ ਰਵਾਇਤੀ ਵਿਰੋਧੀ ਪਾਕਿਸਤਾਨੀ ਟੀਮ ਨੂੰ 2-1 ਗੋਲ ਅੰਤਰ ਨਾਲ ਹਰਾ ਕੇ ਪਲੇਠਾ ਅਤੇ ਹੁਣ ਤੱਕ ਦਾ ਆਖਰੀ ਸੰਸਾਰ ਹਾਕੀ ਜਿੱਤਣ ਦਾ ਵੱਡਾ ਕਾਰਨਾਮਾ ਕੀਤਾ। ਓਲੰਪੀਅਨ ਹਰਚਰਨ ਸਿੰਘ ਦੀ ਨੁਮਾਇੰਦਗੀ ਵਾਲੀ ਟੀਮ ਵਲੋਂ ਜਿੱਤਿਆ ਇਹ ਪਹਿਲਾ ਅਤੇ ਆਖਰੀ ਹਾਕੀ ਕੱਪ ਹੈ ਭਾਵ ਇਸ ਤੋਂ ਬਾਅਦ ਭਾਰਤੀ ਕੌਮੀ ਹਾਕੀ ਟੀਮ ਕਦੇ ਵੀ ਆਲਮੀ ਹਾਕੀ ਕੱਪ ਨਹੀਂ ਜਿੱਤਿਆ। ਇਸ ਤੋਂ ਵੀ ਦੋ ਕਦਮ ਅੱਗੇ ਦੇਸ਼ ਦੀ ਕੌਮੀ ਹਾਕੀ ਟੀਮ ਸੈਮੀਫਾਈਨਲ ’ਚ ਪਹੁੰਚਣ ਲਈ ਵੀ ਤਰਸੀ ਪਈ।         

 


ਕੁਆਲਾਲੰਪੁਰ-1975 ਦਾ ਸੰਸਾਰ ਹਾਕੀ ਕੱਪ ਜਿੱਤਣ ਦੀ ਯਾਦ ਤਾਜ਼ਾ ਕਰਦਾ ਹਰਚਰਨ ਸਿੰਘ ਕਹਿੰਦਾ ਹੈ ਕਿ ਉਸ ਜਿੱਤ ਦਾ ਨਸ਼ਾ ਅਜੇ ਤੱਕ ਮਨ ਅੰਦਰ ਅਜੇ ਅਗੜਾਈਆਂ ਲੈ ਰਿਹਾ ਹੈ। ਮਲੇਸ਼ੀਆ ’ਚ ਵਿਸ਼ਵ ਹਾਕੀ ਚੈਂਪੀਅਨ ਬਣਨ ’ਤੇ ਤਾੜੀਆਂ ਐਨੇ ਜ਼ੋਰ ਨਾਲ ਵੱਜੀਆਂ ਜਿਵੇਂ ਸਰਹੱਦ ’ਤੇ ਬੰਬਾਂ ਅਤੇ ਟੈੈਕਾਂ ਨਾਲ ਲੜਾਈ ਸ਼ੁਰੂ ਹੋ ਗਈ ਹੋਵੇ। ਕੌਮੀ ਹਾਕੀ ਟੀਮ ਵਲੋਂ ਖੇਡਦਿਆਂ ਹਰਚਰਨ ਸਿੰਘ ਦੀਆਂ ਖੇਡ ਸੇਵਾਵਾਂ ਨੂੰ ਵੇਖਦਿਆਂ ਕੇਂਦਰੀ ਖੇਡ ਮਹਿਕਮੇ ਵਲੋਂ 1978 ’ਚ ‘ਅਰਜੁਨਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਸੰਨ 1981 ’ਚ ਹਰਚਰਨ ਸਿੰਘ ਨੂੰ ਰਾਸ਼ਟਰਪਤੀ ਵਲੋਂ ‘ਵਸ਼ਿਸ਼ਟ ਸੇਵਾ ਮੈਡਲ’ ਨਾਲ ਸਨਮਾਨਿਆ ਗਿਆ।

 

 

ਕੌਮੀ ਤੇ ਕੌਮਾਂਤਰੀ ਹਾਕੀ ਦੇ ਨਕਸ਼ੇ ’ਤੇ ਪੰਜਾਬ ਦਾ ਨਾਮ ਚਮਕਾਉਣ ਵਾਲੇ ਓਲੰਪੀਅਨ ਹਰਚਰਨ ਸਿੰਘ ਨੂੰ ਪੰਜਾਬ ਦਾ ਵੱਡਾ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਲੰਘੇ ਸਾਲ-2019 ’ਚ ਦਿੱਤਾ ਗਿਆ। ਇਹ ਗੱਲ ਹਾਕੀ ਓਲੰਪੀਅਨਾਂ ਇਸ ਕਰਕੇ ਵੀ ਚੁਭਦੀ ਹੈ ਕਿਉਂਕਿ ਹਰਚਰਨ ਸਿੰਘ ਨੂੰ ਗਰੇਵਾਲ ਸਪੋਰਟਸ ਕਲੱਬ ਕਿਲਾ ਰਾਏਪੁਰ ਵਲੋਂ ਕੌਮੀ ਅਤੇ ਕੌਮਾਂਤਰੀ ਹਾਕੀ ਨੂੰ ਦਿੱਤੀ ਦੇਣ ਕਰਕੇ ਜਿਥੇ ਸਨਮਾਨਤ ਕੀਤਾ ਗਿਆ ਉਥੇ ਬਟਾਲਾ ਦੀ ਸਪੋਰਟਸ ਐਸੋਸੀਏਸ਼ਨ ਵਲੋਂ ਪੰਜਾਬ ਦੇ ਇਸ ਮਾਣਮੱਤੇ ਹਾਕੀ ਓਲੰਪੀਅਨ ਨੂੰ ਵਿਸ਼ੇਸ਼ ਤੌਰ ’ਤੇ ‘ਮਾਂਝੇ ਦਾ ਮਾਣ ਖੇਡ ਐਵਾਰਡ’ ਦਿੱਤਾ ਗਿਆ।

 

 

ਇਨ੍ਹਾਂ ਖੇਡ ਐਵਾਰਡਾਂ ਤੋਂ ਇਲਾਵਾ ਆਈਬੀਐਨ ਚੈਨਲ ਵਲੋਂ ‘ਇੰਡੀਅਨ ਲੀਜਨ ਸਪੋਰਟਸ ਐਵਾਰਡ’ ਦਿੱਤਾ ਗਿਆ। ਦੇਸ਼ ਦੀ ਹਾਕੀ ਦੇ ਅਲਬੇਲੇ ਸਟਰਾਈਕਰ ਦਾ ਨਵੀਂ ਪੀੜ੍ਹੀ ਨੂੰ ਇਹੋ ਸੁਨੇਹਾ ਹੈ ਕਿ ਨਸ਼ਿਆਂ ਦਾ ਕੋਹੜ ਵੱਢ ਕੇ ਖੇਡ ਮੈਦਾਨਾਂ ਦੇ ਲੜ ਲੱਗਿਆ ਜਾਵੇ ਅਤੇੇ ਜਿੱਤਾਂ ਹਾਸਲ ਕਰਕੇ ਆਪਣੇ ਮਾਪਿਆਂ, ਖਾਨਦਾਨ, ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਇਆ ਜਾਵੇ। 

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hockey Olympian who played in both Play Grounds and War Grounds