ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਪ੍ਰਭਾਵਿਤ ਗਰੀਬਾਂ ਦੀ ਇਸ ਤਰ੍ਹਾਂ ਮਦਦ ਕਰੇਗੀ ਭਾਰਤੀ ਮਹਿਲਾ ਹਾਕੀ ਟੀਮ 

ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਕੋਵਿਡ-19 ਮਹਾਂਮਾਰੀ ਕਾਰਨ ਲਾਗੂ ਲੌਕਡਾਊਨ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਫਿਟਨੈਸ ਚੁਣੌਤੀ ਦੀ ਸ਼ੁਰੂਆਤ ਕੀਤੀ ਹੈ। ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ 3 ਮਈ ਤੱਕ ਲੌਕਡਾਊਨ ਲਾਗੂ ਹੈ।
 

ਮਹਿਲਾ ਹਾਕੀ ਖਿਡਾਰੀਆਂ ਨੇ ਦੇਸ਼ਪੱਧਰੀ ਬੰਦ ਦੌਰਾਨ ਘੱਟੋ-ਘੱਟ 1000 ਪਰਿਵਾਰਾਂ ਨੂੰ ਖਾਣਾ ਖੁਆਉਣ ਦੇ ਉਦੇਸ਼ ਨਾਲ ਲੋਕਾਂ ਦੀ ਭਾਗੀਦਾਰੀ ਰਾਹੀਂ ਰਾਹਤ ਫੰਡ ਇਕੱਤਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਕਿਰਿਆਸ਼ੀਲ ਜੀਵਨਸ਼ੈਲੀ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
 

ਹਾਕੀ ਇੰਡੀਆ ਵੱਲੋਂ ਜਾਰੀ ਕੀਤੀ ਇੱਕ ਰੀਲਿਜ਼ 'ਚ ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ, "ਅਸੀਂ ਰੋਜ਼ਾਨਾ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਪੜ੍ਹ ਰਹੇ ਹਾਂ ਕਿ ਬਹੁਤ ਸਾਰੇ ਲੋਕ ਭੋਜਨ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਟੀਮ ਦੇ ਰੂਪ 'ਚ ਇਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।"
 

ਰਾਣੀ ਨੇ ਕਿਹਾ, "ਅਸੀਂ ਸੋਚਿਆ ਕਿ ਇੱਕ ਆਨਲਾਈਨ ਫਿਟਨੈਸ ਚੁਣੌਤੀ ਸਭ ਤੋਂ ਵਧੀਆ ਤਰੀਕਾ ਹੋਵੇਗਾ। ਅਸੀਂ ਲੋਕਾਂ ਨੂੰ ਦੇਸ਼ਪੱਧਰੀ ਬੰਦ ਦੌਰਾਨ ਸਰਗਰਮ ਰਹਿਣ ਦੀ ਅਪੀਲ ਕਰ ਸਕਦੇ ਹਾਂ। ਇਸ ਪਹਿਲ ਜ਼ਰੀਏ ਸਾਡਾ ਟੀਚਾ ਹੈ ਕਿ ਘੱਟੋ-ਘੱਟ 1000 ਪਰਿਵਾਰਾਂ ਦੇ ਭੋਜਨ ਲਈ ਲੋੜੀਂਦੇ ਫੰਡ ਇਕੱਤਰ ਕੀਤੇ ਜਾਣ।"
 

ਲੋਕਾਂ ਦੀ ਭਾਗੀਦਾਰੀ ਤੋਂ ਪ੍ਰਾਪਤ ਹੋਣ ਵਾਲਾ ਪੈਸਾ ਦਿੱਲੀ ਸਥਿੱਤ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ਉਦੈ ਫ਼ਾਉਂਡੇਸ਼ਨ ਨੂੰ ਦਾਨ ਕੀਤਾ ਜਾਵੇਗਾ। ਇਸ ਦੀ ਵਰਤੋਂ ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਬਿਮਾਰ ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ।
 

ਇਸ ਫੰਡ ਦੇ ਤਹਿਤ ਖਾਣਾ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾਉਣ ਤੋਂ ਇਲਾਵਾ ਲੋਕਾਂ ਨੂੰ ਸਾਫ਼-ਸਫ਼ਾਈ ਲਈ ਜ਼ਰੂਰੀ ਵਸਤਾਂ ਜਿਵੇਂ ਸੈਨੀਟਾਈਜ਼ਰ ਅਤੇ ਸਾਬਣ ਵੀ ਦਿੱਤੇ ਜਾਣਗੇ। ਇਸ ਚੁਣੌਤੀ ਤਹਿਤ ਮਹਿਲਾ ਟੀਮ ਦੀਆਂ ਖਿਡਾਰਣਾਂ ਸੋਸ਼ਲ ਮੀਡੀਆ ਜ਼ਰੀਏ ਕਈ ਫਿਟਨੈਸ ਚੁਣੌਤੀ ਦਿੰਦੀਆਂ ਵਿਖਾਈ ਦੇਣਗੀਆਂ, ਜਿਸ ਵਿੱਚ ਬਰਪੀ, ਲੁੰਜੇਸ, ਸਕਵੈਟਸ ਟੂ ਸਪਾਈਡਰ ਮੈਨ ਪੁਸ਼ਅਪਸ ਅਤੇ ਪੋਗੋ ਹਾਪਸ ਵਰਗੀਆਂ ਕਸਰਤਾਂ ਸ਼ਾਮਲ ਹਨ।
 

ਰੋਜ਼ਾਨਾ ਖਿਡਾਰੀ ਇੱਕ ਨਵੀਂ ਚੁਣੌਤੀ ਦੇਵੇਗਾ ਅਤੇ 10 ਲੋਕਾਂ ਨੂੰ ਟੈਗ ਕਰੇਗਾ ਤੇ ਇਸ ਲਈ 100 ਰੁਪਏ ਦਾਨ ਕਰਨ ਦੀ ਬੇਨਤੀ ਕਰੇਗਾ। ਟੀਮ ਦੀ ਉਪ ਕਪਤਾਨ ਸਵਿਤਾ ਨੇ ਕਿਹਾ, "ਹਰ ਰੋਜ ਅਸੀਂ ਇੱਕ ਮਜ਼ੇਦਾਰ ਨਵੀਂ ਚੁਣੌਤੀ ਦੇਵਾਂਗੇ ਜੋ ਕੋਈ ਵੀ ਕਰ ਸਕਦਾ ਹੈ। ਜਿਹੜਾ ਵੀ ਵਿਅਕਤੀ ਇਸ ਚੁਣੌਤੀ ਨੂੰ ਸਵੀਕਾਰ ਕਰੇਗਾ, ਉਹ 100 ਰੁਪਏ ਜਾਂ ਵੱਧ ਦਾਨ ਕਰ ਸਕਦਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਨੇਕ ਕੰਮ ਲਈ ਸਾਡਾ ਸਮਰਥਨ ਕਰਨਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian women hockey team to raise funds for poor and migrant workers affected by lockdown