ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਆਸਟ੍ਰੇਲੀਆ ਨੇ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 47.3 ਓਵਰਾਂ 'ਚ ਤਿੰਨ ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 119, ਵਿਰਾਟ ਕੋਹਲੀ ਨੇ 89 ਅਤੇ ਸ੍ਰੇਅਸ ਅਇਅਰ ਨੇ ਅਜੇਤੂ 44 ਦੌੜਾਂ ਦੀ ਪਾਰੀ ਖੇਡੀ।
ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਅਨ ਟੀਮ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਐਰੋਨ ਫਿੰਚ ਵੀ 19 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਮਗਰੋਂ ਸਟੀਵ ਸਮਿੱਥ ਨੇ 131 ਅਤੇ ਮਾਰਨਸ ਲਾਬੂਸ਼ੇਨ ਨੇ 54 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 4 ਵਿਕਟਾਂ ਲਈਆਂ। ਆਸਟ੍ਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 119, ਕੇਐਲ ਰਾਹੁਲ ਨੇ 19, ਵਿਰਾਟ ਕੋਹਲੀ ਨੇ 89, ਸ਼੍ਰੇਅਰ ਅਇਅਰ ਨੇ ਅਜੇਤੂ 44 ਅਤੇ ਮਨੀਸ਼ ਪਾਂਡੇ ਨੇ ਅਜੇਤੂ 8 ਦੌੜਾਂ ਬਣਾਈਆਂ। ਭਾਰਤੀ ਟੀਮ ਨੇ 47.3 ਓਵਰਾਂ 'ਚ 3 ਵਿਕਟਾਂ ਗੁਆ ਕੇ 289 ਦੌੜਾਂ ਬਣਾ ਲਈਆਂ।
ਆਸਟ੍ਰੇਲੀਆ ਵਿਰੁੱਧ ਭਾਰਤ ਦੀ ਇਹ 6ਵੀਂ ਵਨਡੇ ਸੀਰੀਜ਼ ਜਿੱਤ ਹੈ। ਭਾਰਤ ਨੇ ਪਿਛਲੇ ਸਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਉਦੋਂ ਆਸਟ੍ਰੇਲੀਆ ਨੇ ਭਾਰਤ ਨੂੰ 5 ਵਨਡੇ ਮੈਚਾਂ ਦੀ ਲੜੀ 'ਚ 3-2 ਨਾਲ ਹਰਾਇਆ ਸੀ।
ਵਿਰਾਟ ਦਾ ਨਵਾਂ ਰਿਕਾਰਡ, 5000 ਦੌੜਾਂ ਪੂਰੀਆਂ :
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਬਤੌਰ ਕਪਤਾਨ 5000 ਵਨਡੇ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ। ਸੱਜੇ ਹੱਥ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਅਤੇ ਫੈਸਲਾਕੁਨ ਵਨਡੇ 'ਚ ਇਹ ਰਿਕਾਰਡ ਬਣਾਇਆ। ਜਨਵਰੀ 2017 'ਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਕੋਹਲੀ ਨੇ ਇਹ ਰਿਕਾਰਡ ਸਿਰਫ 82 ਪਾਰੀਆਂ 'ਚ ਬਣਾਇਆ ਜਦਕਿ ਧੋਨੀ ਨੇ 127 ਪਾਰੀਆਂ ਖੇਡੀਆਂ ਸਨ। ਕੋਹਲੀ ਤੋਂ ਪਹਿਲਾਂ ਧੋਨੀ ਇਸ ਕਲੱਬ 'ਚ ਸਭ ਤੋਂ ਤੇਜ਼ ਕਪਤਾਨ ਬਣੇ ਸਨ, ਜਦੋਂਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 131 ਪਾਰੀਆਂ 'ਚ ਇਹ ਰਿਕਾਰਡ ਪ੍ਰਾਪਤ ਕੀਤਾ ਸੀ।
ਰੋਹਿਤ ਨੇ 9000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਕੀਤਾ :
ਇਸ ਤੋਂ ਇਲਾਵਾ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਬੰਗਲੁਰੂ 'ਚ ਇੱਕ ਖਾਸ ਰਿਕਾਰਡ ਬਣਾਇਆ ਹੈ। ਰੋਹਿਤ ਸ਼ਰਮਾ ਦੇ ਨਾਂ ਵਨਡੇ ਕ੍ਰਿਕਟ 'ਚ 9000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਰੋਹਿਤ ਸ਼ਰਮਾ ਨੇ 217 ਪਾਰੀਆਂ 'ਚ 9 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਸੌਰਭ ਗਾਂਗੁਲੀ ਨੇ 228 ਪਾਰੀਆਂ, ਸਚਿਨ ਤੇਂਦੁਲਕਰ ਨੇ 235 ਅਤੇ ਬ੍ਰਾਇਨ ਲਾਰਾ ਨੇ 239 ਪਾਰੀਆਂ 'ਚ 9000 ਵਨਡੇ ਦੌੜਾਂ ਪੂਰੀਆਂ ਕੀਤੀਆਂ ਸਨ। ਸਭ ਤੋਂ ਤੇਜ਼ 9000 ਵਨਡੇ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਦਰਜ ਹੈ। ਉਨ੍ਹਾਂ ਨੇ 194 ਪਾਰੀਆਂ 'ਚ ਇਹ ਕਾਰਨਾਮਾ ਕੀਤਾ ਹੈ।