ਮੁਸ਼ਫਿਕੁਰ ਰਹੀਮ ਅਤੇ ਮੁਹੰਮਦ ਮਿਥੁਨ ਦੇ ਅਰਧ-ਸੈਂਕੜਿਆਂ ਮਗਰੋਂ ਮੁਸ਼ਫਿਕੁਰ ਰਹਿਮਾਨ ਦੀ ਤੂਫਾਨੀ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੇ ਏਸ਼ੀਆ ਕੱਪ ਦੇ ਸੁਪਰ-4 ਮੈਚ ਵਿਚ ਪਾਕਿਸਤਾਨ ਨੂੰ 37 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ, ਹੁਣ ਉਸ ਦਾ ਮੁਕਾਬਲਾ ਭਾਰਤ ਨਾਲ ਹੋਵੇਗਾ।
ਬੰਗਲਾਦੇਸ਼ ਨੇ ਮੁਸ਼ਫਿਕੁਰ (99) ਅਤੇ ਮਿਥੁਨ (60) ਵਿਚਾਲੇ ਚੌਥੇ ਵਿਕਟ ਦੀ 144 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 48.5 ਓਵਰਾਂ ਵਿਚ 239 ਦੌੜਾਂ ਬਣਾਈਆਂ। ਇਨ੍ਹਾਂ ਨੇ ਉਸ ਸਮੇਂ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਜਦੋਂ ਟੀਮ 12 ਦੌੜਾਂ 'ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਸੰਕਟ ਵਿਚ ਸੀ। ਮੁਸ਼ਫਿਕੁਰ ਅੰਤਰਰਾਸ਼ਟਰੀ ਕ੍ਰਿਕਟ ਵਿਚ ਖੇਡ ਦੇ ਕਿਸੇ ਵੀ ਫਾਰਮੈਟ ਵਿਚ 99 ਦੌੜਾਂ 'ਤੇ ਆਊਟ ਹੋਣ ਵਾਲਾ ਬੰਗਲਾਦੇਸ਼ ਦਾ ਪਹਿਲਾ ਬੱਲੇਬਾਜ਼ ਹੈ।
ਇਸ ਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ ਸਲਾਮੀ ਬੱਲੇਬਾਜ਼ ਇਮਾਮ-ਉੱਲ-ਹੱਕ (83) ਦੇ ਅਰਧ-ਸੈਂਕੜੇ ਦੇ ਬਾਵਜੂਦ 9 ਵਿਕਟਾਂ 'ਤੇ 202 ਦੌੜਾਂ ਹੀ ਬਣਾ ਸਕੀ।
ਬੰਗਲਾਦੇਸ਼ ਵੱਲੋਂ ਰਹਿਮਾਨ ਨੇ 43 ਦੌੜਾਂ ਦੇ ਕੇ 4 ਜਦਕਿ ਮੇਹਦੀ ਹਸਨ ਮਿਰਾਜ਼ ਨੇ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਜਿੱਤ ਨਾਲ ਬੰਗਲਾਦੇਸ਼ 3 ਮੈਚਾਂ ਵਿਚ 4 ਅੰਕ ਲੈ ਕੇ ਸੂਚੀ ਵਿਚ ਭਾਰਤ (5 ਅੰਕ) ਦੇ ਬਾਅਦ ਦੂਸਰੇ ਸਥਾਨ 'ਤੇ ਰਿਹਾ।
ਫਾਈਨਲ ਵਿਚ ਹੁਣ ਬੰਗਲਾਦੇਸ਼ ਦਾ ਸਾਹਮਣਾ 28 ਸਤੰਬਰ ਨੂੰ ਦੁਬਈ ਵਿਚ ਭਾਰਤ ਨਾਲ ਹੋਵੇਗਾ।