ਵੈਸਟਇੰਡੀਜ਼ ਦੇ ਮੁੱਖ ਕੋਚ ਫਿਲ ਸਿਮਨਸ ਨੂੰ ਲੱਗਦਾ ਹੈ ਕਿ ਉਸ ਦੀ ਟੀਮ ਦਾ ਵਧੀਆ ਪ੍ਰਦਰਸ਼ਨ ਵੀ ਸ਼ਾਇਦ ਐਤਵਾਰ ਨੂੰ ਇੱਥੇ ਭਾਰਤ ਨੂੰ ਹਰਾਉਣ ਲਈ ਕਾਫੀ ਨਹੀਂ ਹੋਵੇਗਾ। ਪਰ ਕੈਰੇਬੀਆਈ ਟੀਮ ਨੇ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਜਿਹੜੀ ਦਿਸ਼ਾ ਫੜੀ ਹੈ, ਉਹ ਇਸ ਦੇ ਨਤੀਜੇ ਤੋਂ ਪ੍ਰਭਾਵਿਤ ਨਹੀਂ ਹੋਵੇਗੀ।
ਸਾਬਕਾ ਖਿਡਾਰੀ ਸਿਮਨਸ ਨੂੰ ਅਕਤੂਬਰ ਵਿਚ ਦੁਬਾਰਾ ਵੈਸਟਇੰਡੀਜ਼ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਸਿਮਨਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਰੇ ਖਿਡਾਰੀ ਜਾਣਦੇ ਹਨ ਕਿ ਅਸੀਂ ਕੱਲ ਆਪਣਾ ਸਰਵਸ੍ਰੇਸ਼ਠ ਖੇਡਣਾ ਚਾਹੁੰਦੇ ਹਾਂ ਤੇ ਹਾਲਾਂਕਿ ਅਸੀਂ ਆਪਣਾ ਸਰਵਸ੍ਰੇਸ਼ਠ ਵੀ ਖੇਡੀਏ ਪਰ ਅਸੀਂ ਸ਼ਾਇਦ ਜਿੱਤ ਨਾ ਸਕੀਏ।"
ਉਨ੍ਹਾਂ ਕਿਹਾ, "ਅਹਿਮ ਚੀਜ਼ ਇਹ ਹੈ ਕਿ ਅਸੀਂ ਕੁਝ ਬਣਾਉਣ ਦੀ ਕੋਸ਼ਿਸ ਕਰ ਰਹੇ ਹਾਂ ਤੇ ਕੱਲ ਦੇ ਮੈਚ ਤੋਂ ਉਹ ਦਿਸ਼ਾ ਪ੍ਰਭਾਵਿਤ ਨਹੀਂ ਹੋਵੇਗੀ, ਜਿਸ ਵਿਚ ਅਸੀਂ ਵੱਧ ਰਹੇ ਹਾਂ ਪਰ ਅਸੀਂ ਕੁਝ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਉਸ ਦਿਸ਼ਾ ਵਿਚ ਵਧਣਾ ਜਾਰੀ ਰੱਖਾਂਗੇ।''
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਲੜੀ ਦਾ ਅੰਤਮ ਤੇ ਤੀਜਾ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਹਨ। ਲੜੀ ਦਾ ਪਹਿਲਾ ਮੈਚ ਭਾਰਤੀ ਟੀਮ 8 ਵਿਕਟਾਂ ਨਾਲ ਹਾਰ ਗਈ ਸੀ। ਦੂਜੇ ਮੈਚ 'ਚ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾਇਆ ਸੀ।