ਔਖੇ ਹਾਲਾਤ ਵਿੱਚ ਇਮਾਦ ਵਸੀਮ ਦੀ 49 ਦੌੜਾਂ ਦੀ ਨਾਟ–ਆਊਟ ਪਾਰੀ ਦੇ ਦਮ ਉੱਤੇ ਪਾਕਿਸਤਾਨ ਨੇ ਉਤਾਰ–ਚੜ੍ਹਾਅ ਵਾਲੇ ਰੋਮਾਂਚਕ ਮੈਚ ਵਿੱਚ ਅਫ਼ਗ਼ਾਨਿਸਤਾਨ ਨੂੰ 3 ਵਿਕੇਟਾਂ ਲਾਲ ਹਰਾ ਕੇ ਵਿਸ਼ਵ ਕ੍ਰਿਕੇਟ ਕੱਪ ਦੇ ਸੈਮੀ–ਫ਼ਾਈਨਲ ਵਿੱਚ ਪੁੱਜਣ ਦੀਆਂ ਆਪਣੀਆਂ ਆਸਾਂ ਕਾਇਮ ਰੱਖੀਆਂ ਹਨ।
ਪਾਕਿਸਤਾਨ ਨੇ 228 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਚੋਟੀ ਦੇ ਛੇ ਬੱਲੇਬਾਜ਼ ਸਿਰਫ਼ 156 ਦੌੜਾਂ ਉੱਤੇ ਗੁਆ ਦਿੱਤੇ ਸਨ। ਇਮਾਦ ਨੇ ਇੱਥੋਂ ਜ਼ਿੰਮੇਵਾਰੀ ਸੰਭਾਲੀ ਤੇ 54 ਗੇਂਦਾਂ ਦੀ ਆਪਣੀ ਨਾਟ–ਆਊਟ ਪਾਰੀ ਵਿੱਚ ਪੰਜ ਚੌਕੇ ਲਾਏ।
ਉਨ੍ਹਾਂ ਇਸ ਦੌਰਾਨ ਸ਼ਾਦਾਬ ਖ਼ਾਨ (11) ਨਾਲ 50 ਦੌੜਾਂ ਤੇ ਵਹਾਬ ਰਿਆਜ਼ (ਨਾਟ–ਆਊਟ 15) ਨਾਲ 24 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ, ਜਿਸ ਨਾਲ ਪਾਕਿਸਤਾਨ ਵਾਪਸੀ ਕਰਨ ਵਿੱਚ ਸਮਰੱਥ ਰਿਹਾ ਤੇ 7 ਵਿਕੇਟਾਂ ਉੱਤੇ 230 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਮਾਦ ਨੇ ਚੌਕਾ ਮਾਰ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ।
ਅਫ਼ਗ਼ਾਨਿਸਤਾਨ ਦੀ ਟੀਮ ਨੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 9 ਵਿਕੇਟਾਂ ਉੱਤੇ 227 ਦੌੜਾਂ ਬਣਾਈਆਂ। ਉਸ ਦੇ ਸੱਤ ਬੱਲੇਬਾਜ਼ ਦੋਹਰੇ ਅੰਕਾਂ ਤੱਕ ਪੁੱਜੇ ਪਰ ਸਭ ਤੋਂ ਵੱਡਾ ਸਕੋਰ ਅਸਗ਼ਰ ਅਫ਼ਗ਼ਾਨ (42) ਅਤੇ ਨਜੀਬੁੱਲ੍ਹਾ ਜਾਦਰਾਨ (42) ਦਾ ਰਿਹਾ। ਪਾਕਿਸਤਾਨ ਦੇ ਤੇਜ਼ ਗੇ਼ਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਨੇ 47 ਦੌੜਾਂ ਦੇ ਕੇ 4 ਵਿਕੇਟਾਂ ਲਈਆਂ।
ਵਹਾਬ ਰਿਆਜ਼ (29 ਦੌੜਾਂ ਦੇ ਕੇ 2) ਅਤੇ ਇਮਾਦ ਵਸੀਮ (48 ਦੌੜਾਂ ਦੇ ਕੇ 2) ਨੇ 2–2 ਵਿਕੇਟਾਂ ਲਈਆਂ। ਪਾਕਿਸਤਾਨ ਦੀ ਇਹ ਅੱਠ ਮੈਚਾਂ ਵਿੱਚ ਚੌਥੀ ਜਿੱਤ ਹੈ ਤੇ ਉਸ ਦੇ ਅੰਕ ਹੁਣ 9 ਹੋ ਗਿਆ ਹੈ ਤੇ ਸਕੋਰ–ਕਾਰਡ ਵਿੱਚ ਚੌਥੇ ਸਥਾਨ ਉੱਤੇ ਪੁੱਜ ਗਿਆ ਹੈ। ਉਸ ਨੂੰ ਸੈਮੀ–ਫ਼ਾਈਨਲ ਵਿੱਚ ਪਹੁੰਚਣ ਲਈ ਬੰਗਲਾਦੇਸ਼ (5 ਜੁਲਾਈ) ਖਿ਼ਲਾਫ਼ ਜਿੱਤ ਦਰਜ ਕਰਨੀ ਹੋਵੇਗੀ।
ਅਫ਼ਗ਼ਾਨਿਸਤਾਨ ਦੀ ਇਹ ਲਗਾਤਾਰ 8ਵੀਂ ਹਾਰ ਹੈ।