ਇੰਡੀਅਨ ਪ੍ਰੀਮੀਅਰ ਲੀਗ 2019 ਦਾ 28ਵਾਂ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚਾਲੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਮੋਹਾਲੀ ਸਥਿਤ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਗਿਆ। ਰਾਇਲ ਚੈਲੇਂਜਰਸ ਬੰਗਲੌਰ ਨੇ ਇਹ ਮੈਚ 8 ਵਿਕੇਟਾਂ ਨਾਲ ਜਿੱਤ ਲਿਆ, ਜਦ ਕਿ ਹਾਲੇ 20 ਓਵਰਾਂ ਵਿੱਚੋਂ 4 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ। ਬੰਗਲੌਰ ਦੀ ਟੀਮ ਦੇ ਸਿਰਫ਼ 2 ਖਿਡਾਰੀ ਆਊਟ ਹੋਏ ਤੇ ਟੀਮ ਨੇ 19.2 ਓਵਰਾਂ ਵਿੱਚ 174 ਦੌੜਾਂ ਦਾ ਟੀਚਾ ਪੂਰਾ ਕਰ ਲਿਆ।
ਇਸ ਤੋਂ ਪਹਿਲਾਂ ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਚਾਰ ਵਿਕੇਟਾਂ ਗੁਆ ਕੇ 173 ਦੌੜਾਂ ਬਣਾ ਲਈਆਂ ਸਨ। ਪੰਜਾਬ ਲਈ ਕ੍ਰਿਸ ਗੇਲ ਨੇ ਸਭ ਤੋਂ ਵੱਧ ਨਾਟ–ਆਊਟ 99 ਦੌੜਾਂ ਦੀ ਪਾਰੀ ਖੇਡੀ। ਬੰਗਲੌਰ ਲਈ ਚਹਿਲ ਨੇ 2 ਵਿਕੇਟਾਂ ਲਈਆਂ। ਸਿਰਾਜ ਤੇ ਮੋਈਨ ਅਲੀ ਨੂੰ 1–1 ਸਫ਼ਲਤਾ ਹੱਥ ਲੱਗੀ।
ਆਈਪੀਐੱਲ ਦੇ ਇਸ ਸੀਜ਼ਨ ਵਿੱਚ ਰਾਇਲ ਚੈਲੇਂਜਰਸ ਬੰਗਲੌਰ ਦਾ ਪ੍ਰਦਰਸ਼ਨ ਹੁਣ ਤੱਕ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ ਤੇ ਉਸ ਨੇ ਛੇ ਵਿੱਚੋਂ ਸਾਰੇ ਮੈਚ ਹਾਰੇ ਹਨ। ਜੇ ਹੁਣ ਉਸ ਨੇ ਇੱਕ ਵੀ ਮੈਚ ਹੋਰ ਹਾਰਿਆ, ਤਾਂ ਉਹ ਪਲੇਆਫ਼ ’ਚੋਂ ਬਾਹਰ ਹੋ ਜਾਵੇਗੀ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ 7 ਮੈਚਾਂ ਵਿਚੋਂ ਚਾਰ ਵਿੱਚ ਜਿੱਤ ਦਰਜ ਕੀਤੀ ਹੈ ਤੇ ਉਸ ਨੂੰ 3 ਮੁਕਾਬਲਿਆਂ ਵਿੱਚ ਹਾਰ ਝੱਲਣੀ ਪਈ ਹੈ।
ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਪੰਜਾਬ ਨੂੰ ਤੀਜਾ ਝਟਕਾ ਦਿੰਦਿਆਂ ਨੌਜਵਾਨ ਬੱਲੇਬਾਜ਼ ਸਰਫ਼ਰਾਜ਼ ਖ਼ਾਨ ਨੂੰ ਪੈਵੇਲੀਅਨ ਭੇਜਿਆ। 10ਵੇਂ ਓਵਰ ਦੀ ਸਮਾਪਤੀ ਮੌਕੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ 2 ਵਿਕੇਟਾਂ ਦੇ ਨੁਕਸਾਨ ਨਾਲ 90 ਦੌੜਾਂ ਸੀ। ਕ੍ਰਿਸ ਗੇਲ ਤੇ ਸਰਫ਼ਰਾਜ਼ ਖ਼ਾਨ 1 ਦੌੜ ਬਣਾ ਕੇ ਕ੍ਰੀਜ਼ ਉੱਤੇ ਸਨ। ਯੁਜਵੇਂਦਰ ਚਹਿਲ ਨੇ ਮਯੰਕ ਅਗਰਵਾਲ ਨੂੰ ਕਲੀਨ–ਬੋਲਡ ਕਰ ਕੇ ਪੰਜਾਬ ਦਾ ਦੂਜਾ ਵਿਕੇਟ ਲਿਆ। ਮਯੰਕ ਅਗਰਵਾਲ ਨੇ 15 ਦੌੜਾਂ ਬਣਾਈਆਂ।
7ਵੇਂ ਓਵਰ ਦੀ ਸਮਾਪਤੀ ਉੱਤੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ 1 ਵਿਕੇਟ ਦੇ ਨੁਕਸਾਨ ਉੱਤੇ 69 ਦੌੜਾਂ ਸੀ। ਕ੍ਰਿਸ ਗੇਲ 48 ਤੇ ਮਯੰਕ ਅਗਰਵਾਲ 1 ਦੌੜ ਬਣਾ ਕੇ ਖੇਡ ਰਹੇ ਸਨ। ਯੁਜਵੇਂਦਰ ਚਹਿਲ ਨੇ ਆਪਣੇ ਇਸ ਓਵਰ ਵਿੱਚ ਲੋਕੇਸ਼ ਰਾਹੁਲ ਨੂੰ ਪਾਰਥਿਵ ਪਟੇਲ ਦੇ ਹੱਥੋਂ ਸਟੰਪ ਆਊਟ ਕਰਵਾਇਆ। ਰਾਹੁਲ ਨੇ 18 ਦੌੜਾਂ ਬਣਵਾਈਆਂ।