ਟੋਕੀਓ ਉਲੰਪਿਕਸ–2020 ਨੂੰ ਲੈ ਕੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਦਾ ਵੱਡਾ ਬਿਆਨ ਆਇਆ ਹੈ। ਸ੍ਰੀ ਅਬੇ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਜੇ ਕੋਰੋਨਾ ਵਾਇਰਸ ਦੀ ਛੂਤ ਫੈਲਣ ਦਾ ਖ਼ਤਰਾ ਇੰਝ ਹੀ ਵਧਦਾ ਰਿਹਾ, ਤਾਂ ਉਲੰਪਿਕ ਖੇਡਾਂ ਮੁਲਤਵੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਹੁਣ ਤੱਕ ਜਾਪਾਨ ਦੇ ਪ੍ਰਧਾਨ ਮੰਤਰੀ ਉਲੰਪਿਕ ਖੇਡਾਂ ਮਿੱਥੇ ਸਮੇਂ ’ਤੇ ਕਰਵਾਉਣ ਲਈ ਪ੍ਰਤੀਬੱਧ ਸਨ ਤੇ ਇਹ ਖੇਡਾਂ ਮੁਲਤਵੀ (ਪੋਸਟਪੋਨ ਕਰਨ ਜਾਂ ਅੱਗੇ ਪਾਉਣ) ਨਾ ਕਰਨ ਦੀ ਗੱਲ ਆਖ ਰਹੇ ਸਨ।
ਸ੍ਰੀ ਅਬੇ ਨੇ ਜਾਪਾਨ ਦੀ ਸੰਸਦ ’ਚ ਕਿਹਾ ਕਿ ਉਨ੍ਹਾਂ ਦਾ ਦੇਸ਼ ਹਾਲੇ ਵੀ ਉਲੰਪਿਕ ਖੇਡਾਂ ਸਫ਼ਲਤਾਪੂਰਬਕ ਕਰਵਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਪਰ ਜੇ ਇਹ ਔਖਾ ਹੁੰਦਾ ਹੈ, ਤਾਂ ਐਥਲੀਟਾਂ ਦੀ ਸੁਰੱਖਿਆ ਨੂੰ ਵੇਖਦਿਆਂ ਇਹ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਲੈਣਾ ਹੀ ਹੋਵੇਗਾ।
ਉਲੰਪਿਕ ਖੇਡਾਂ ਦੀ ਸ਼ੁਰੂਆਤ 24 ਜੁਲਾਈ ਨੂੰ ਹੋਣੀ ਹੈ, ਜਦ ਕਿ ਦੁਨੀਆ ਭਰ ਦੇ ਸਾਰੇ ਹੀ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਛੂਤ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅਜਿਹੇ ਹਾਲਾਤ ’ਚ ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਨੇ ਪਹਿਲਾ ਵਾਰ ਕਿਹਾ ਹੈ ਕਿ ਇਹ ਖੇਡਾਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ।
ਇਸ ਦੌਰਾਨ ਇੰਟਰਨੈਸ਼ਨਲ ਉਲੰਪਿਕ ਕਮੇਟੀ (IOC) ਨੇ ਵੀ ਉਲੰਪਿਕ ਖੇਡਾਂ ਨੂੰ ਲੈ ਕੇ ਕਿਹਾ ਹੈ ਕਿ ਅਜਿਹੇ ਹਾਲਾਤ ’ਚ ਉਲੰਪਿਕ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਨੇ ਕਿਹਾ ਕਿ ਉਲੰਪਿਕ ਖੇਡਾਂ ਨੂੰ ਰੱਦ ਕਰਨਾ ਕੋਈ ਰਾਹ ਜਾਂ ਵਿਕਲਪ ਨਹੀਂ ਹੈ। ਉੱਧਰ IOC ਦੇ ਮੁਖੀ ਥਾਮਸ ਬੈਚ ਨੇ ਉਲੰਪਿਕ ਖੇਡਾਂ ਦੇ ਰੱਦ ਹੋਣ ਬਾਰੇ ਕਿਹਾ ਸੀ ਕਿ ਇਸ ਨਾਲ ਸਮੱਸਿਆ ਦਾ ਕੋਈ ਹੱਲ ਨਹੀਂ ਨਿੱਕਲੇਗਾ ਤੇ ਇਸ ਨਾਲ ਕਿਸੇ ਨੂੰ ਕੋਈ ਮਦਦ ਵੀ ਨਹੀਂ ਮਿਲੇਗੀ।