ਆਈਪੀਐਲ 2019 ਦਾ 15ਵਾਂ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਚ ਮੁੰਬਈ ਇੰਡੀਅੰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਚ ਮੁੰਬਈ ਨੇ ਚੇਨਈ ਨੂੰ 37 ਰਨਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਮੁੰਬਈ ਨੇ ਜਿੱਥੇ ਚਾਰ ਮੈਚਾਂ ਚ ਆਪਣੀ ਦੂਜੀ ਜਿੱਤ ਦਰਜ ਕੀਤੀ ਤਾਂ ਉਥੇ ਹੀ ਚੇਨਈ ਦੀ ਚਾਰ ਮੈਚਾਂ ਚ ਇਹ ਪਹਿਲੀ ਹਾਰ ਰਹੀ।
ਮੁੰਬਈ ਵਲੋਂ ਦਿੱਤੇ ਗਏ 171 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ 20 ਓਵਰਾਂ ਚ 8 ਵਿਕਟਾਂ ਤੇ 133 ਰਨ ਹੀ ਬਣਾ ਸਕੀ। ਚੇਨਈ ਵਲੋਂ ਸਿਰਫ ਕੇਦਾਰ ਜਾਧਵ ਨੇ ਹੀ 58 ਰਨਾਂ ਦੀ ਅਰਧ ਸੈਂਕੜਾ ਪਾਰੀ ਖੇਡਣ ਚ ਕਾਮਯਾਬੀ ਪਾਈ।
ਜਾਧਵ ਨੇ ਆਪਣੀ ਪਾਰੀ ਚ 54 ਗੇਂਦਾਂ ਦਾ ਸਾਹਮਣਾ ਕੀਤਾ ਜਦਕਿ 8 ਚੌਕੇ ਤੇ 1 ਛੱਕਾ ਮਾਰਿਆ। ਮੁੰਬਈ ਲਈ ਹਾਰਦਿਕ ਪਾਂਡਿਆ ਅਤੇ ਲਸਿਥ ਮਲਿੰਗਾ ਨੇ 3-3 ਅਤੇ ਜੇਸਨ ਬੇਹਰੇਨਡੋਰਫ਼ ਨੇ 2 ਵਿਕਟਾਂ ਲਈਆਂ। ਹਾਰਦਿਕ ਪਾਂਡਿਆ ਨੂੰ ਉਨ੍ਹਾਂ ਦੇ ਕਮਾਲ ਦੇ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦਾ ਮੈਚ’ ਚੁਣਿਆ ਗਿਆ।
ਇਸ ਤੋਂ ਪਹਿਲਾਂ, ਸੁਰਿਆਕੁਮਾਰ ਯਾਦਵ ਦੀ ਸ਼ਾਨਦਾਰ ਬੱਲੇਬਾਜ਼ੀ (59) ਕਾਰਨ ਮੁੰਬਈ ਨੇ ਬੁੱਧਵਾਰ ਨੂੰ ਚੇਨਈ ਸਾਹਮਣੇ ਜਿੱਤ ਲਈ 171 ਰਨਾਂ ਦਾ ਟੀਚਾ ਰਖਿਆ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ ਚ ਖੇਡੇ ਜਾ ਰਹੇ ਇੰਡੀਅਨ ਟੀ–20 ਲੀਗ ਦੇ 15ਵੇਂ ਮੁਕਾਬਲੇ ਚ ਮੇਜ਼ਬਾਨ ਮੁੰਬਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਕੁੱਲ 20 ਓਵਰਾਂ ਚ 5 ਵਿਕਟਾਂ ਦੇ ਨੁਕਸਾਨ ਤੇ 170 ਰਨ ਬਣਾਏ।
ਪੋਲਾਰਡ (17*) ਦੇ ਨਾਲ ਹਾਰਦਿਕ ਪਾਂਡਿਆ ਨੇ 25 ਰਨਾਂ ਦੀ ਪਾਰੀ ਖੇਡ ਕੇ ਨਾਬਾਦ ਪਰਤੇ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਵਿਚਾਲੇ 45 ਰਨਾਂ ਦੀ ਨਾਬਾਦ ਸਾਂਝ ਹੋਈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜਬਾਨ ਟੀਮ ਮੁੰਬਈ ਨੇ ਹੋਲੀ ਸ਼ੁਰੂਆਤ ਕੀਤੀ ਹੈ।
IPL 2019: ਮੁੰਬਈ ਨੇ ਚੇਨਈ ਨੂੰ 37 ਰਨਾਂ ਨਾਲ ਹਰਾਇਆ, ਤਸਵੀਰਾਂ
.