ਆਈਪੀਐੱਲ ਦੇ 12ਵੇਂ ਸੰਸਕਰਣ ਦਾ 27ਵਾਂ ਮੁਕਾਬਲਾ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਨੇ ਰਾਜਸਥਾਨ ਸਾਹਵੇਂ ਜਿੱਤ ਲਈ 188 ਦੌੜਾਂ ਦਾ ਟੀਚਾ ਰੱਖਿਆ ਸੀ ਤੇ ਰਾਜਸਥਾਨ ਨੇ ਮੁੰਬਈ ਨੂੰ 4 ਵਿਕੇਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਰਾਜਸਥਾਨ ਦੀ ਟੀਮ ਨੇ ਆਪਣਾ ਟੀਚਾ 19.3 ਓਵਰਾਂ ਵਿੱਚ ਛੇ ਵਿਕੇਟਾਂ ਗੁਆ ਕੇ ਹਾਸਲ ਕੀਤਾ। ਰਾਜਸਥਾਨ ਦੇ ਜੋਸ ਬਟਲਰ ਨੇ 43 ਗੇਂਦਾਂ ਵਿੰਚ 8 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਪਾਰੀ ਖੇਡੀ।
ਕਪਤਾਨ ਅਜਿੰਕੇ ਰਹਾਣੇ ਨੇ 37 ਤੇ ਸੰਜੂ ਸੈਮਸਨ ਨੇ 31 ਦੌੜਾਂ ਬਣਾਈਆਂ। ਸ਼੍ਰੇਯਸ ਗੋਪਾਲ ਨੇ ਚੌਕੇ ਨਾਲ ਰਾਜਸਥਾਨ ਨੂੰ ਜਿੱਤ ਦਿਵਾਈ ਤੇ 13 ਦੌੜਾਂ ਬਣਾ ਕੇ ਨਾਟ–ਆਊਟ ਪਰਤੇ। ਮੁੰਬਈ ਇੰਡੀਅਨਜ਼ ਲਈ ਕਰੁਣਾਲ ਪੰਡਿਆ ਨੇ 3 ਤੇ ਜਸਪ੍ਰੀਤ ਬੁਮਰਾਹ ਨੇ 2 ਵਿਕੇਟਾਂ ਲਈਆਂ। ਰਾਹੁਲ ਚਾਹਰ ਨੂੰ 1 ਵਿਕੇਟ ਮਿਲੀ। ਜੋਸ ਬਟਲਰ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ।
ਮੁੰਬਈ ਵੱਲੋਂ ਕੁਇੰਟਨ ਡੀ ਕਾੱਕ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਉਨ੍ਹਾਂ ਨੇ ਰੋਹਿਤ ਸ਼ਰਮਾ (47) ਤੇ ਹਾਰਦਿਕ ਪੰਡਿਆ (28 – ਨਾਟ ਆਊਟ) ਦਾ ਵਧੀਆ ਸਹਿਯੋਗ ਮਿਲਿਆ। ਇਸੇ ਦੇ ਦਮ ਉੱਤੇ ਮੁੰਬਈ ਇੰਡੀਅਨਜ਼ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕੇਟ ਗੁਆ ਕੇ 187 ਦੌੜਾਂ ਬਣਾਈਆਂ। ਰਾਜਸਥਾਨ ਰਾਇਲਜ਼ ਲਈ ਜੋਫ਼ਰਾ ਆਰਚਰ ਨੇ 3 ਵਿਕੇਟਾਂ ਲਈਆਂ। ਧਵਲ ਕੁਲਕਰਨੀ ਤੇ ਜੈਦੇਵ ਉਨਾਦਕਟ ਦੇ ਹੱਥ 1–1 ਕਾਮਯਾਬੀ ਲੱਗੀ।
ਇਸ ਤੋਂ ਪਹਿਲਾਂ 17ਵੇਂ ਓਵਰ ਦੀ ਸਮਾਪਤੀ ਮੌਕੇ ਮੁੰਬਈ ਇੰਡੀਅਨਜ਼ ਨੇ 3 ਵਿਕੇਟਾਂ ਗੁਆ ਕੇ 145 ਦੌੜਾਂ ਬਣਾ ਲਈਆਂ ਸਨ। ਕੁਇੰਟਨ ਡੀ ਕਾਕ 73 ਉੱਤੇ ਹਾਰਦਿਕ ਪੰਡਿਆ ਨਾਲ ਬੱਲੇਬਾਜ਼ੀ ਕਰ ਰਹੇ ਹਨ। ਜੋਫ਼ਰਾ ਆਰਚਰ ਨੇ ਇਸ ਓਵਰ ਵਿੱਚ ਕੀਰਨ ਪੋਲਾਰਡ ਨੂੰ ਸ਼੍ਰੇਯਸ ਗੋਪਾਲ ਦੇ ਹੱਥੋਂ ਕੈਚ–ਆਊਟ ਕਰਵਾਇਆ। ਪੋਲਾਰਡ ਸਿਰਫ਼ 6 ਦੌੜਾਂ ਹੀ ਬਣਾ ਸਕੇ।
ਇਸ ਤੋਂ ਪਹਿਲਾਂ 14ਵੇਂ ਓਵਰ ਦੀ ਸਮਾਪਤੀ ਮੌਕੇ ਮੁੰਬਈ ਇੰਡੀਅਨਜ਼ ਦਾ ਸਕੋਰ 2 ਵਿਕੇਟਾਂ ਉੱਤੇ 124 ਦੌੜਾਂ ਸੀ। ਧਵਲ ਕੁਲਕਰਨੀ ਨੇ ਆਪਣੇ ਇਸ ਓਵਰ ਵਿੱਚ ਸੂਰਯਾ ਕੁਮਾਰ ਯਾਦਵ ਨੂੰ ਪੈਵੇਲੀਅਨ ਵਾਪਸ ਭੇਜਿਆ। ਸੂਰਯਾ ਕੁਮਾਰ ਨੇ ਆਊਟ ਹੋਣ ਤੋਂ ਪਹਿਲਾਂ 10 ਗੇਂਦਾਂ ਵਿੱਚ 1 ਛੱਕੇ ਦੀ ਮਦਦ ਨਾਲ 16 ਦੌੜਾਂ ਬਣਾਈਆਂ।