ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 5 ਟੀ20 ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਭਾਰਤ ਨੇ ਹੁਣ ਤੱਕ ਖੇਡੇ ਗਏ ਤਿੰਨੇ ਮੈਚ ਜਿੱਤੇ ਹਨ ਅਤੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਹੁਣ ਦੋ ਮੈਚ ਬਚੇ ਹਨ। ਅਜਿਹੀ ਸਥਿਤੀ 'ਚ ਭਾਰਤ ਉਨ੍ਹਾਂ ਖਿਡਾਰੀਆਂ ਨੂੰ ਪਲੇਇੰਗ-11 'ਚ ਸ਼ਾਮਿਲ ਕਰੇਗਾ, ਜਿਨ੍ਹਾਂ ਨੂੰ ਹੁਣ ਤਕ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਅੱਜ ਭਾਰਤੀ ਟੀਮ 'ਚ ਦੋ ਜਾਂ ਤਿੰਨ ਬਦਲਾਅ ਜ਼ਰੂਰ ਵੇਖਣ ਨੂੰ ਮਿਲ ਸਕਦੇ ਹਨ।
ਭਾਰਤੀ ਟੀਮ ਨੇ ਪਹਿਲਾਂ ਹੀ 3-0 ਦੀ ਅਜੇਤੂ ਲੀਡ ਹਾਸਿਲ ਕਰ ਕੇ ਨਿਊਜ਼ੀਲੈਂਡ 'ਚ ਇਤਿਹਾਸ ਰੱਚ ਦਿੱਤਾ ਹੈ। ਹਾਲਾਂਕਿ ਇਹ ਮੰਨਣਾ ਗਲਤ ਹੋਵੇਗਾ ਕਿ ਵਿਰਾਟ ਕੋਹਲੀ 'ਚ ਜਿੱਤ ਦੀ ਭੁੱਖ ਘੱਟ ਗਈ ਹੈ। ਅੱਜ ਵੀ ਭਾਰਤੀ ਟੀਮ ਚੌਥੇ ਟੀ20 ਮੈਚ 'ਚ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ।
ਅੱਜ ਦਾ ਮੈਚ ਵੇਲਿੰਗਟਨ ਦੇ ਸਕਾਈ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਪਿੱਚ 'ਤੇ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਇਸ ਮੈਦਾਨ 'ਤੇ ਟੀ20 ਇੰਟਰਨੈਸ਼ਨਲ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 161 ਦੌੜਾਂ ਹੈ। ਪਿਛਲੇ ਸਾਲ ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਇਸੇ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 219 ਦੌੜਾਂ ਬਣਾਈਆਂ ਸਨ, ਜੋ ਇਸ ਮੈਦਾਨ ਦਾ ਸਰਬੋਤਮ ਸਕੋਰ ਵੀ ਹੈ। ਜਵਾਬ 'ਚ ਭਾਰਤੀ ਟੀਮ 139 ਦੌੜਾਂ 'ਤੇ ਆਲ ਆਊਟ ਹੋ ਗਈ ਸੀ।
ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਅਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦੇ ਸਕਦੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਵਿਕਟਕੀਪਰ ਰਿਸ਼ਭ ਪੰਤ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਮਨੀਸ਼ ਪਾਂਡੇ ਅਤੇ ਸ਼ਿਵਮ ਦੂਬੇ ਵਿਚੋਂ ਇੱਕ ਖਿਡਾਰੀ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਹਾਲਾਂਕਿ, ਕੇਐਲ ਰਾਹੁਲ ਟੀਮ 'ਚ ਬਣੇ ਰਹਿਣਗੇ ਅਤੇ ਉਹ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨ ਆਉਣਗੇ।