ਭਾਰਤੀ ਟੀਮ ਹੈਮਿਲਟਨ 'ਚ ਖੇਡੇ ਗਏ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ 347 ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਹਾਰ ਗਈ ਅਤੇ ਹੁਣ ਭਲਕੇ ਸਨਿੱਚਰਵਾਰ (8 ਫਰਵਰੀ) ਨੂੰ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਦੂਜੇ ਮੁਕਾਬਲੇ 'ਚ ਜਿੱਤ ਦੇ ਇਰਾਦੇ ਨਾਲ ਉੱਤਰੇਗੀ। ਲੜੀ 'ਚ ਬਰਾਬਰੀ ਹਾਸਲ ਕਰਨ ਲਈ ਭਾਰਤੀ ਟੀਮ ਨੂੰ ਇਹ ਮੈਚ ਹਰ ਹਾਲ 'ਚ ਜਿੱਤਣਾ ਪਵੇਗਾ। ਮੇਜ਼ਬਾਨ ਨਿਊਜ਼ੀਲੈਂਡ ਟੀਮ ਦਾ ਟੀਚਾ ਵਨਡੇ ਇਤਿਹਾਸ ਦੀ 350ਵੀਂ ਜਿੱਤ ਪ੍ਰਾਪਤ ਕਰਨਾ ਅਤੇ ਲੜੀ 'ਤੇ ਕਬਜ਼ਾ ਕਰਨਾ ਹੋਵੇਗਾ।
ਭਾਰਤੀ ਟੀਮ ਨਿਊਜ਼ੀਲੈਂਡ ਟੀ20 ਸੀਰੀਜ਼ 5-0 ਨਾਲ ਜਿੱਤਣ ਤੋਂ ਬਾਅਦ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹਾਰ ਗਈ ਸੀ। ਭਾਰਤ ਨੇ ਨਿਊਜ਼ੀਲੈਂਡ ਦੇ ਪਿਛਲੇ ਦੌਰੇ 'ਚ ਵਨਡੇ ਸੀਰੀਜ਼ 4-1 ਨਾਲ ਜਿੱਤੀ ਸੀ। ਤਿੰਨ ਮੈਚਾਂ ਦੀ ਇਸ ਲੜੀ 'ਚ ਬਣੇ ਰਹਿਣ ਲਈ ਭਾਰਤ ਨੂੰ ਆਕਲੈਂਡ 'ਚ ਜਿੱਤ ਪ੍ਰਾਪਤ ਕਰਨੀ ਪਵੇਗੀ।
ਭਾਰਤ ਨੇ ਪਹਿਲੇ ਮੈਚ 'ਚ ਹੈਮਿਲਟਨ ਵਿੱਚ 4 ਵਿਕਟਾਂ 'ਤੇ 347 ਦੌੜਾਂ ਬਣਾਈਆਂ ਸਨ, ਪਰ ਗੇਂਦਬਾਜ਼ਾਂ ਦੀ ਖਰਾਬ ਗੇਂਦਬਾਜ਼ੀ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੀ। ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੇ 24 ਵਾਈਡ ਸਮੇਤ 29 ਵਾਧੂ ਦੌੜਾਂ ਦਿੱਤੀਆਂ ਸਨ। ਇਸ ਤੋਂ ਇਲਾਵਾ 24 ਵਾਈਡਾਂ ਕਾਰਨ ਭਾਰਤ ਨੂੰ 34 ਓਵਰਾਂ ਦੀ ਹੌਲੀ ਓਵਰ ਰੇਟ ਲਈ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ।
ਹੈਮਿਲਟਨ ਦਾ ਮੈਦਾਨ ਛੋਟਾ ਸੀ ਅਤੇ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਖੂਬ ਚੌਕੇ ਅਤੇ ਛੱਕੇ ਲਗਾਏ ਸਨ। ਭਾਰਤ ਨੇ ਮੈਚ ਨੇ ਕੁੱਲ 32 ਚੌਕੇ ਅਤੇ 8 ਛੱਕੇ ਲਗਾਏ, ਜਦਕਿ ਨਿਊਜ਼ੀਲੈਂਡ ਨੇ 34 ਚੌਕੇ ਅਤੇ 7 ਛੱਕੇ ਲਗਾਏ। ਦੂਜੇ ਮੈਚ ਲਈ ਆਕਲੈਂਡ ਦਾ ਈਡਨ ਪਾਰਕ ਦਾ ਮੈਦਾਨ ਹੋਰ ਛੋਟਾ ਹੈ ਅਤੇ ਦੂਜੇ ਮੈਚ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਗੇਂਦਬਾਜ਼ਾਂ ਨੂੰ ਬਹੁਤ ਸਾਵਧਾਨੀ ਨਾਲ ਗੇਂਦਬਾਜ਼ੀ ਕਰਨੀ ਪਵੇਗੀ ਅਤੇ ਕੋਈ ਵੀ ਸਕੋਰ ਇਸ ਮੈਦਾਨ 'ਤੇ ਸੁਰੱਖਿਅਤ ਨਹੀਂ ਹੋ ਸਕਦਾ। ਭਾਰਤੀ ਸਮੇਂ ਅਨੁਸਾਰ ਮੈਚ ਸਵੇਰੇ 7.30 ਵਜੇ ਸ਼ੁਰੂ ਹੋਵੇਗਾ।