ਭਾਰਤ ਨੇ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਬੁੱਧਵਾਰ ਨੂੰ ਵਿਸ਼ਾਖਾਪਟਨਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਹਿਲਾਂ 50 ਓਵਰਾਂ 'ਚ 5 ਵਿਕਟਾਂ 'ਤੇ 387 ਦੌੜਾਂ ਬਣਾਈਆਂ। ਜਵਾਬ 'ਚ ਵੈਸਟਇੰਡੀਜ਼ ਟੀਮ 43.3 ਓਵਰਾਂ 'ਚ 280 ਦੌਰਾਂ ਬਣਾ ਕੇ ਢੇਰ ਹੋ ਗਈ। ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਇਸ ਮੈਦਾਨ 'ਤੇ 8 ਸਾਲ ਬਾਅਦ ਹਰਾਇਆ। ਉਸ ਨੂੰ ਪਿਛਲੀ ਜਿੱਤ 2011 'ਚ ਮਿਲੀ ਸੀ।
ਭਾਰਤੀ ਟੀਮ ਵੱਲੋਂ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੇ ਹੈਟ੍ਰਿਕ ਲਈ। ਰੋਹਿਤ ਸ਼ਰਮਾ ਨੇ 159 ਅਤੇ ਲੋਕੇਸ਼ ਰਾਹੁਲ ਨੇ 102 ਦੌੜਾਂ ਬਣਾਈਆਂ। ਇਸ ਜਿੱਤ ਨਾਲ ਭਾਰਤ ਨੇ ਲੜੀ ਨੂੰ 1-1 ਨਾਲ ਬਰਾਬਰ ਕਰ ਦਿੱਤਾ ਹੈ। ਤੀਜਾ ਵਨਡੇ ਮੈਚ ਕਟਕ 'ਚ 22 ਦਸੰਬਰ ਨੂੰ ਖੇਡਿਆ ਜਾਵੇਗਾ।
HAT-TRICK for @imkuldeep18! 🙌
— BCCI (@BCCI) December 18, 2019
First Indian Bowler to have two ODI hat-tricks! pic.twitter.com/cf6100cU1t
ਕੁਲਦੀਪ ਯਾਦਵ ਨੇ ਵਨਡੇ ਕਰੀਅਰ 'ਤੇ ਦੂਜੀ ਹੈਟ੍ਰਿਕ ਲਈ। ਕੁਲਦੀਪ ਨੇ ਇਸ ਤੋਂ ਪਹਿਲਾਂ ਸਾਲ 2017 'ਚ ਆਸਟ੍ਰੇਲੀਆ ਵਿਰੁੱਧ ਕੋਲਕਾਤਾ 'ਚ ਹੈਟ੍ਰਿਕ ਲਈ ਸੀ। ਉਸ ਤੋਂ ਪਹਿਲਾਂ ਵਨਡੇ 'ਚ ਚੇਤਨ ਸ਼ਰਮਾ, ਕਪਿਲ ਦੇਵ ਅਤੇ ਮੁਹੰਮਦ ਸ਼ਮੀ ਨੇ ਹੈਟ੍ਰਿਕ ਲਈ ਹੈ।
ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ 28ਵਾਂ ਸੈਂਕੜਾ ਲਗਾਇਆ। ਰੋਹਿਤ ਨੇ ਆਪਣੀ ਇਸ ਪਾਰੀ 'ਚ 11 ਚੌਕੇ ਅਤੇ 2 ਛੱਕੇ ਲਗਾਏ। ਰੋਹਿਤ ਨੇ 107 ਦੌੜਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਇਸ ਦੇ ਨਾਲ ਹੀ ਉਸ ਨੇ ਇੱਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਦਰਅਸਲ, ਇਹ ਇਸ ਸਾਲ ਦਾ ਰੋਹਿਤ ਦਾ 10ਵਾਂ ਸੈਂਕੜਾ ਹੈ। ਬਤੌਰ ਸਲਾਮੀ ਬੱਲੇਬਾਜ਼ ਇੱਕ ਸਾਲ 'ਚ 10 ਸੈਂਕੜੇ ਲਗਾਉਣ ਵਾਲੇ ਉਹ ਦੁਨੀਆ ਦੇ ਪਹਿਲੇ ਸਲਾਮੀ ਬੱਲੇਬਾਜ਼ ਹਨ। ਰੋਹਿਤ ਨੇ ਸਚਿਨ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਸਾਲ 1998 'ਚ ਬਤੌਰ ਸਲਾਮੀ ਬੱਲੇਬਾਜ਼ 9 ਸੈਂਕੜੇ ਲਗਾਏ ਸਨ। ਇਸ ਸਾਲ ਰੋਹਿਤ ਨੇ 7 ਸੈਂਕੜੇ ਵਨਡੇ ਅਤੇ 3 ਸੈਂਕੜੇ ਟੈਸਟ ਕ੍ਰਿਕਟ 'ਚ ਲਗਾਏ ਹਨ।