ਨਿਊ ਜ਼ੀਲੈਂਡ ਤੋਂ ਸਿਰਫ਼ 18 ਦੌੜਾਂ ਨਾਲ ਸੈਮੀ–ਫ਼ਾਈਨਲ ਮੈਚ ਹਾਰਨ ਪਿੱਛੋਂ ਭਾਰਤੀ ਟੀਮ ਭਾਵੇਂ ਆਈਸੀਸੀ ਵਿਸ਼ਵ ਕ੍ਰਿਕੇਟ ਕੱਪ–2019 ’ਚੋਂ ਬਾਹਰ ਹੋ ਚੁੱਕੀ ਹੈ ਪਰ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੂੰ ਹਾਲੇ ਮਜਬੂਰਨ ਇੰਗਲੈਂਡ ’ਚ ਰਹਿਣਾ ਪੈ ਰਿਹਾ ਹੈ।
ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਹਾਲੇ ਤੱਕ ਭਾਰਤੀ ਟੀਮ ਨੂੰ ਵਤਨ ਵਾਪਸੀ ਦੀਆਂ ਟਿਕਟਾਂ ਦਾ ਇੰਤਜ਼ਾਮ ਨਹੀਂ ਕਰ ਸਕਿਆ। ਦਰਅਸਲ ਭਾਰਤੀ ਟੀਮ ਦੀ ਇਹ ਹਾਰ ਇੰਨੀ ਅਚਾਨਕ ਹੋਈ ਕਿ ਜਿਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ।
ਕਰੋੜਾਂ ਭਾਰਤੀ ਦਰਸ਼ਕਾਂ ਦੇ ਦਿਲ ਟੁੱਟ ਗਏ। ਪਰ ਇੱਧਰ ਭਾਰਤੀ ਟੀਮ ਹਾਲੇ ਵੀ ਮਾਨਚੈਸਟਰ ’ਚ ਹੀ ਫਸੀ ਹੋਈ ਹੈ, ਜਿੱਥੇ ਉਹ ਨਿਊ ਜ਼ੀਲੈਂਡ ਦੀ ਟੀਮ ਤੋਂ ਹਾਰੀ ਸੀ।
ਇਸ ਕਾਰਨ ਜਿੱਥੇ ਭਾਰਤੀ ਕ੍ਰਿਕੇਟ ਟੀਮ ਦੇ ਲੌਜਿਸਟਿਕਸ ਮੈਨੇਜਰ ਪਰੇਸ਼ਾਨ ਹਨ; ਉੱਥੇ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਤੇ ਬਾਕੀ ਸਾਰੇ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਵੀ ਡਾਢੇ ਪਰੇਸ਼ਾਨ ਹਨ।
ਬੁੱਧਵਾਰ ਨੂੰ ਭਾਰਤ ਵਿਸ਼ਵ ਕ੍ਰਿਕੇਟ ਕੱਪ ’ਚੋਂ ਬਾਹਰ ਹੋ ਗਿਆ ਸੀ। ਉਸ ਤੋਂ ਬਾਅਦ BCCI ਨੇ ਭਾਵੇਂ ਭਾਰਤੀ ਟੀਮ ਲਈ ਟਿਕਟਾਂ ਦਾ ਇੰਤਜ਼ਾਮ ਕਰਨ ਦੇ ਡਾਢੇ ਜਤਨ ਕੀਤੇ ਪਰ ਉਹ ਸਫ਼ਲ ਨਹੀਂ ਹੋ ਸਕੇ।
ਪਤਾ ਲੱਗਾ ਹੈ ਕਿ ਭਾਰਤੀ ਟੀਮ ਲਈ ਟਿਕਟਾਂ ਦਾ ਇੰਤਜ਼ਾਮ 14 ਜੁਲਾਈ ਤੋਂ ਬਾਅਦ ਹੀ ਹੋ ਸਕੇਗਾ। 14 ਜੁਲਾਈ ਨੂੰ ਹੀ ਇੰਗਲੈਂਡ ਤੇ ਨਿਊ ਜ਼ੀਲੈਂਡ ਵਿਚਾਲੇ ਫ਼ਾਈਨਲ ਮੈਚ ਖੇਡਿਆ ਜਾਣਾ ਹੈ।