ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਭਰਾ ਦੀਦਾਰ ਸਿੰਘ ਤੇ ਓਲੰਪੀਅਨ ਸਰਦਾਰ ਸਿੰਘ

ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਭਰਾ ਦੀਦਾਰ ਸਿੰਘ ਤੇ ਓਲੰਪੀਅਨ ਸਰਦਾਰ ਸਿੰਘ

ਕੌਮੀ ਅਤੇ ਕੌਮਾਂਤਰੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਹਾਕੀ ਓਲੰਪੀਅਨ ਸਰਦਾਰ ਸਿੰਘ ਦਾ ਵੱਡਾ ਭਰਾ ਦੀਦਾਰ ਸਿੰਘ ਵੀ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਨਿੱਤਰਨ ਦਾ ਮਾਣ ਹਾਸਲ ਹੋਇਆ ਹੈ। ਉੱਘੇ ਡਰੈਗ ਫਲਿੱਕਰ ਦੀਦਾਰ ਸਿੰਘ ਨੂੰ ਹਾਕੀ ਮੈਦਾਨ ’ਚ ਵਿਚਰਦਿਆਂ ਵੇਖ ਸਰਦਾਰ ਸਿੰਘ ਨੇ ਹੱਥ ਹਾਕੀ ਚੁੱਕੀ। ਸਰਦਾਰ ਸਿੰਘ ਦਾ ਪਹਿਲਾ ਪਹਿਲਾ ਕੋਚ ਪਰਿਵਾਰ ’ਚੋਂ ਦੀਦਾਰ ਸਿੰਘ ਹੀ ਸੀ।

 

 

ਆਮ ਕਹਾਵਤ ਹੈ ਕਿ ਹਰ ਸਫਲ ਇਨਸਾਨ ਦੀ ਸਫਲਤਾ ਪਿੱਛੇ ਉਸ ਦੇ ਉੁਸਤਾਦ ਦਾ ਹੱਥ ਪਹਿਲੇ ਨੰਬਰ ’ਤੇ ਆਉਂਦਾ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਦੀਦਾਰ ਸਿੰਘ ਵਲੋਂ ਛੋਟੇ ਵੀਰ ਸਰਦਾਰ ਸਿੰਘ ਦੀ ਖੇਡ ਨੂੰ ਨਿਖਾਰਨ ਲਈ ਆਪਣਾ ਕਰੀਅਰ ਦਾਅ ’ਤੇ ਲਾ ਦਿੱਤਾ ਗਿਆ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਇਸ ਦੇ ਬਾਵਜੂਦ ਦੀਦਾਰ ਸਿੰਘ ਨੂੰ ਫਖਰ ਹੈ ਕਿ ਛੋਟੇ ਵੀਰ ਸਰਦਾਰ ਸਿੰਘ ਨੇ ਆਲਮੀ ਹਾਕੀ ’ਚ ਨਰੋਈ ਪਾਰੀ ਖੇਡਣ ਸਦਕਾ ਪੰਜਾਬ-ਹਰਿਆਣਾ ਤੋਂ ਬਾਅਦ ਦੇਸ਼ ਤੇ ਵਿਦੇਸ਼ ਦੇ ਹਾਕੀ ਪ੍ਰੇਮੀਆਂ ਦੇ ਮਾਖਤੇ ਮਾਰਨ ਸਦਕਾ ਦੁਨੀਆਂ ਦੀ ਹਾਕੀ ’ਚ ਵੱਡਾ ਨਾਮ ਕਮਾਇਆ ਹੈ।

 

 

ਕਈ ਵਾਰ ਰੌਚਕ ਇਤਫਾਕ ਅਜਿਹਾ ਵੀ ਆਇਆ ਜਦੋਂ ਦੋਵੇਂ ਭਰਾਵਾਂ ਨੇ ਕੌਮੀ ਹਾਕੀ ਟਰੇਨਿੰਗ ਕੈਂਪ ’ਚ ਇਕੱਠਿਆਂ ਸ਼ਿਰਕਤ ਕੀਤੀ। ਦੋਵੇਂ ਭਰਾਵਾਂ ਦੀਦਾਰ ਸਿੰਘ ਅਤੇ ਸਰਦਾਰ ਸਿੰਘ ਨੇ ਸਿਰਸਾ ਤੋਂ ਨਾਮਧਾਰੀਆਂ ਦੇ ਹੈੱਡਕੁਆਟਰ ਤੋਂ ਹਾਕੀ ਖੇਡਣ ਦੀ ਸ਼ੁਰੂਆਤ ਕਰਕੇ ਭੈੈਣੀ ਸਾਹਿਬ (ਲੁਧਿਆਣਾ) ’ਚ ਨਾਮਧਾਰੀਆਂ ਦੀ ਸੀਨੀਅਰ ਟੀਮ ਲਈ ਕੌਮੀ ਤੇ ਫੇਰ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਕਦਮ ਰੱਖਿਆ। ਫਾਰਵਰਡ ਲਾਈਨ ’ਚ ਖੇਡਣ ਦੇ ਬਾਵਜੂਦ ਨਰੋਆ ਡਰੈਗ ਫਲਿੱਕਰ ਨਾਮਜ਼ਦ ਹੋਣ ਵਾਲੇ ਦੀਦਾਰ ਸਿੰਘ ਦਾ ਜਨਮ 4 ਅਪਰੈਲ, 1982 ’ਚ ਅਤੇ ਮੈਦਾਨ ’ਚ ਹਰਫਨਮੌਲਾ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਦੁਨੀਆਂ ਦੇ ਨਾਮੀਂ ਮਿੱਡਫੀਲਡਰ ਸਰਦਾਰ ਸਿੰਘ ਦਾ ਜਨਮ 15 ਜੁਲਾਈ, 1986 ਨੂੰ ਸਿਰਸਾ ਜ਼ਿਲ੍ਹੇ ਦੇ ਪਿੰਡ ਸੰਤਨਗਰ ’ਚ ਜਸਵੀਰ ਕੌਰ ਦੀ ਕੁੱਖੋਂ ਆਰਐਮਪੀ ਡਾਕਟਰ ਸ. ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਹੋਇਆ।

 


ਹਾਕੀ ਓਲੰਪੀਅਨ ਸਰਦਾਰ ਸਿੰਘ: ਹਾਕੀ ਮੈਦਾਨ ਦੀ ਹਾਫ ਲਾਈਨ ’ਚ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਸਰਦਾਰ ਸਿੰਘ ਦੀ ਖੇਡ ਨੇ ਆਲਮੀ ਹਾਕੀ ਦੇ ਹਰ ਹਾਕੀ ਪ੍ਰੇਮੀ ਦੇ ਦਿਲ ’ਤੇ ਡੰੂਘੀ ਛਾਪ ਛੱਡੀ ਹੈ। ਪ੍ਰਤੱਖ ਨੂੰ ਪ੍ਰਮਾਣ ਕਾਹਦਾ ਦੀ ਕਹਾਵਤ ਵਾਂਗ ਵਿਸ਼ਵ ਦਾ ਹਰ ਹਾਕੀ ਪ੍ਰਸ਼ੰਸਕ ਉਸ ਦੀ ਖੇਡ ਦਾ ਹੱਦ ਤੱਕ ਦੀਵਾਨਾ ਹੈ। ਮੈਦਾਨ ਅੰਦਰ ਸੁਪਰ ਫਾਸਟ ਦੇ ਲਕਬ ਨਾਲ ਜਾਣੇ ਜਾਂਦੇ ਸਰਦਾਰ ਸਿੰਘ ਦੀ ਖੇਡ ’ਚ ਸੱਚਮੁਚ ਹੀ ਅਨੂਠੀ ਤਾਜ਼ਗੀ ਤੇ ਬਿਲੌਰੀ ਚਮਕ ਹੁੰਦੀ ਹੈ। ਮੈਦਾਨ ’ਚ ਖੇਡਦੇ ਸਮੇਂ ਉਹ ਦੀ ਹਾਕੀ ਜੰਨਤ ਦੇ ਨਜ਼ਾਰੇ ਪੇਸ਼ ਕਰਦੀ ਦੁਨੀਆਂ ਦੇ ਮਹਾਨ ਸੈਂਟਰ ਹਾਫ ਤੇ ਜਗਤ ਜੇਤੂ ਸਾਬਕਾ ਕਪਤਾਨ ਓਲੰਪੀਅਨ ਅਜੀਤਪਾਲ ਸਿੰਘ ਕੁਲਾਰ ਦੀ ਯਾਦ ਤਾਜ਼ਾ ਕਰਾਉਂਦੀ ਹੈ।

 

 

ਮੁੱਕਦੀ ਗੱਲ ਇਹ ਕਿ ਉਹ ਹਾਕੀ ਦਾ ਸ਼ਾਹ ਸਵਾਰ ਹੈ ਜੋ ਇੱਛਾ ਸ਼ਕਤੀ ਦੇ ਚਾਬਕ ਨਾਲ ਮੈਦਾਨ ਦੇ ਚਾਰੇ ਪਾਸੇ ਬਾਲ ਨੂੰ ਆਪਣੀ ਮਰਜ਼ੀ ਨਾਲ ਦੌੜਾ ਸਕਦਾ ਹੈ। ਸਰਦਾਰ ਸਿੰਘ ਦੇਸ਼ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ਲਗਾਤਾਰ ਦੋ ਵਾਰ 2010 ਅਤੇ 2011 ’ਚ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫਆਈਐਚ) ਦੀ ਜਿਊਰੀ ਵਲੋਂ ‘ਵਿਸ਼ਵ ਹਾਕੀ ਇਲੈਵਨ’ ’ਚ ਸ਼ਾਮਲ ਕਰਕੇ ਉਸ ਦੀ ਅੱਬਲਤਰੀਨ ਖੇਡ ਦਾ ਮੁੱਲ ਮੋੜਨ ਦਾ ਹੀਆ ਕੀਤਾ ਗਿਆ ਹੈ। ਸਰਦਾਰ ਸਿੰਘ ਨੇ ਕਰੀਅਰ ’ਚ ਲੰਡਨ-2012 ਤੇ ਰੀਓ-2016 ਓਲੰਪਿਕ ਹਾਕੀ, ਨਵੀਂ ਦਿੱਲੀ-2010 ਤੇ ਹੇਗ-2014 ਵਰਲਡ ਹਾਕੀ ਕੱਪ, ਗੁਆਂਗਜ਼ੂ-2010, ਇਨਚੇਨ-2014 ਤੇ ਜਕਾਰਤਾ-2018 ਏਸ਼ਿਆਈ ਹਾਕੀ, ਏਸ਼ੀਆ ਹਾਕੀ ਕੱਪ, ਚੇਨਈ-2007, ਇਪੋਹ-2013 ਤੇ ਢਾਕਾ-2017 ਏਸ਼ੀਆ ਹਾਕੀ ਕੱਪ, ਮੈਲਬਰਨ-2006, ਦਿੱਲੀ-2010 ਤੇ ਗਲਾਸਗੋ-2014 ਕਾਮਨਵੈਲਥ ਹਾਕੀ, ਏਸ਼ਿਆਈ ਹਾਕੀ ਚੈਂਪੀਅਨ ਟਰਾਫੀ ਦੋਹਾ-2012 ਤੇ ਕੋਆਂਟਾਨ-2016 ਅਤੇ ਚੈਂਪੀਅਨ ਹਾਕੀ ਟਰਾਫੀ ਬਰੀਡਾ-2018 ਜਿਹੇ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟ ਖੇਡਣ ਦਾ ਹੱਕ ਹਾਸਲ ਹੋਇਆ।

ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਭਰਾ ਦੀਦਾਰ ਸਿੰਘ ਤੇ ਓਲੰਪੀਅਨ ਸਰਦਾਰ ਸਿੰਘ


ਮੈਦਾਨ ’ਚ ਹਾਫ ਲਾਈਨ ’ਚ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਸਰਦਾਰ ਸਿੰਘ ਦਾ ਪੂਰਾ ਨਾਂ ਸਰਦਾਰ ਪੁਰਸ਼ਕਾਰ ਸਿੰਘ ਹੈ। ਬਰੀਡਾ-2018 ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ ’ਚ ਸਿਲਵਰ ਮੈਡਲ ਜਿੱਤਣ ਵਾਲੀ ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਸਰਦਾਰ ਸਿੰਘ ਦਾ ਵੱਡਾ ਭਰਾ ਦੀਦਾਰ ਸਿੰਘ ਵੀ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਨਿੱਤਰ ਚੁੱਕਾ ਹੈ। ਉੱਘੇ ਡਰੈਗ ਫਲਿੱਕਰ ਦੀਦਾਰ ਸਿੰਘ ਨੂੰ ਹਾਕੀ ਮੈਦਾਨ ’ਚ ਵਿਚਰਦਿਆਂ ਵੇਖ ਸਰਦਾਰ ਸਿੰਘ ਨੇ ਹੱਥ ਹਾਕੀ ਚੁੱਕੀ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਦੋਵੇਂ ਭਰਾਵਾਂ ਨੇ ਕੌਮੀ ਹਾਕੀ ਟਰੇਨਿੰਗ ਕੈਂਪ ’ਚ ਇਕੱਠਿਆਂ ਸ਼ਿਰਕਤ ਕੀਤੀ।

 

 

ਸਿਰਸਾ ਤੋਂ ਨਾਮਧਾਰੀਆਂ ਦੇ ਹੈੱਡਕੁਆਟਰ ਤੋਂ ਹਾਕੀ ਖੇਡਣ ਦੀ ਸ਼ੁਰੂਆਤ ਕਰਕੇ ਭੈੈਣੀ ਸਾਹਿਬ (ਲੁਧਿਆਣਾ) ’ਚ ਨਾਮਧਾਰੀਆਂ ਦੀ ਸੀਨੀਅਰ ਟੀਮ ਲਈ ਕੌਮੀ ਤੇ ਫੇਰ ਕੌਮਾਂਤਰੀ ਹਾਕੀ ਦੇ ਪਿੜ ’ਚ ਕਦਮ ਰੱਖਣ ਵਾਲੇ ਸਰਦਾਰ ਸਿੰਘ ਨੇ ਜੁਲਾਈ-11, 2018 ਨੂੰ ਆਪਣੀ ਹਾਕੀ ਸਦਾ ਲਈ ਕਿੱਲੀ ’ਤੇ ਟੰਗ ਦਿੱਤੀ। ਓਲੰਪੀਅਨ ਸਰਦਾਰ ਸਿੰਘ ਦੇ ਸਿਖਰੀ ਹਾਕੀ ਸਫਰ ਦਾ ਅੰਤ ਜਕਾਰਤਾ-2018 ਦੀਆਂ ਏਸ਼ੀਅਨ ਖੇਡਾਂ ’ਚ ਕੌਮੀ ਹਾਕੀ ਟੀਮ ਵਲੋਂ ਤਾਂਬੇ ਦਾ ਤਗਮਾ ਜਿੱਤਣ ਤੋਂ 10 ਦਿਨਾਂ ਬਾਅਦ ਉਸ ਵਲੋਂ ਹਾਕੀ ਖੇਡਣ ਤੋਂ ਸਨਿਆਸ ਲੈਣ ਨਾਲ ਹੋਇਆ। ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੋਹਾ-2012 ’ਚ ਸਿਲਵਰ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਕੁਆਂਟਨ-2016 ’ਚ ਸੋਨ ਤਗਮਾ ਹਾਸਲ ਕਰਨ ਵਾਲੀ ਕੌਮੀ ਟੀਮ ਨਾਲ ਮੈਦਾਨ ’ਚ ਚਾਰੇ ਖੂੰਜਿਆਂ ’ਚ ਵਿਛ ਕੇ ਖੇਡਣ ਵਾਲੇ ਸਰਦਾਰ ਸਿੰਘ ਨੇ ਲੰਡਨ-2012 ਓਲੰਪਿਕ ਅਤੇ ਰੀਓ-2016 ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਦਾ ਸਫਰ ਤੈਅ ਕਰਕੇ ਆਪਣੀ ’ਤੇ ਓਲੰਪੀਅਨ ਹਾਕੀ ਖਿਡਾਰੀ ਦੀ ਮੋਹਰ ਲਗਵਾਈ। 

 


ਕੌਮੀ ਹਾਕੀ ’ਚ ਆਮਦੋ-ਰਫਤ ਨਾਲ ਸਰਦਾਰ ਸਿੰਘ ਦੀ ਹਾਕੀ ’ਚ ਉਦੋਂ ਨਵਾਂਪਣ ਆਇਆ ਜਦੋਂ ਦੇਸ਼ ਦੇ ਹਾਕੀ ਸੰਘ ਵਲੋਂੇ ਪ੍ਰੀਮੀਅਰ ਹਾਕੀ ਲੀਗ ਦੇ ਪਹਿਲੇ ਅਡੀਸ਼ਨ ’ਚ ਉਸ ਨੂੰ ਹੈਦਰਾਬਾਦ ਸੁਲਤਾਨਜ਼ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋਇਆ। 2008 ਦੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ’ਚ ਮਲੇਸ਼ੀਆ ਦੇ ਹਾਕੀ ਪ੍ਰਬੰਧਕਾਂ ਵਲੋਂ ਮਿਡਫੀਲਡ ’ਚ ਖੇਡੀ ਜਾਨਦਾਰ ਤੇ ਸ਼ਾਨਦਾਰ ਖੇਡ ਸਦਕਾ ਸਰਦਾਰ ਸਿੰਘ ਨੂੰ ‘ਯੰਗ ਪਲੇਅਰ ਆਫ ਦਾ ਟੂਰਨਾਮੈਂਟ’ ਦਾ ਸਨਮਾਨ ਦਿੱਤਾ ਗਿਆ। ਮਲੇਸ਼ੀਆ ’ਚ ਖੇਡੇ ਗਏ ਟੂਰਨਾਮੈਂਟ ’ਚ ਜੇਤੂ ਰਹੀ ਕੌਮੀ ਹਾਕੀ ਟੀਮ ’ਚ ਸਰਦਾਰ ਸਿੰਘ ਪਹਿਲੀ ਵਾਰ ਬਦਲਵੀਂ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਿਆ।

 

 

ਓਲੰਪੀਅਨ ਸੰਦੀਪ ਸਿੰਘ ਨਾਲ ਬੈੇਲਜੀਅਮ ਹਾਕੀ ਲੀਗ ਖੇਡ ਚੁੱਕੇ ਸਰਦਾਰ ਸਿੰਘ ਨੂੰ 2006 ’ਚ ਅਜ਼ਲਾਨ ਸ਼ਾਹ ਕੱਪ ਖੇਡਣ ਵਾਲੀ ਕੌਮੀ ਟੀਮ ਦੀ ਨੁਮਾਇੰਦਗੀ ਕਰਕੇ ਤਾਂਬੇ ਦਾ ਮੈਡਲ ਤੇ 2010 ’ਚ ਹਾਕੀ ਟੀਮ ਦੇ ਅਜ਼ਲਾਨ ਸ਼ਾਹ ਕੱਪ ਦੀ ਚੈਂਪੀਅਨ ਬਣਨ ਨਾਲ ਜੇਤੂ ਮੰਚ ਨਸੀਬ ਹੋਇਆ। ਖੇਡਦੇ ਵਕਤ ਵਿਰੋਧੀ ਹਮਲਾਵਰਾਂ ਦਾ ਗਰੂਰ ਤੋੜਨ ਵਾਲਾ ਹਰਿਆਣਾ ਪੁਲੀਸ ’ਚ ਡਿਪਟੀ ਸੁਪਰਡੈਂਟ ਦੇ ਅਹੁਦੇ ’ਤੇ ਤੈਨਾਤ ਸਰਦਾਰ ਸਿੰਘ ਕੌਮੀ ਹਾਕੀ ’ਚ ਹਰਿਆਣਾ ਤੇ ਰਾਜ ਦੀ ਪੁਲੀਸ ਫੋਰਸ ਦੀ ਟੀਮ ਦੀ ਪ੍ਰਤੀਨਿੱਧਤਾ ਕਰਦਾ ਹੈ। 

 


ਮੱਥਾਪੋਚੀ ਭਾਵ ਸੋਚ ਵਿਚਾਰ ਕੇ ਮੈਦਾਨ ’ਚ ਖੇਡਦੇ ਸਮੇਂ ਸਰਦਾਰ ਸਿੰਘ ਦੀ ਹਾਕੀ ਜਿਥੇ ਦਿਲ ਤੇ ਦਿਮਾਗ ਦੀ ਗੱਲ ਕਰਦੀ ਹੈ ਉਥੇ ਨਵੀਂ ਦਿੱਲੀ-2010 ’ਚ ਘਰੇਲੂ ਮੈਦਾਨ ’ਤੇ ਖੇਡੇ ਗਏ ਸੰਸਾਰ ਹਾਕੀ ਕੱਪ ’ਚ ਉਸ ਦੀ ਮਿਆਰੀ ਖੇਡ ਨੇ ਘਰੇਲੂ ਦਰਸ਼ਕਾਂ ਦੇ ਮਾਖਤੇ ਮਾਰ ਕੇ ਰੱਖ ਦਿੱਤੇ। ਮੇਜ਼ਬਾਨ ਟੀਮ ਭਾਵੇਂ ਆਪਣੀ ਖੇਡ ਦੀ ਹੋਣੀ ਨੂੰ ਜਿੱਤ ਨਹੀਂ ਬਦਲ ਸਕੀ। ਮੇਜ਼ਬਾਨ ਕੌਮੀ ਟੀਮ ਨੂੰ 8ਵਾਂ ਰੈਂਕ ਹਾਸਲ ਹੋਇਆ ਪਰ ਸਰਦਾਰ ਸਿੰਘ ਦੀ ਖੇਡ ਦੀ ਗੁੱਡੀ ਹਾਕੀ ਦੇ ਅੰਬਰ ’ਚ ਇਸ ਕਦਰ ਚੜ੍ਹੀ ਕਿ ਫੈਡਰੇਸ਼ਨ ਆਫ ਕੌਮਾਂਤਰੀ ਹਾਕੀ ਦੇ ਅਧਿਕਾਰੀਆਂ ਨੇੇ ਉਸ ਨੂੰ ਆਲਮੀ ਹਾਕੀ ਟੀਮ ਭਾਵ ‘ਵਿਸ਼ਵ ਹਾਕੀ ਇਲੈਵਨ’ ’ਚ ਸ਼ਾਮਲ ਕਰਨ ਦਾ ਵੱਡਾ ਪੁੰਨ ਖੱਟਿਆ।

 

 

ਸਰਦਾਰ ਸਿੰਘ ਦੀ ਨੁੁਮਾਇੰਦਗੀ ’ਚ ਕੌਮੀ ਟੀਮ ਨੇ ਇਨਚੇਨ-2013 ਦੀਆਂ ਏਸ਼ੀਅਨ ਖੇਡਾਂ ’ਚ ਗੋਲਡ ਮੈਡਲ ਹਾਸਲ ਕਰਕੇ ਚਾਰੇ ਪਾਸੇ ਬੱਲੇ-ਬੱਲੇ ਕਰਵਾ ਦਿੱਤੀ। ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਬੈਂਕਾਕ-1998 ਦੀਆਂ ਏਸ਼ੀਅਨ ਗੇਮਜ਼ ਹਾਕੀ ’ਚ ਕਪਤਾਨ ਧਨਰਾਜ ਪਿਲੈ ਦੀ ਅਗਵਾਈ ’ਚ ਗੋਲਡ ਮੈਡਲ ਜਿੱਤਣ ਦਾ ਸੁਭਾਗ ਹਾਸਲ ਹੋਇਆ ਸੀ। ਹੇਗ-2014 ਆਲਮੀ ਹਾਕੀ ਕੱਪ ’ਚ ਕੌਮੀ ਟੀਮ ਦਾ ਕਪਤਾਨ ਸਰਦਾਰ ਸਿੰਘ ਸੀ। ਨੀਦਰਲੈਂਡ ਦੀ ਰਾਜਧਾਨੀ ਹੇਗ ’ਚ ਖੇਡੇ ਗਏ ਸੰਸਾਰ ਹਾਕੀ ਕੱਪ ’ਚ ਭਾਰਤੀ ਟੀਮ ਨੂੰ 9ਵਾਂ ਰੈਂਕ ਨਸੀਬ ਹੋਇਆ। ਅਗਲੇਰੀ ਪੰਕਤੀ ਦੇ ਹਮਲਾਵਰ ਖਿਡਾਰੀਆਂ ਦੇ ਖੁਰ ਨੱਪ ਕੇ ਰੱਖਣ ਦੀ ਖਾਸ ਤਾਕਤ ਦੇ ਮਾਲਕ ਸਰਦਾਰ ਸਿੰਘ ਨੇ ਰਾਸ਼ਟਰਮੰਡਲ ਗੇਮਜ਼ ਹਾਕੀ ਦਿੱਲੀ-2010 ਅਤੇ ਗਲਾਸਗੋ-2014 ’ਚ ਦੋਵੇਂ ਵਾਰ ਸਿਵਲਰ ਮੈਡਲਾਂ ਨੂੰ ਹੱਥ ਮਾਰਨ ਤੋਂ ਇਲਾਵਾ ਚੀਨ ਦੇ ਸ਼ਹਿਰ ਗੂਆਂਗਜ਼ੂ-2010 ’ਚ ਖੇਡੀ ਏਸ਼ੀਆ ਹਾਕੀ ’ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਕੌਮੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਜੱਸ ਖੱਟਿਆ। ਪਾਰਦਰਸ਼ੀ ਤੇ ਸਰਬਪੱਖੀ ਪਹੁੰਚ ਅਪਣਾ ਕੇ ਮੈਦਾਨ ’ਚ ਪੈਲਾਂ ਪਾਉਣ ਵਾਲਾ ਸਰਦਾਰ ਸਿੰਘ ਚੇਨਈ-2007 ’ਚ ਖੇਡੇ ਗਏ ਏਸ਼ੀਆ ਹਾਕੀ ਕੱਪ ’ਚ ਜਿੱਤ ਦਾ ਪਰਚਮ ਫਹਿਰਾਉਣ ਲਈ ਪੂਰਾ ਟਿੱਲ ਲਾ ਕੇ ਹਾਕੀ ਖੇਡਿਆ।

 

 

ਨਿੱਜੀ ਹਾਕੀ ਮੈਦਾਨ ’ਤੇ ਜਿਥੇ ਟੀਮ ਇੰਡੀਆ ਨੇ ਏਸ਼ੀਆ ਕੱਪ ਜਿੱਤਣ ਦਾ ਸੁਫਨਾ ਸੱਚ ਕਰ ਵਿਖਾਇਆ ਉਥੇ ਸਰਦਾਰ ਸਿੰਘ ਨੇ ਸਿਖਰੀ ਹਾਕੀ ਖੇਡ ਕੇ ਘਰੇਲੂ ਦਰਸ਼ਕਾਂ ਨੂੰੇ ਜਿੱਤ ਨਾਲ ਨਿਹਾਲ ਕੀਤਾ। ਹਾਕੀ ਓਲੰਪੀਅਨ ਸਰਦਾਰ ਸਿੰਘ ਨੇ ਇਪੋਹ-2013 ਏਸ਼ੀਆ ਹਾਕੀ ਕੱਪ ’ਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਨ ਤੋਂ ਇਲਾਵਾ ਢਾਕਾ-2017 ’ਚ ਦੂਜੀ ਵਾਰ ਏਸ਼ੀਆ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਣ ਵਾਲੀ ਕੌਮੀ ਟੀਮ ਦੀ ਜਿੱਤ ’ਚ ਭਰਵਾਂ ਯੋਗਦਾਨ ਪਾਇਆ। ਲਾਹੌਰ ’ਚ ਖੇਡੇ ਗਏ ਚਾਰ ਦੇਸ਼ਾ ਹਾਕੀ ਟੂਰਨਾਮੈਂਟ ’ਚ ਚਾਂਦੀ ਦਾ ਅਤੇ ਕੈਨੇਡਾ ਨਾਲ ਸੱਤ ਮੈਚਾਂ ਦੀ ਟੈਸਟ ਲੜੀ ’ਚ ਕੌਮੀ ਟੀਮ ਨੂੰ ਜਿੱਤਾਂ ਦਰਜ ਕਰਾਉਣ ’ਚ ਸਰਦਾਰ ਸਿੰਘ ਦੀ ਖੇਡ ਦੀ ਖਾਸ ਮਹੱਤਤਾ ਰਹੀ। ਕੋਲ਼ਬੋ-2006 ਸੈਫ ਹਾਕੀ ’ਚ ਸਿਲਵਰ ਕੱਪ, ਚਾਰ ਨੇਸ਼ਨ ਜਰਮਨ ਹਾਕੀ ਕੱਪ ’ਚ ਤਾਂਬੇ ਦਾ ਮੈਡਲ ਜਿੱਤਣ ਵਾਲੀ ਟੀਮ ’ਚ ਖੇਡਣ ਵਾਲੇ ਹਰਿਆਣਾ ਪੁਲੀਸ ਦੇ ਡਿਪਟੀ ਨੂੰ ਇੰਡੋ-ਪਾਕਿ-2006 ਹਾਕੀ ਲੜੀ, ਮੈਲਬਰਨ-2006 ਕਾਮਨਵੈਲਥ ਹਾਕੀ ’ਚ ਹਾਕੀ ਦਾ ਉਮਦਾ ਪ੍ਰਦਰਸ਼ਨ ਕਰਨ ਵਾਲੇ ਸਰਦਾਰ ਸਿੰਘ ਨੇ ਹਿੰਦ ਦੀ ਜੂਨੀਅਰ ਹਾਕੀ ਟੀਮ ਨਾਲ 2006 ’ਚ ਪੋਲੈਂਡ ’ਚ ਖੇਡੇ ਗਏ ਜੂਨੀਅਰ ਹਾਕੀ ਚੈਲੇਂਜ ਓਪਨ ’ਚ ਟੀਮ ਨੂੰ ਸਿਲਵਰ ਕੱਪ ਜਿਤਾਉਣ ’ਚ ਮੋਹਰੀ ਖੇਡ ਭੂਮਿਕਾ ਨਿਭਾਈ।

 

 


ਸਰਦਾਰ ਸਿੰਘ ਨੂੰ ਹਾਕੀ ਮੈਦਾਨ ਅਤੇ ਮੈਦਾਨੋਂ ਬਾਹਰ ਕਈ ਵਾਰ ਮਿਲਣ ਦਾ ਮੌਕਾ ਨਸੀਬ ਹੋਇਆ। ਹਾਕੀ ਖੇਡ ਦੇ ਆਪਣੇ ਤਜਰਬੇ ਸਾਂਝੇ ਕਰਦਾ ਸਰਦਾਰ ਸਿੰਘ ਦੱਸਦਾ ਹੈ ਕਿ ਮੈਦਾਨ ’ਚ ਵਿਚਰਦੇ ਸਮੇਂ ਕੀਤੀ ਇਕ ਛੋਟੀ ਗਲਤੀ ਵੀ ਵੱਡੀ ਹੋ ਸਕਦੀ ਹੈ, ਜਿਸ ਦਾ ਖਮਿਆਜ਼ਾ ਟੀਮ ਨੂੰ ਹਾਰ ਦੇ ਰੂਪ ’ਚ ਭੁਗਤਣਾ ਪੈਂਦਾ ਹੈ। ਰੱਖਿਅਕ ਖਿਡਾਰੀਆਂ ਦੀ ਖੇਡ ’ਤੇ ਟਿੱਪਣੀ ਕਰਦੇ ਮਿਡਫਿਲਡਰ ਖਿਡਾਰੀ ਦਾ ਤਰਕ ਹੈ ਕਿ ਬੈਕ ਚੈਨਲ ਦੇ ਖਿਡਾਰੀਆਂ ’ਤੇ ਸਮੁੱਚੀ ਟੀਮ ਦੀ ਖੇਡ ਨਿਰਭਰ ਕਰਦੀ ਹੈ ਕਿ ਉਹ ਆਪਣੇ ਡਿਫੈਂਸ ’ਚ ਵਿਰੋਧੀ ਹਮਲਿਆਂ ਨੂੰ ਠੁੱਸ ਕਰਨ ਦੇ ਨਾਲ-ਨਾਲ ਆਪਣੇ ਸਟਰਾਈਕਰਾਂ ਨੂੰ ਕਿਸ ਹੱਦ ਤੱਕ ਫੀਡ ਬੈਕ ਕਰਦੇ ਹਨ।

 

 

ਆਫ ਦੀ ਰਿਕਾਰਡ, ਇਕ ਦੂਜੇ ਦੇ ਪਤੰਗ ਦਾ ਬੋ-ਕਾਟਾ ਕਰਕੇ ਕੁੱਕੜ ਖੇਹ ਉਡਾਉਣ ਵਾਲੇ ਕੌਮੀ ਹਾਕੀ ਪ੍ਰਬੰਧਕਾਂ ਤੇ ਟੀਮ ਚੋਣਕਾਰਾਂ ਤੋਂ ਸਰਦਾਰ ਸਿੰਘ ਨੂੰ ਸਖਤ ਨਫਰਤ ਸੀ। ਇਨ੍ਹਾਂ ਮਾੜੇ ਖੇਡ ਮਾਲਕਾਂ ਕਰਕੇ ਕਈ ਵਾਰ ਚੰਗੇ ਖਿਡਾਰੀ ਰਜਾਈਆਂ ’ਚ ਮੂੰਹ ਦੇ ਕੇ ਕਰਮਾਂ ਨੂੰ ਕੋਸਣ ਲਈ ਮਜਬੂਰ ਹੋ ਜਾਂਦੇ ਹਨ ਪਰ ਹਾਕੀ ਦੇ ਕਰਤਾ-ਧਰਤਾ ਆਪਣੀਆਂ ਘਟੀਆ ਹਰਕਤਾਂ ਨਾਲ ਖੇਡਾਂ ’ਚ ਦਖਲਅੰਦਾਜ਼ੀ ਕਰਕੇ ਕਾਂਜੀ ਘੋਲਦੇ ਰਹਿੰਦੇ ਹਨ। ਟੀਮ ਦੇ ਦੇਸ਼ੀ-ਵਿਦੇਸ਼ੀ ਕੋਚਾਂ ਬਾਰੇ ਸਰਦਾਰ ਸਿੰਘ ਦੀ ਰਾਇ ਸੀ ਕਿ ਚੰਗੀ ਟੀਮ ਤਿਆਰ ਕਰਨੀ ਹਰ ਹਾਰੀ-ਸਾਰੀ ਦੇ ਵਸ ਦੀ ਗੱਲ ਨਹੀਂ ਹੁੰਦੀ। ਇਸ ਲਈ ਘਰੇਲੂ ਕੋਚ ਭਾਵ ਜੋਗੀ ਤਾਂ ਘਰ ਦਾ ਹੀ ਸਿੱਧ ਹੁੰਦੈ। ਕੌਮੀ ਟੀਮ ਦੇ ਪ੍ਰਬੰਧਕ ਵਿਦੇਸ਼ੀ ਕੋਚ ਦਾ ਤਜਰਬਾ ਕਰ ਚੁੱਕੇ ਹਨ ਪਰ ਕੋਈ ਖਾਸ ਨਤੀਜੇ ਸਾਹਮਣੇ ਨਹੀਂ ਆਏ।

 

 

ਸ਼ਾਹਬਾਦ ਦੇ ਕੁੜੀਆਂ ਦੇ ਹਾਕੀ ਸੈਂਟਰ ਦੇ ਮੁੱਖ ਹਾਕੀ ਕੋਚ ਦੀ ਮਿਸਾਲ ਪੇਸ਼ ਕਰਦੇ ਸੈਂਟਰ ਲਾਈਨ ਦੇ ਖਿਡਾਰੀ ਦਾ ਤਰਕ ਹੈ ਕਿ ਕੋਚ ਬਲਦੇਵ ਸਿੰਘ ਦੀ ਕੋਚਿੰਗ ਨੇ ਦੇਸ਼ ਦੀ ਮਹਿਲਾ ਹਾਕੀ ਟੀਮ ਦੇ ਚਿੱਠੇ ਤਾਰੇ ਹਨ। ਰੇਲਵੇ, ਏਅਰਲਾਈਨਜ਼ ਤੇ ਹੋਰ ਸਰਕਾਰੀ-ਗੈਰ-ਸਰਕਾਰੀ ਵਿਭਾਗਾਂ ਦੀਆਂ ਟੀਮਾਂ ’ਚ ਸ਼ਾਹਬਾਦ ਦੀਆਂ ਖਿਡਾਰਨਾਂ ਦੀ ਮੌਜੂਦਗੀ ਤੋਂ ਇਲਾਵਾ ਸ਼ਾਹਬਾਦ ਮਹਿਲਾ ਕੌਮੀ ਹਾਕੀ ਦੀ ਜਿੱਤ ਵੀ ਹਰਿਆਣਾ ਦੇ ਪੱਲੇ ਲਗਾਤਾਰ ਪਾਉਂਦਾ ਆ ਰਿਹਾ ਹੈ। ਸਰਦਾਰ ਸਿੰਘ ਦਾ ਤਰਕ ਹੈ ਕਿ ਸਬ-ਜੂਨੀਅਰ ਤੇ ਜੂਨੀਅਰ ਟੀਮਾਂ ਦੀ ਸਹੀ ਬਣਤਰ ਨਾਲ ਹੀ ਨਰੋਈ ਸੀਨੀਅਰ ਕੌਮੀ ਟੀਮ ਦੀ ਨੀਂਹ ਰੱਖੀ ਜਾ ਸਕਦੀ ਹੈ। ਇਸ ਲਈ ਸਰਦਾਰ ਸਿੰਘ ਗਰਾਸ ਰੂਟ ਤੋਂ ਹੀ ਖਿਡਾਰੀਆਂ ਦੀ ਤਿਆਰੀ ਦੀ ਵਕਾਲਤ ਕਰਦਾ ਹੈ। ਵਿਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਹਾਕੀ ਖੇਡ ਦੇ ਨੈੱਟਵਰਕ ’ਤੇ ਟਿੱਪਣੀ ਕਰਦਾ ਸਰਦਾਰ ਸਿੰਘ ਦੱਸਦਾ ਹੈ ਕਿ ਇਸ ਪਾਸੇ ਕੰਮ ਜ਼ਰੂਰ ਹੋਇਆ ਹੈ ਪਰ ਅਜੇ ਵੀ ਟਰਫ ਦੇ ਮੈਦਾਨਾਂ ਖਾਸ ਕਰ ਫਲੱਡ ਲਾਈਟਸ ਨਾਲ ਲੈਸ ਮੈਦਾਨਾਂ ਦੀ ਵੱਡੀ ਘਾਟ ਜ਼ਰੂਰ ਰੜਕ ਰਹੀ ਹੈ। ਗਰਮੀ ਦੀ ਮਾਰ ਤੋਂ ਬਚਣ ਲਈ ਖਿਡਾਰੀਆਂ ਦੇ ਟਰੇਨਿੰਗ ਸੈਸ਼ਨ ਰਾਤ ਸਮੇਂ ਚਲਾਉਣ ਲਈ ਫਲੱਡ ਲੈਟਾਂ ਵਾਲੇ ਮੈਦਾਨ ਹੋਣੇ ਬਹੁਤ ਜ਼ਰੂਰੀ ਹਨ। 

 


ਕੌਮਾਂਤਰੀ ਖਿਡਾਰੀ ਦੀਦਾਰ ਸਿੰਘ: ਕੌਮਾਂਤਰੀ ਹਾਕੀ ਖੇਡਣ ਲਈ ਮੈਦਾਨ ਦੀ ਸਰਦਲ ’ਚ ਕਦਮ ਰੱਖਣ ਤੋਂ ਦੀਦਾਰ ਸਿੰਘ ਨੇ ਨਾਮਧਾਰੀਆਂ ਦੀ ਹਾਕੀ ਟੀਮ ਦੇ ਖਿਡਾਰੀ ਵਜੋਂ ਰਾਸ਼ਟਰੀ ਹਾਕੀ ਖੇਡਣ ਦਾ ਆਗਾਜ਼ ਕੀਤਾ। ਨੈਸ਼ਨਲ ਹਾਕੀ ਟੂਰਨਾਮੈਂਟਾਂ ’ਚ ਦੀਦਾਰ ਸਿੰਘ ਦੀ ਖੇਡ ਪਾਰੀ ਜਗਦੀ ਜੋਤ ਵਾਂਗ ਜਗਣ ਤੋਂ ਬਾਅਦ ਉਸ ਨੂੰ ਕੌਮੀ ਟੀਮ ਨਾਲ ਕੋਚਿੰਗ ਕੈਂਪ ਲਾਉਣ ਲਈ ਸੱਦਿਆ ਗਿਆ। ਅਗਲੀ ਪਾਲ ’ਚ ਖੇਡਣ ਵਾਲਾ ਦੀਦਾਰ ਸਿੰਘ ਮੈਦਾਨ ’ਚ ਸਦਾ ਹੀ ਸੂਰਜ ਨੂੰ ਠਾਰਨ ਵਾਲੀ ਅਤੇ ਪਾਣੀਆਂ ਨੂੰ ਅੱਗ ਲਾਉਣ ਵਾਲੀ ਹਾਕੀ ਖੇਡਣ ਦਾ ਮਾਲਕ ਬਣਿਆ।

 

 

ਇਸੇ ਤਿੱਖੀ ਖੇਡ ਦਾ ਸਿੱਟਾ ਰਿਹਾ ਕਿ ਦੀਦਾਰ ਸਿੰਘ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਸਦਾ ਹੀ ਖੇਡ ਛਹਿਬਰਾਂ ਲਾਉਂਦਾ ਰਿਹਾ। ਵਿਰੋਧੀ ਟੀਮਾਂ ਦੇ ਡਿਫੈਂਡਰਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾਉਣ ਵਾਲੇ ਦੀਦਾਰ ਸਿੰਘ ਦੀ ਤੂਫਾਨੀ ਖੇਡ ਤੋਂ ਕੌਮੀ ਚੋਣਕਾਰ ਵੀ ਬਹੁਤ ਪ੍ਰਭਾਵਤ ਹੰੁਦੇ ਸਨ। ਹਾਕੀ ਟੀਮ ਦੀ ਸਿਲੈਕਸ਼ਨ ਕਮੇਟੀ ਇਸ ਪੱਖੋਂ ਪੂਰੀ ਜਾਣਕਾਰ ਸੀ ਕਿ ਦੀਦਾਰ ਸਿੰਘ ਕੌਮੀ ਟੀਮ ਦਾ ਸਰਕਰਦਾ ਖਿਡਾਰੀ ਹੈ, ਜਿਹੜਾ ਵਿਰੋਧੀ ਟੀਮਾਂ ’ਤੇ ਜਿੱਤਾਂ ਦਰਜ ਕਰਵਾਉਣ ’ਚ ਸਹਾਈ ਹੋ ਸਕਦਾ ਹੈ। ਦਾ ਹੰਕਾਰ ਤੋੜ ਕੇ ਦੇਸ਼ ਦੀ ਹਾਕੀ ਨੂੰ ਜਿੱਤਾਂ ਨਾਲ ਮਾਲਾ-ਮਾਲ ਕੀਤਾ ਹੈ। ਕਈ ਵਾਰ ਕੌਮੀ ਸਿਲੈਕਟਰਾਂ ਕੋਲ ਦੀਦਾਰ ਸਿੰਘ ਦੀ ਟੀਮ ’ਚੋਂ ਕਾਂਟੀ-ਛਾਂਟੀ ਦਾ ਕੋਈ ਬਹਾਨਾ ਨਹੀਂ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਓਲੰਪਿਕ ਤੇ ਵਿਸ਼ਵ ਹਾਕੀ ਕੱਪ ਖੇਡਣ ਵਾਲੀ ਟੀਮ ਦੇ ਦਸਤੇ ’ਚ ਸ਼ਾਮਲ ਨਹੀਂ ਕੀਤਾ ਗਿਆ। ਹਾਕੀ ਦੇ ਤਬਕਿਆਂ ’ਚ ਚੰਗਾ ਨਾਮ ਕਮਾਉਣ ਵਾਲਾ ਦੀਦਾਰ ਸਿੰਘ ਖੇਡ ਦਰਸ਼ਕਾਂ ਦਾ ਚਹੇਤਾ ਹਾਕੀ ਖਿਡਾਰੀ ਸੀ। ਹਾਕੀ ਪ੍ਰੇਮੀਆਂ ਦੇ ਸਦਾ ਨੇੜੇ ਰਹਿਣ ਕਰਕੇ ਉਸ ਨੇ ਕਦੇ ਵੀ ਪੈਰ ਨਹੀਂ ਛੱਡੇ ਅਤੇ ਹਾਕੀ ਪ੍ਰੇਮੀਆਂ ਨੂੰ ਆਪਣਾ ਅਸਲੀ ਸਰਮਾਇਆ ਮੰਨਦਾ ਰਿਹਾ। ਹਾਕੀ ਦਰਸ਼ਕਾਂ ਦੀਆਂ ਅੱਖਾਂ ਦਾ ਤਾਰਾ ਬਣਨ ਵਾਲੇ ਦੀਦਾਰ ਸਿੰਘ ਦਾ ਨੀਵਾਂਪਣ ਵੇਖ ਤਾਂ ਹਰ ਹਾਕੀ ਪ੍ਰੇਮੀ ਦੀ ਰੂਹ ਨਸ਼ਿਆ ਜਾਂਦੀ ਸੀ। 

 


ਰਾਸ਼ਟਰੀ ਹਾਕੀ ’ਚ ਇੰਡੀਅਨ ਆਇਲ ਦੀ ਟੀਮ ਦੀ ਨੁਮਾਇੰਦਗੀ ਵਾਲੇ ਦੀਦਾਰ ਸਿੰਘ ਨੇ ਜੂਨੀਅਰ ਕੌਮੀ ਹਾਕੀ ਟੀਮ ਵਲੋਂ 2001 ’ਚ ਮਲੇਸ਼ੀਆ ਨਾਲ ਟੈਸਟ ਹਾਕੀ ਲੜੀ ਖੇਡਣ ਸਦਕਾ ਆਪਣੇ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ। ਜੂਨੀਅਰ ਹਾਕੀ ਟੀਮ ’ਚ ਦੀਦਾਰ ਸਿੰਘ ਦੀ ਖੇਡ ਤੋਂ ਕਾਇਲ ਹੁੰਦਿਆਂ ਟੀਮ ਸਿਲੈਕਟਰਾਂ ਵਲੋਂ ਉਸ ਨੂੰ ਸੀਨੀਅਰ ਕੌਮੀ ਹਾਕੀ ਟੀਮ ’ਚ ਖੇਡਣ ਲਈ ਨਾਮਜ਼ਦ ਕੀਤਾ ਗਿਆ। ਕੌਮੀ ਹਾਕੀ ਟੀਮ ਦੀ ਪ੍ਰਤੀਨਿੱਧਤਾ ’ਚ ਦੀਦਾਰ ਸਿੰਘ ਨੇ 2003 ’ਚ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ ਅਤੇ ਏਸ਼ੀਆ ਹਾਕੀ ਕੱਪ ਖੇਡਿਆ। ਕੁਆਲਾਲੰਪੁਰ-2003 ’ਚ ਖੇਡੇ ਗਏ ਏਸ਼ੀਆ ਹਾਕੀ ਕੱਪ ’ਚ ਕੌਮੀ ਹਾਕੀ ਟੀਮ ਨੇ ਫਾਈਨਲ ’ਚ ਪਾਕਿਸਤਾਨੀ ਟੀਮ ਨੂੰ 4-2 ਗੋਲਾਂ ਮਾਤ ਦੇਂਦਿਆਂ ਪਹਿਲੀ ਵਾਰ ਏਸ਼ੀਆ ਹਾਕੀ ਕੱਪ ਦੀ ਚੈਂਪੀਅਨਸ਼ਿਪ ’ਤੇ ਆਪਣਾ ਕਬਜ਼ਾ ਕੀਤਾ। ਹੈਦਰਾਬਾਦ ਸੁਲਤਾਨਜ਼ ਦੀ ਟੀਮ ਵਲੋਂ ਇੰਡੀਅਨ ਹਾਕੀ ਲੀਗ ਖੇਡਣ ਵਾਲੇ ਦੀਦਾਰ ਸਿੰਘ ਨੂੰ 2006 ’ਚ ਰੋਬੋ ਬੈਂਕ ਹਾਕੀ ਕੱਪ ਹਾਲੈਂਡ ਅਤੇ ਆਸਟਰੇਲੀਆ-2006 ਕਾਮਨਵੈਨਥ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। 

 


2007 ’ਚ ਮਲੇਸ਼ੀਆ ਦੇ ਅਜ਼ਲਾਨ ਸ਼ਾਹ ਹਾਕੀ ਕੱਪ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਕੌਮੀ ਟੀਮੀ ਦੀ ਨੁਮਾਇੰਦਗੀ ਕਰਨ ਵਾਲੇ ਦੀਦਾਰ ਸਿੰਘ ਨੂੰ ਪ੍ਰੀਮੀਅਰ ਹਾਕੀ ਲੀਗ-2006 ਦੇ ਅਡੀਸ਼ਨ ’ਚ ਲੀਗ ਦੇ ਪ੍ਰਬੰਧਕਾਂ ਵਲੋਂ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਨਾਮਜ਼ਦ ਕੀਤਾ ਗਿਆ। ਸਾਲ-2005 ’ਚ ਹਾਲੈਂਡ ਦੀ ਹਾਕੀ ਟੀਮ ਨਾਲ ਟੈਸਟ ਸੀਰੀਜ਼ ਅਤੇ 2006 ’ਚ ਪਾਕਿਸਤਾਨੀ ਹਾਕੀ ਟੀਮ ਨਾਲ ਟੈਸਟ ਲੜੀ ਖੇਡਣ ਵਾਲੇ ਦੀਦਾਰ ਸਿੰਘ ਨੇ 2016 ’ਚ ਇੰਡੀਅਨ ਹਾਕੀ ਟੀਮ ਵਲੋਂ ਨੈਸ਼ਨਲ ਹਾਕੀ ਖੇਡਣ ਤੋਂ ਬਾਅਦ ਆਪਣੀ ਖੇਡ ਵਰਦੀ ਅਤੇ ਹਾਕੀ ਸਦਾ ਲਈ ਕਿੱਲੀ ’ਤੇ ਟੰਗ ਦਿੱਤੀ।

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National and International Hockey Players Didar Singh and Olympian Sardar Singh