ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਸ਼ਨਿੱਚਰਵਾਰ ਸ਼ਾਮ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਆਪਣੀ ਸੇਵਾਮੁਕਤੀ ਦਾ ਐਲਾਨ ਕਰਦਿਆਂ ਪਠਾਨ ਨੇ ਕਿਹਾ ਕਿ ਅੱਜ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਰਿਹਾ ਹਾਂ। ਇਹ ਮੇਰੇ ਲਈ ਭਾਵਨਾਤਮਕ ਪਲ ਹੈ, ਪਰ ਇਹ ਉਹ ਪਲ ਹੈ ਜੋ ਹਰ ਖਿਡਾਰੀ ਦੇ ਜੀਵਨ ਵਿਚ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ, ਵੀਵੀਐਸ ਲਕਸ਼ਮਣ ਅਤੇ ਦ੍ਰਾਵਿੜ ਵਰਗੇ ਮਹਾਨ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ, ਜਿਸ ਦੀ ਹਰ ਕੋਈ ਇੱਛਾ ਰੱਖਦਾ ਹੈ। ਉਨ੍ਹਾਂ ਨੇ ਆਪਣੀ ਟੀਮ ਦੇ ਸਾਰੇ ਮੈਂਬਰਾਂ, ਸਾਰੇ ਕੋਚਾਂ, ਸਹਾਇਕ ਸਟਾਫ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਪਠਾਨ ਨੇ ਕਿਹਾ ਕਿ ਮੈਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਹਮੇਸ਼ਾਂ ਮੇਰਾ ਸਮਰਥਨ ਕੀਤਾ।
ਉਹ ਸੰਨਿਆਸ ਦਾ ਐਲਾਨ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਉਹ ਖੇਡ ਛੱਡ ਰਿਹਾ ਹਾਂ ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਇਰਫਾਨ ਨੇ ਸਾਲ 2003 ਵਿੱਚ ਐਡੀਲੇਡ ਮੈਦਾਨ ਵਿੱਚ ਆਸਟਰੇਲੀਆ ਖ਼ਿਲਾਫ਼ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਦੱਖਣੀ ਅਫਰੀਕਾ ਦੇ ਖਿਲਾਫ 2 ਅਕਤੂਬਰ 2012 ਨੂੰ ਖੇਡਿਆ।
ਪਠਾਨ ਨੇ ਭਾਰਤ ਲਈ 29 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ 32.26 ਦੀ ਔਸਤ ਨਾਲ 100 ਵਿਕਟਾਂ ਹਾਸਲ ਕੀਤੀਆਂ ਹਨ, ਜਦਕਿ ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 59 ਦੌੜਾਂ 'ਤੇ 7 ਵਿਕਟਾਂ ਹਨ। ਟੈਸਟ ਚ ਉਨ੍ਹਾਂ ਨੇ ਦੋ ਵਾਰ 10 ਜਾਂ ਵਧੇਰੇ ਵਿਕਟਾਂ ਅਤੇ ਸੱਤ ਵਾਰ 5 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 31.57 ਦੀ ਔਸਤ ਨਾਲ 1105 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਅਤੇ ਛੇ ਅਰਧ ਸੈਂਕੜੇ ਸ਼ਾਮਲ ਹਨ।
ਕ੍ਰਿਕੇਟ ਦੀ ਪੂਰੀ ਦੁਨੀਆ ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਪਠਾਨ ਨੇ 120 ਵਨਡੇ ਮੈਚਾਂ ਚ 173 ਵਿਕਟਾਂ ਲਈਆਂ ਹਨ ਅਤੇ 1544 ਦੌੜਾਂ ਵੀ ਬਣਾਈਆਂ ਹਨ। ਉਨ੍ਹਾਂ ਦੇ ਨਾਮ ਅਰਧਸੈਂਕੜੇ ਵੀ ਹਨ ਜਦਕਿ ਟੀ-20 ਵਿਚ ਇਰਫਾਨ ਨੇ 24 ਮੈਚਾਂ ਚ 28 ਵਿਕਟਾਂ ਲਈਆਂ ਹਨ ਅਤੇ 172 ਦੌੜਾਂ ਬਣਾਈਆਂ ਹਨ।