ਮੇਜ਼ਬਾਨ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਅੰਤਮ ਮੈਚ ਐਡੀਲੇਡ 'ਚ ਖੇਡਿਆ ਜਾ ਰਿਹਾ ਹੈ। ਐਡੀਲੇਡ ਦੇ ਮੈਦਾਨ 'ਤੇ ਇਹ ਟੈਸਟ ਮੈਚ ਡੇਅ-ਨਾਈਟ ਹੈ, ਜੋ ਗੁਲਾਬੀ ਗੇਂਦ ਨਾਲ ਖੇਡਿਆ ਜਾ ਰਿਹਾ ਹੈ। ਇਸੇ ਮੁਕਾਬਲੇ ਦੀ ਪਹਿਲੀ ਪਾਰੀ 'ਚ ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸੈਂਕੜਾ ਜੜਿਆ ਹੈ। ਪਾਕਿਸਤਾਨ ਵਿਰੁੱਧ ਇਸ ਲੜੀ 'ਚ ਡੇਵਿਡ ਵਾਰਨਰ ਦਾ ਇਹ ਲਗਾਤਾਰ ਦੂਜਾ ਸੈਂਕਰਾ ਹੈ। ਉਧਰ ਮਾਰਨਸ ਲਾਬੂਸ਼ੇਨ ਨੇ ਵੀ ਸੈਂਕੜਾ ਜੜਿਆ।
ਖਾਸ ਗੱਲ ਇਹ ਹੈ ਕਿ ਦੋਵੇਂ ਬੱਲੇਬਾਜ਼ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਅਜੇਤੂ ਪਵੇਲੀਅਨ ਪਰਤੇ ਹਨ। ਆਸਟ੍ਰੇਲੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ 1 ਵਿਕਟ ਗੁਆ ਕੇ 302 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ 166 ਅਤੇ ਮਾਰਨਸ ਲਾਬੂਸ਼ੇਨ 126 ਦੌੜਾਂ ਬਣਾ ਕੇ ਖੇਡ ਰਹੇ ਹਨ। ਮੈਚ ਦੇ ਪਹਿਲੇ ਦਿਨ ਮੀਂਹ ਕਾਰਨ 73 ਓਵਰਾਂ ਦਾ ਖੇਡ ਹੋ ਸਕਿਆ।

ਆਸਟ੍ਰੇਲੀਆ ਨੇ ਇਸ ਮੈਚ 'ਚ ਪਹਿਲਾ ਵਿਕਟ 8 ਦੌੜਾਂ 'ਤੇ ਜੋ ਬਰਨਸ ਵਜੋਂ ਗੁਆ ਦਿੱਤਾ ਸੀ, ਜੋ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦਾ ਸ਼ਿਕਾਰ ਬਣੇ। ਪਰ ਇਸ ਤੋਂ ਬਾਅਦ ਵਾਰਨਰ ਅਤੇ ਲਾਬੂਸ਼ੇਨ ਨੇ ਮਿਲ ਕੇ ਆਸਟ੍ਰੇਲੀਆ ਨੂੰ ਕਾਫੀ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ ਹੈ। ਦੋਹਾਂ ਬੱਲੇਬਾਜ਼ਾਂ ਨੇ ਲਗਾਤਾਰ ਦੂਜੇ ਟੈਸਟ ਮੈਚ 'ਚ ਸੈਂਕੜਾ ਲਗਾਇਆ ਹੈ। ਵਾਰਨਰ ਨੇ 154 ਅਤੇ ਲਾਬੂਸ਼ੇਨ ਨੇ 185 ਦੌੜਾਂ ਦੀ ਪਾਰੀ ਪਹਿਲੇ ਟੈਸਟ ਮੈਚ 'ਚ ਖੇਡੀ ਸੀ। ਲਾਬੂਸ਼ੇਨ ਪਹਿਲੇ ਮੈਚ 'ਚ ਮੈਨ ਆਫ਼ ਦੀ ਮੈਚ ਵੀ ਰਹੇ ਸਨ।
ਦੂਜੇ ਵਿਕਟ ਲਈ ਐਡੀਲੇਡ ਮੈਦਾਨ 'ਤੇ ਸੱਭ ਤੋਂ ਵੱਡੀ ਭਾਈਵਾਲੀ ਦਾ ਰਿਕਾਰਡ :
ਡੇਵਿਡ ਵਾਰਨਰ ਅਤੇ ਮਾਰਨਸ ਲਾਬੂਸ਼ੇਨ ਨੇ ਇਸ ਮੈਚ 'ਚ ਦੂਜੇ ਵਿਕਟ ਲਈ ਕੀਤੀ ਭਾਈਵਾਲੀ 'ਚ ਹੁਣ ਤਕ 294 ਦੌੜਾਂ ਬਣਾਈਆਂ ਹਨ, ਜੋ ਕਿ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਇਸ ਮੈਦਾਨ 'ਤੇ ਏ. ਹਸੈਟ ਅਤੇ ਕਰੈਗ ਮੈਕਡੋਨਾਲਡ ਨੇ 1953 'ਚ 275 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਐਸ. ਬਰਨਸ ਅਤੇ ਡਾਨ ਬਰੈਡਮੈਨ ਨੇ 1949 'ਚ 236 ਦੌੜਾਂ ਬਣਾਈਆਂ ਸਨ।

ਡੇਵਿਡ ਵਾਰਨਰ ਦੀ ਟੈਸਟ 'ਚ ਸਰਬੋਤਮ ਨਿੱਜੀ ਪਾਰੀ :
ਡੇਵਿਡ ਵਾਰਨਰ ਨੇ ਇਸ ਮੈਚ 'ਚ ਆਪਣੇ ਟੈਸਟ ਕਰੀਅਰ ਦੀ ਤੀਜੀ ਸੱਭ ਤੋਂ ਵੱਡੀ ਪਾਰੀ ਖੇਡੀ ਹੈ। ਟੈਸਟ ਕ੍ਰਿਕਟ 'ਚ ਉਨ੍ਹਾਂ ਦਾ ਸਰਬੋਤਮ ਨਿੱਜੀ ਸਕੋਰ 253 ਹੈ, ਜੋ ਉਨ੍ਹਾਂ ਨੇ ਸਾਲ 2015 'ਚ ਨਿਊਜ਼ੀਲੈਂਡ ਵਿਰੁੱਧ ਬਣਾਇਆ ਸੀ।
ਪਾਕਿਸਤਾਨ ਵਿਰੁੱਧ ਦੂਜੇ ਵਿਕਟ ਲਈ ਸੱਭ ਤੋਂ ਵੱਡੀ ਭਾਈਵਾਲੀ :
ਇਸ ਭਾਈਵਾਲੀ ਦੌਰਾਨ ਵਾਰਨਰ ਅਤੇ ਲਾਬੂਸ਼ੇਨ ਦੀ ਜੋੜੀ ਨੇ ਜਸਟਿਸ ਲੈਂਗਰ ਅਤੇ ਮਾਰਕ ਟੇਲਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ, ਜੋ ਉਨ੍ਹਾਂ ਨੇ 1988 'ਚ ਬਣਾਇਆ ਸੀ।