ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੂੰ 22 ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਨੇ 2-0 ਨਾਲ ਲੜੀ ਆਪਣੇ ਨਾਂ ਕਰ ਲਈ ਹੈ। ਇਸ ਕਰਾਰੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਸ ਸਾਲ ਦੇ ਵਨਡੇ ਮੈਚ ਵਧੇਰੇ ਮਹੱਤਵਪੂਰਨ ਨਹੀਂ ਹਨ।
ਟੀ20 ਲੜੀ 'ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦੇ ਕਪਤਾਨ ਨੇ ਇਸ ਸਾਲ ਖੇਡੇ ਜਾਣ ਵਾਲੇ ਟੀ20 ਅੰਤਰਰਾਸ਼ਟਰੀ ਵਿਸ਼ਵ ਕੱਪ ਅਤੇ ਟੈਸਟ ਚੈਂਪੀਅਨਸ਼ਿਪ ਵੱਲ ਇਸ਼ਾਰਾ ਕਰਦਿਆਂ ਕਿਹਾ, ”ਪ੍ਰਸ਼ੰਸਕਾਂ ਦੇ ਨਜ਼ਰੀਏ ਤੋਂ ਆਖਰੀ ਦੋ ਮੈਚ ਸ਼ਾਨਦਾਰ ਰਹੇ। ਅਸੀ ਇਸ ਮੈਚ ਨੂੰ ਜਿਸ ਤਰ੍ਹਾਂ ਖਤਮ ਕੀਤਾ, ਉਸ ਨਾਲ ਮੈਂ ਕਾਫੀ ਪ੍ਰਭਾਵਿਤ ਹਾਂ। ਗੇਂਦਬਾਜ਼ੀ ਕਰਦਿਆਂ ਅਸੀ ਕੁਝ ਗਲਤੀਆਂ ਕੀਤੀਆਂ, ਜਿਸ ਕਾਰਨ ਨਿਊਜ਼ੀਲੈਂਡ ਟੀਮ ਨੂੰ ਫਾਇਦਾ ਮਿਲਿਆ। ਮੈਨੂੰ ਲੱਗਦਾ ਹੈ ਕਿ ਨਵਦੀਪ ਸੈਣੀ ਅਤੇ ਰਵਿੰਦਰ ਜਡੇਜਾ ਨੇ ਸ਼ਾਨਦਾਰ ਖੇਡ ਵਿਖਾਈ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਸ ਸਾਲ ਦੇ ਵਨਡੇ ਮੈਚਾਂ ਦੀ ਓਨੀ ਮਹੱਤਤ ਨਹੀਂ ਹੈ, ਜਿੰਨੀ ਟੀ20 ਅਤੇ ਟੈਸਟ ਮੈਚਾਂ ਦੀ ਹੈ।"
ਦੱਸ ਦੇਈਏ ਕਿ ਟੀ20 ਵਿਸ਼ਵ ਕੱਪ ਇਸ ਸਾਲ ਅਕਤੂਬਰ ਵਿੱਚ ਆਸਟ੍ਰੇਲੀਆ 'ਚ ਹੋਵੇਗਾ ਅਤੇ ਭਾਰਤੀ ਟੀਮ ਇਸ ਸਾਲ ਜ਼ਿਆਦਾ ਵਨਡੇ ਨਹੀਂ ਖੇਡ ਰਹੀ ਹੈ। ਨਿਊਜ਼ੀਲੈਂਡ ਦੀ ਲੜੀ ਤੋਂ ਬਾਅਦ ਟੀਮ ਨੂੰ ਦੱਖਣੀ ਅਫਰੀਕਾ ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਹਿੱਸਾ ਲੈਣਾ ਹੈ ਜੋ ਉਨ੍ਹਾਂ ਦੀ 2020 ਦੀ ਆਖਰੀ ਵਨਡੇ ਸੀਰੀਜ਼ ਹੋਵੇਗੀ।
ਭਾਰਤੀ ਕਪਤਾਨ ਨੇ ਕਿਹਾ ਕਿ ਇਸ ਮੈਚ ਵਿੱਚ ਹਾਰ ਦੇ ਬਾਵਜੂਦ ਟੀਮ ਲਈ ਬਹੁਤ ਸਾਰੀਆਂ ਸਕਾਰਾਤਮਕ ਗੱਲਾਂ ਸਨ ਅਤੇ ਟੀਮ ਤੀਜੇ ਮੈਚ ਲਈ ਕੁਝ ਬਦਲਾਅ ਕਰੇਗੀ।