ਭਾਰਤੀ ਟੀਮ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਸਨਿੱਚਰਵਾਰ ਤੋਂ ਨਿਊਜ਼ੀਲੈਂਡ ਵਿਰੁੱਧ ਕ੍ਰਾਈਸਟਚਰਚ 'ਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਬਾਹਰ ਹੋਏ ਹਨ। ਇਸ਼ਾਂਤ ਦੇ ਗਿੱਟੇ 'ਚ ਸੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ਼ਾਂਤ ਪਿਛਲੇ ਕਈ ਦਿਨਾਂ ਤੋਂ ਨੈਟਸ 'ਚ ਗੇਂਦਬਾਜ਼ੀ ਅਭਿਆਸ ਕਰ ਰਹੇ ਸਨ, ਪਰ ਸ਼ੁੱਕਰਵਾਰ ਨੂੰ ਉਹ ਨੈਟਸ 'ਚ ਨਹੀਂ ਵਿਖਾਈ ਦਿੱਤੇ। ਉਨ੍ਹਾਂ ਨੇ ਟੀਮ ਮੈਨੇਜਮੈਂਟ ਨੂੰ ਗਿੱਟੇ 'ਚ ਦਰਦ ਦੀ ਸ਼ਿਕਾਇਤ ਕੀਤੀ ਹੈ।
ਇੱਕ ਸੂਤਰ ਨੇ ਆਈਏਐਨਐਸ ਨੂੰ ਪੁਸ਼ਟੀ ਕੀਤੀ ਹੈ ਕਿ ਇਸ਼ਾਂਤ ਦੂਜਾ ਟੈਸਟ ਨਹੀਂ ਖੇਡਣਗੇ। ਇਸ਼ਾਂਤ ਸ਼ਰਮਾ ਨੇ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਟੈਸਟ ਤੋਂ ਬਾਹਰ ਹੋ ਗਏ ਹਨ। ਦਸੰਬਰ 'ਚ ਰਣਜੀ ਟਰਾਫੀ ਵਿੱਚ ਵਿਦਰਭ ਵਿਰੁੱਧ ਖੇਡਦਿਆਂ ਉਨ੍ਹਾਂ ਨੂੰ ਇਹ ਸੱਟ ਲੱਗੀ ਸੀ ਪਰ ਉਹ ਠੀਕ ਹੋ ਗਏ ਸਨ ਅਤੇ ਨਿਊਜ਼ੀਲੈਂਡ ਦੌਰੇ 'ਤੇ ਆ ਕੇ ਪਹਿਲਾ ਟੈਸਟ ਮੈਚ ਖੇਡਿਆ ਸੀ।
ਇਸ਼ਾਂਤ ਦੀ ਥਾਂ ਪਲੇਇੰਗ-11 'ਚ ਸ਼ਾਮਿਲ ਹੋਣ ਲਈ ਉਮੇਸ਼ ਯਾਦਵ ਅਤੇ ਨਵਦੀਪ ਸੈਣੀ ਵਿਚਕਾਰ ਜੰਗ ਚੱਲ ਰਹੀ ਹੈ। ਨਵਦੀਪ ਨੇ ਅਜੇ ਆਪਣਾ ਟੈਸਟ ਡੈਬਿਊ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਪੈਰ 'ਚ ਲੱਗੀ ਸੱਟ ਠੀਕ ਹੋ ਗਈ ਹੈ ਅਤੇ ਉਹ ਖੇਡਣ ਲਈ ਤਿਆਰ ਹਨ।