ਅਮਰੀਕਾ ਦੇ ਉੱਘੇ ਗੌਲਫ਼ ਖਿਡਾਰੀ ਟਾਈਗਰ ਵੁੱਡਜ਼ ਦੇ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਦੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਵੁੱਡਜ਼, ਉਸ ਦੀ ਪ੍ਰੇਮਿਕਾ ਤੇ ਉਨ੍ਹਾਂ ਦੀ ਕੰਪਨੀ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਵੁੱਡਜ਼ ਤੇ ਉਨ੍ਹਾਂ ਦੇ ਰੈਸਟੋਰੈਂਟ ਦੇ ਮੁਲਾਜ਼ਮ ਉਸ ਵਿਅਕਤੀ ਨੂੰ ਵੱਧ ਸ਼ਰਾਬ ਪੀਣ ਤੇ ਗੱਡੀ ਚਲਾਉਣ ਤੋਂ ਰੋਕ ਸਕਦੇ ਸਨ। ਉਹ ‘ਦਿ ਵੁੱਡਜ਼ ਜੂਪੀਟਰ ਐਂਡ ਬਾਰ’ ਵਿੱਚ ਕੰਮ ਕਰਦੇ ਸਨ। ਵੁੱਡਜ਼ ਇਸ ਵੇਲੇ ਪੀਜੀਏ ਚੈਂਪੀਅਨਸ਼ਿਪ ਵਿੱਚ ਖੇਡ ਰਹੇ ਹਨ।
ਇਸ ਰੈਸਟੋਰੈਂਟ ਦੇ ਮਾਲਕ ਟਾਈਗਰ ਵੁੱਡਜ਼ ਹਨ। ਸੋਮਵਾਰ ਨੂੰ ਇਸ ਰੈਸਟੋਰੈਂਟ ਉੱਤੇ ਇੰਮੇਸਬਰਗਰ ਦੀ ਹੱਤਿਆ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇੰਮੇਸਬਰਗਰ ਇਸ ਰੈਸਟੋਰੈਂਟ ਵਿੱਚ ਬਾਰ–ਟੈਂਡਰ ਦਾ ਕੰਮ ਕਰਦੇ ਸਨ। ਇਹ ਕੇਸ ਮ੍ਰਿਤਕ ਦੇ ਮਾਤਾ–ਪਿਤਾ ਨੇ ਦਰਜ ਕਰਵਾਇਆ ਹੈ।
ਇੰਮੇਸਬਰਗਰ ਦੀ ਸ਼ਿਫ਼ਟ ਤਿੰਨ ਵਜੇ ਖ਼ਤਮ ਹੋ ਜਾਂਦੀ ਸੀ ਪਰ ਉਹ ਇਸ ਤੋਂ ਬਾਅਦ ਵੀ ਬਾਰ ਵਿੱਚ ਬਹਿ ਕੇ ਸ਼ਰਾਬ ਪੀਂਦੇ ਰਹੇ ਤੇ ਤਕਰੀਬਨ ਸ਼ਾਮੀਂ ਛੇ ਵਜੇ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇੰਮੇਸਬਰਗਰ ਦੇ ਖ਼ੂਨ ਵਿੱਚ ਸ਼ਰਾਬ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਸੀ ਤੇ ਉਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ।