ਭਾਰਤ ਨੇ ਨਿਊਜ਼ੀਲੈਂਡ ਨੂੰ 5 ਟੀ20 ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ 7 ਵਿਕਟਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਆਕਲੈਂਡ ਦੇ ਈਡਨ ਪਾਰਕ 'ਚ ਖੇਡੇ ਗਏ ਮੁਕਾਬਲੇ 'ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਉਸ ਨੇ 20 ਓਵਰਾਂ 'ਚ 5 ਵਿਕਟਾਂ 'ਤੇ 132 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 17.3 ਓਵਰਾਂ 'ਚ ਹੀ 3 ਵਿਕਟਾਂ 'ਤੇ 135 ਦੌੜਾਂ ਬਣਾ ਲਈਆਂ।
ਇਸ ਜਿੱਤ ਨਾਲ ਭਾਰਤ ਨੇ ਪਹਿਲੀ ਵਾਰ ਟੀ20 'ਚ ਨਿਊਜ਼ੀਲੈਂਡ ਨੂੰ ਲਗਾਤਾਰ ਦੋ ਮੈਚਾਂ 'ਚ ਹਰਾਇਆ। ਭਾਰਤ ਲੜੀ 'ਚ 2-0 ਨਾਲ ਅੱਗੇ ਹੈ। ਉਸ ਨੇ ਪਹਿਲੇ ਮੈਚ 'ਚ 5 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਦੋਵਾਂ ਟੀਮਾਂ ਵਿਚਕਾਰ ਤੀਜਾ ਮੁਕਾਬਲਾ 29 ਜਨਵਰੀ ਨੂੰ ਹੈਮਿਲਟਨ 'ਚ ਖੇਡਿਆ ਜਾਵੇਗਾ।
ਕੇਐਲ ਰਾਹੁਲ ਨੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਅਜੇਤੂ 57 ਦੌੜਾਂ ਬਣਾਈਆਂ। ਸ਼੍ਰੇਅਸ ਅਇਅਰ ਨੇ 44 ਦੌੜਾਂ ਦੀ ਪਾਰੀ ਖੇਡੀ। ਰਾਹੁਲ ਅਤੇ ਸ਼੍ਰੇਅਸ ਨੇ ਤੀਜੇ ਵਿਕਟ ਲਈ 86 ਦੌੜਾਂ ਦੀ ਭਾਈਵਾਲੀ ਕੀਤੀ। ਸ਼ਿਵਮ ਦੂਬੇ 8 ਦੌੜਾਂ ਬਣਾ ਕੇ ਅਜੇਤੂ ਰਹੇ। ਉਨ੍ਹਾਂ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 6 ਗੇਂਦਾਂ 'ਚ 8 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਵਿਰਾਟ ਕੋਹਲੀ 11 ਦੌੜਾਂ ਬਣਾ ਕੇ ਆਊਟ ਹੋਏ।
ਨਿਊਜ਼ੀਲੈਂਡ ਲਈ ਮਾਰਟਿਨ ਗੁਪਟਿਲ ਅਤੇ ਟਿਮ ਸ਼ਿਫਰਟ ਨੇ 33-33 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਰਵਿੰਦਰ ਜਡੇਜਾ ਨੇ ਸੱਭ ਤੋਂ ਵੱਧ 2 ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ, ਸ਼ਿਵਮ ਦੂਬੇ ਅਤੇ ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ।