ਭਾਰਤੀ ਮਹਿਲਾ ਹਾਕੀ ਟੀਮ ਦਾ 18ਵੇਂ ਏਸ਼ੀਆਈ ਖੇਡਾਂ `ਚ ਸੋਨ ਤਗਮਾ ਜਿੱਤਣ ਦਾ ਸੁਪਨਾ ਫਿਰ ਟੁੱਟ ਗਿਆ। ਸ਼ੁੱਕਰਵਾਰ ਨੂੰ ਫਾਈਨਲ ਮੁਕਾਬਲੇ `ਚ ਭਾਰਤ ਨੂੰ ਜਾਪਾਨ ਦੇ ਹੱਥੋਂ 1-2 ਨਾਲ ਹਾਰਕੇ ਚਾਂਦੀ ਦੇ ਤਗਮੇ `ਤੇ ਸਬਰ ਕਰਨਾ ਪਿਆ। ਜਾਪਾਨ ਦੇ ਲਈ ਸਿ਼ਹੋਰੀ ਓਈਕਾਵਾ ਨੇ 11ਵੇਂ ਅਤੇ ਮੋਤੋਮੀ ਕਾਵਾਮੁਰਾ ਨੇ 44ਵੇਂ ਮਿੰਟ `ਚ ਗੋਲ ਕੀਤੇ। ਉਥੇ ਭਾਰਤੀ ਟੀਮ ਦੇ ਲਈ ਨੇਹਾਲ ਗੋਇਲ ਨੇ 25ਵੇਂ ਮਿੰਟ `ਚ ਗੋਲ ਕੀਤਾ।
ਇਸ ਹਾਰ ਨਾਲ ਹੀ ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ `ਚ 36 ਸਾਲ ਬਾਅਦ ਦੂਜਾ ਸੋਨ ਤਗਮਾ ਜਿੱਤਣ ਤੋਂ ਰਹਿ ਗਈ। ਭਾਰਤ ਨੇ 1982 `ਚ ਨਵੀਂ ਦਿੱਲੀ `ਚ ਹੋਏ ਨੌਵੇਂ ਏਸ਼ੀਆਈ ਖੇਡਾਂ `ਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਸੀ। ਸੋਨ ਤੋਂ ਰਹਿਣ ਕਾਰਨ ਭਾਰਤੀ ਮਹਿਲਾ ਟੀਮ ਨੂੰ ਟੋਕੀਓ ਓਲੰਪਿਕ 2020 ਦਾ ਟਿਕਟ ਵੀ ਗੁਆਉਣਾ ਪਿਆ। ਟੋਕੀਓ ਓਲੰਪਿਕ ਖੇਡਣ ਲਈ ਭਾਰਤੀ ਟੀਮ ਨੂੰ ਹੁਣ ਕੁਆਲੀਫਾਈ ਮੈਚ ਖੇਡਣੇ ਪੈਣਗੇ।
ਭਾਰਤ ਨੂੰ ਮੁਕਾਬਲੇ ਦੇ 10ਵੇਂ ਮਿੰਟ `ਚ ਪੈਨਲਟੀ ਕਾਰਨਰ ਮਿਲਿਆ ਜਿਸ `ਤੇ ਉਸਦੇ ਖਿਡਾਰੀ ਗੋਲ ਕਰਨ ਤੋਂ ਰਹਿ ਗਏ। ਉਥੇ ਜਾਪਾਨ ਨੇ 11ਵੇਂ ਮਿੰਟ `ਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ `ਚ ਬਦਲਕੇ ਮੈਚ `ਚ 1- ਦੀ ਵੜਤ ਹਾਸਲ ਕਰ ਲਈ। ਪਹਿਲੇ ਕਵਾਟਰ `ਚ 0-1 ਨਾਲ ਪਿਛੜਨ ਦੇ ਬਾਅਦ ਭਾਰਤੀ ਮਹਿਲਾਵਾਂ ਨੇ ਦੂਜੇ ਕਵਾਟਰ `ਚ ਚੰਗੀ ਵਾਪਸੀ ਕੀਤੀ ਅਤੇ ਗੇਂਦ ਨੂੰ ਆਪਣੇ ਕੰਟਰੋਲ `ਚ ਰੱਖਿਆ। ਭਾਰਤੀ ਟੀਮ ਨੂੰ ਇਸਦਾ ਲਾਭ ਉਸ ਸਮੇਂ ਮਿਲਿਆ ਜਦੋਂ ਨੇਹਾ ਨੇ 25ਵੇਂ ਮਿੰਟ `ਚ ਨਵਨੀਤ ਦੇ ਰਿਵਰਸ ਸ਼ਾਟ `ਤੇ ਗੇਂਦ ਨੂੰ ਨੈਟ ਦੇ ਅੰਦਰ ਡਿਫਲੇਕਸ਼ਨ ਕਰ ਭਾਰਤ ਨੂੰ 1-1 ਦੀ ਅਹਿਮ ਬਰਾਬਰੀ ਦਿਵਾ ਦਿੱਤੀ।
ਜਾਪਾਨ ਨੂੰ 44 ਮਿੰਟ `ਚ ਪੈਨਲਟੀ ਕਾਰਨਰ ਮਿਲਿਆ ਜਿਸ `ਤੇ ਮੋਤੋਮੀ ਕਾਵਾਮੁਰਾ ਨੇ ਗੋਲ ਕਰ ਆਪਣੀ ਟੀਮ ਨੂੰ 2-1 ਦੀ ਮਹੱਤਵਪੂਰਣ ਵੜਤ ਦਿਵਾ ਦਿੱਤੀ। ਹਾਲਾਂਕਿ ਭਾਰਤੀ ਟੀਮ ਕੋਲ ਚੌਥੇਂ ਕਵਾਟਰ ਦੇ ਆਖਿਰੀ ਮਿੰਟ `ਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਸੀ। ਪ੍ਰੰਤੂ ਵੰਦਨਾ ਇਹ ਮੌਕਾ ਚੂਕ ਗਈ ਅਤੇ ਭਾਰਤੀ ਟੀਮ ਬਰਾਬਰੀ ਹਾਸਲ ਨਹੀਂ ਕਰ ਸਕੀ ਅਤੇ ਭਾਰਤ ਨੇ ਮੈਚ ਗੁਆ ਦਿੱਤਾ।