ਭਾਰਤ ਦੇ ਚੈਂਪੀਅਨ ਮਹਿਲਾ ਮੁੱਕੇਬਾਜ਼ (ਬਾਕਸਰ) ਐੱਮਸੀ ਮੈਰੀਕੌਮ ਨੂੰ ਇੱਥੇ ਚੱਲ ਰਹੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 51 ਕਿਲੋਗ੍ਰਾਮ ਭਾਰ–ਵਰਗ ਵਿੱਚ ਸੈਮੀਫ਼ਾਈਨਲ ’ਚ ਤੁਕੀ ਦੀ ਬੁਸੇਨਾਂਜ ਕਾਰਿਕੋਗਲੂ ਵਿਰੁੱਧ ਹਾਰ ਝੱਲਣੀ ਪਈ।
ਰੂਸ ਦੇ ਉਲਾਨ ਉਦੇ ਸ਼ਹਿਰ ਵਿੱਚ ਚੱਲ ਰਹੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਅੱਜ ਸਨਿੱਚਰਵਾਰ ਨੂੰ ਛੇ ਵਾਰ ਦੇ ਚੈਂਪੀਅਨ ਐੱਮ.ਸੀ. ਮੈਰੀਕੌਮ (51 ਕਿਲੋਗ੍ਰਾਮ) ਦੇ ਸੈਮੀਫ਼ਾਈਨਲ ਵਿੱਚ ਹਾਰ ਗਏ। ਇੰਝ ਹੁਣ ਉਨ੍ਹਾਂ ਨੂੰ ਕਾਂਸੇ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਵੇਗਾ।
ਸੈਮੀਫ਼ਾਈਨਲ ’ਚ ਦੂਜੇ ਨੰਬਰ ਦੀ ਤੁਰਕੀ ਦੀ ਬੁਸੇਨਾਜ ਸਾਕਿਰੋਗਲੂ ਤੋਂ 1–4 ਦੇ ਫ਼ਰਕ ਨਾਲ ਹਾਰਦਿਆਂ ਮੈਰੀ ਕੌਮ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪਣਾ ਸੱਤਵਾਂ ਸੋਨ–ਤਮਗ਼ਾ ਹਾਸਲ ਕਰਨ ਤੋਂ ਰਹਿ ਗਏ। ਉਂਝ ਸੈਮੀਫ਼ਾਈਨਲ ਵਿੱਚ ਮੈਰੀ ਕੌਮ ਨੂੰ ਬੁਸੇਨਾਜ ਤੋਂ ਮਿਲੀ ਹਾਰ ਵਿਰੁੱਧ ਭਾਰਤ ਨੇ ਮੈਚ ਰੈਫ਼ਰੀ ਦੇ ਫ਼ੈਸਲੇ ਵਿਰੁੱਧ ਅਪੀਲ ਦਰਜ ਕਰਵਾਈ ਹੈ।
ਬਾਊਟ ਖ਼ਤਮ ਹੋਣ ਤੋਂ ਬਾਅਦ ਪੰਜ ਜੱਜਾਂ ਨੇ ਕਾਰਿਕੋਗਲੂ ਦੇ ਹੱਕ ਵਿੱਚ 28–29, 30–27, 29–28, 29–28, 30–27 ਨਾਲ ਫ਼ੈਸਲਾ ਸੁਣਾਇਆ। ਮੈਰੀ ਕੌਮ ਪਹਿਲਾਂ ਛੇ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ ਤੇ 51 ਕਿਲੋਗ੍ਰਾਮ ਭਾਰ–ਵਰਗ ਵਿੱਚ ਕਿਸੇ ਵਿਸ਼ਵ ਚੈਂਪੀਅਨਸ਼ਿਪ ’ਚ ਉਨ੍ਹਾਂ ਦਾ ਇਹ ਪਹਿਲਾ ਤਮਗ਼ਾ ਹੈ।
ਮੈਰੀ ਕੌਮ ਨੇ ਉਲੰਪਿਕ ਕਾਂਸਾ ਤਮਗ਼ਾ (2012), ਪੰਜ ਏਸ਼ੀਆਈ ਖਿ਼ਤਾਬ, ਏਸ਼ੀਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚ ਵੀ ਸੋਨ–ਤਮਗ਼ੇ ਜਿੱਤੇ ਹਨ।
ਇਸੇ ਵਰ੍ਹੇ ਉਨ੍ਹਾਂ ਗੁਹਾਟੀ ’ਚ ਇੰਡੀਆ ਓਪਨ ਤੇ ਇੰਡੋਨੇਸ਼ੀਆ ’ਚ ਪ੍ਰੈਜ਼ੀਡੈਂਟ ਓਪਨ ’ਚ ਸੋਨ ਤਮਗ਼ਾ ਜਿੱਤਿਆ ਸੀ। ਮੈਰੀ ਕੌਮ ਰਾਜ ਸਭਾ ਦੇ ਮੈਂਬਰ ਵੀ ਹਨ।