ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਹਾਕੀ ਦਾ ਵਗਦਾ ਦਰਿਆ ਓਲੰਪੀਅਨ ਪਰਗਟ ਸਿੰਘ

ਵਿਸ਼ਵ ਹਾਕੀ ਦਾ ਵਗਦਾ ਦਰਿਆ ਓਲੰਪੀਅਨ ਪਰਗਟ ਸਿੰਘ

ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਪਰਗਟ ਸਿੰਘ ਦੀ ਹਾਕੀ ਖੇਡ ਦੀ ਗੱਲ ਕਰਨ ’ਤੇ ਇਕ ਵਾਰ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੂਰੀ ਦੁਨੀਆਂ ਦੀ ਹਾਕੀ ਦੀ ਗੱਲ ਹੀ ਕੀਤੀ ਜਾ ਰਹੀ ਹੋਵੇ। ਇਸੇ ਕਰਕੇ ਹੀ ਪਰਗਟ ਦੀ ਹਾਕੀ ਖੇਡ ਨੂੰ ਮੁੱਖ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਹਾਕੀ ਦਾ ਇਕ ਵਗਦਾ ਦਰਿਆ ਸੀ ਜੋ ਹਮੇਸ਼ਾ ਸਮੇਂ ਦੀਆਂ ਹੱਦਾਂ ਉਲੰਘ ਕੇ ਹਾਕੀ ਦੇ ਮੈਦਾਨ ਅੰਦਰ ਨਿਰੰਤਰ ਵਹਿੰਦਾ ਰਿਹਾ। ਸੱਚਮੁਚ ਹੀ ਪਰਗਟ ਸਿੰਘ ਹਾਕੀ ਖੇਡ ਦਾ ਮਸੀਹਾ ਅਖਵਾਉਣ ਦੇ ਕਾਬਲ ਹੈ। ਉਸ ਨੇ ਹਾਕੀ ਮੈਦਾਨ ਅੰਦਰ ਹਾਕੀ ਖੇਡਦਿਆਂ ਜੰਨਤ ਦੇ ਨਜ਼ਾਰੇ ਵੇਖੇ ਹਨ ਅਤੇ ਹਾਕੀ ਦੇ ਗਗਨ ’ਚ ਉਡਾਰੀ ਭਰਨ ਤੋਂ ਬਾਅਦ ਵੀ ਉਸ ਨੇ ਹਾਕੀ ਖੇਡ ਨਾਲ ਤੋੜ ਨਿਭਣ ਦੀਆਂ ਸੱਚੀਆਂ ਕਸਮਾਂ ਖਾਈਆਂ ਹੋਈਆਂ ਹਨ।

 

 

ਉਹ ਅੱਜ ਵੀ ਦੇਸ਼-ਵਿਦੇਸ਼ ਦੇ ਲੱਖਾਂ-ਕਰੋੜਾਂ ਹਾਕੀ ਦਿਵਾਨਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਖਿਡਾਰੀ ਹੈ। ਉਸ ਨੇ ਹਾਕੀ ਖਿਡਾਰੀਆਂ ਨਾਲ ਹੁੰਦੀ ਜੱਗੋਂ-ਤੇਰਵੀਂ ਨੂੰ ਰੋਕਣ ਦੇ ਸੰਗਰਾਮ ਦਾ ਬਿਗਲ ਵਜਾਉਣ ਦਾ ਉਦੋਂ ਅਹਿਦ ਕੀਤਾ ਜਦੋਂ ਉਹ ਸਿਖ਼ਰੀ ਹਾਕੀ ਖਿਡਾਰੀ ਸੀ। ਅਜਿਹੇ ਤਕੜੇ ਹੰਭਲੇ ਮਾਰਦਿਆਂ ਉਸ ਨੇ ਹਾਕੀ ਦੇ ਅਮਲੋਂ ਕੋਰੇ ਦੇਸ਼ ਦੇ ਹਾਕੀ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਸੁੱਤਿਆਂ ਜਗਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਵੀ ਕੀਤੀਆਂ। ਭਾਵੇਂ ਉਸ ਦੀਆਂ ਸੰਸਾਰ-ਵਿਆਪੀ ਹਾਕੀ ਜਿੱਤਾਂ ਦਰਜ ਕਰਨ ਦੇ ਇਰਾਦੇ ਅਤੇ ਵਾਅਦੇ ਹਮੇਸ਼ਾ ਹੀ ਤਾਰ-ਤਾਰ ਹੁੰਦੇ ਰਹੇ। ਇੱਥੋਂ ਤੱਕ ਕਿ ਉਸ ਦੀ ਅਗਵਾਈ ’ਚ ਦੇਸ਼ ਦੀ ਹਾਕੀ ਟੀਮ ਨੇ ਬਹੁਤੀਆਂ ਤਿੜਕੀਆਂ ਖੇਡ ਪਾਰੀਆਂ ਹੀ ਖੇਡੀਆਂ ਪਰ ਇਸ ਦੇ ਬਾਵਜੂਦ ਉਸ ਨੇ ਵਿਸ਼ਵ ਦੇ ਹਾਕੀ ਖਿਡਾਰੀਆਂ ਦੀ ਭੀੜ ਵਿਚੋਂ ਨਿਵੇਕਲੀ ਖੇਡ ਖੇਡਣ ਸਦਕਾ ਸੰਸਾਰ ਹਾਕੀ ਦੇ ਤਬਕਿਆਂ ’ਚ ਆਪਣੀ ਇਕ ਅਲੱਗ ਪਹਿਚਾਣ ਜ਼ਰੂਰ ਬਣਾਈ ਰੱਖੀ।

 


ਪਰਗਟ ਸਿੰਘ ਨੇ 1985 ’ਚ ਕੌਮਾਂਤਰੀ ਹਾਕੀ ਦੇ ਮੈਦਾਨ ਅੰਦਰ ਪੈਰ ਧਰਦਿਆਂ ਹੀ ਪਰਥ (ਆਸਟਰੇਲੀਆ) ਚੈਂਪੀਅਨਜ਼ ਹਾਕੀ ਟਰਾਫ਼ੀ, ਦੁਬਈ ’ਚ ਪਾਕਿਸਤਾਨੀ ਟੀਮ ਨਾਲ ਦੋ ਹਾਕੀ ਟੈਸਟ ਅਤੇ ਢਾਕਾ (ਬੰਗਲਾਦੇਸ਼) ’ਚ ਹੋਇਆ ਏਸ਼ੀਆ ਕੱਪ ਖੇਡ ਕੇ ਆਪਣੀ ਰੱਖਿਅਕ ਖੇਡ ਦੇ ਕਮਾਲ ਨਾਲ ਦੇਸ਼ ਦੇ ਹਾਕੀ ਗਲਿਆਰਿਆਂ ’ਚ ਇਕ ਵਾਰ ਤਾਂ ਚਰਚਾ ਛੇੜ ਕੇ ਰੱਖ ਦਿੱਤੀ। ਦੇਸ਼ ਦੀ ਹਾਕੀ ਟੀਮ ਨੂੰ ਪਰਗਟ ਸਿੰਘ ਜਿਹਾ ਨਰੋਆ ਭਰੋਸੇਮੰਦ ਫੁੱਲ ਬੈਕ ਖਿਡਾਰੀ ਮਿਲਣ ਕਰਕੇ ਹਿੰਦ ਦੀ ਹਾਕੀ ਪ੍ਰਬੰਧਕ ਤੇ ਪ੍ਰਸੰਸਕ ਦੋਵੇਂ ਹੀ ਖੁਸ਼ੀ ਨਾਲ ਬਾਗ਼ੋ-ਬਾਗ਼ ਹੋਏ ਪਏ ਸਨ।

ਵਿਸ਼ਵ ਹਾਕੀ ਦਾ ਵਗਦਾ ਦਰਿਆ ਓਲੰਪੀਅਨ ਪਰਗਟ ਸਿੰਘ

 

ਮਰਹੂਮ ਓਲੰਪੀਅਨ ਸੁਰਜੀਤ ਸਿੰਘ ਦੀ 1984 ’ਚ ਹੋਈ ਬੇਵਕਤੀ ਮੌਤ ਨਾਲ ਜਿੱਥੇ ਘਰੇਲੂ ਹਾਕੀ ਟੀਮ ਇਕ ਸੰਸਾਰ ਪ੍ਰਸਿੱਧ ਡਿਫ਼ੈਂਡਰ ਹਾਕੀ ਖਿਡਾਰੀ ਤੋਂ ਵਾਂਝੀ ਹੋ ਗਈ ਸੀ ਉੱਥੇ ਸੁਰਜੀਤ ਸਿੰਘ ਦੇ ਅਚਨਚੇਤ ਵਿਛੜ ਜਾਣ ਨਾਲ ਹਾਕੀ ਪ੍ਰੇਮੀ ਵੀ ਡੂੰਘਾ ਸਦਕਾ ਭੋਗ ਰਹੇ ਸਨ। ਹਾਕੀ ਸੰਘ, ਕੋਚਿੰਗ ਕੈਂਪ ਅਤੇ ਹਾਕੀ ਦੀ ਸੁੱਖ ਭਾਲਣ ਵਾਲੇ ਹਾਕੀ ਦਰਸ਼ਕਾਂ ਨੂੰ ਉਦੋਂ ਸੁੱਖ ਦਾ ਸਾਹ ਆਇਆ ਜਦੋਂ ਭਾਰਤੀ ਗੋਲ ਦੀ ਰੱਖਿਆ ਕਰਨ ਲਈ ਪੰਜਾਬ ਦੀ ਮਿੱਟੀ ਇਕ ਗ਼ਜ਼ਬ ਦਾ ਗੋਲ ਰਾਖਾ ਪਰਗਟ ਸਿੰਘ ਦੇ ਰੂਪ ’ਚ ਪ੍ਰਗਟ ਹੋਇਆ।

 


 ਵਿਸ਼ਵ ਹਾਕੀ ਦੀ ਜ਼ਰਖ਼ੇਜ਼  ਭੂਮੀ ਮੰਨੇ ਜਾਂਦੇ ਜ਼ਿਲਾ ਜਲੰਧਰ ਦੇ ਪਿੰਡ ਮਿੱਠਾਪੁਰ ’ਚ ਗੁਰਦੇਵ ਸਿੰਘ ਦੇ ਘਰ ਪਰਗਟ ਸਿੰਘ ਨੇ 5 ਮਾਰਚ 1965 ਨੂੰ ਜਨਮ ਲਿਆ। ਉਸ ਦੇ ਪਰਿਵਾਰ ਦਾ ਹਾਕੀ ਅਤੇ ਹੋਰ ਕਿਸੇ ਖੇਡ ਨਾਲ ਦੂਰ ਤੱਕ ਦਾ ਵੀ ਵਾਹ-ਵਾਸਤਾ ਨਹੀਂ ਸੀ ਪਰ ਉਸ ਨੇ ਆਪਣੇ ਬਲਬੂਤੇ ਥੋੜੇ ਹੀ ਸਮੇਂ ’ਚ ਹਾਕੀ ਜਗਤ ’ਚ ਆਪਣੀ ਅਲੱਗ ਪਛਾਣ ਜ਼ਰੂਰ ਬਣਾ ਲਈ। ਉਸ ਦੀ ਹਾਕੀ ਦਾ ਖੇਡ ਚਿੱਠਾ ਬਹੁਤ ਲੰਮੇਰਾ ਹੈ। ਉਹ 1988 ’ਚ ਸਿਓਲ (ਦੱਖਣੀ ਕੋਰੀਆ), 1992 ਬਾਰਸੀਲੋਨਾ (ਸਪੇਨ) ਅਤੇ 1996 ਐਟਲਾਂਟਾ ਓਲੰਪਿਕ ਖੇਡਿਆ। ਤਿੰਨ ਓਲੰਪਿਕ ਹਾਕੀ ਮੁਕਾਬਲਿਆਂ ’ਚ ਉਸ ਨੇ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਪਰਗਟ ਵਿਸ਼ਵ ਦਾ ਪਹਿਲਾ ਹਾਕੀ ਓਲੰਪੀਅਨ ਹੈ ਜਿਸ ਨੇ ਦੋ ਵਾਰ ਓਲੰਪਿਕ ਹਾਕੀ ’ਚ ਟੀਮ ਦੀ ਕਪਤਾਨੀ ਸੰਭਾਲ ਕੇ ਸੰਸਾਰ ਹਾਕੀ ’ਚ ਨਵਾਂ ਮੀਲ ਪੱਥਰ ਗੱਡਿਆ ਹੋਇਆ ਹੈ।

 

 

ਓਲੰਪਿਕ ਹਾਕੀ ’ਚ ਦੋ ਵਾਰ ਕਪਤਾਨੀ ਦਾ ਰਿਕਾਰਡ ਬਣਾਉਣ ਵਾਲੇ ਪਰਗਟ ਨੇ ਹਿੰਦ ਦੀ ਹਾਕੀ ਟੀਮ ਦੀ 168 ਕੌਮਾਂਤਰੀ ਹਾਕੀ ਮੈਚਾਂ ’ਚ ਕਪਤਾਨੀ ਕਰਨ ਦੇ ਇਤਿਹਾਸ ਦਾ ਨਵਾਂ ਹਾਕੀ ਅਧਿਆਇ ਵੀ ਆਪਣੇ ਨਾਮ ਨਾਲ ਜੋੜਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਜਦੋਂ ਉਸ ਨੇ ਸੰਸਾਰ ਹਾਕੀ ਦੀ ਲੰਮੀ ਪਾਰੀ ਖੇਡ ਕੇ ਹਾਕੀ ਖੇਡਣ ਤੋਂ ਕਿਨਾਰਾ ਕੀਤਾ ਤਾਂ 313 ਕੌਮਾਂਤਰੀ ਹਾਕੀ ਮੈਚ ਖੇਡਣ ਦਾ ਕੀਰਤੀਮਾਨ ਵੀ ਪਰਗਟ ਸਿੰਘ ਦੇ ਨਾਮ ਬੋਲਦਾ ਸੀ। ਹੁਣ ਭਾਵੇਂ ਹਾਲੈਂਡ ਦੇ ਜਿਰੋਇਨ ਡੈਲਮੀ ਤੋਂ ਇਲਾਵਾ ਹੋਰ ਵੀ ਕੁਝ ਖਿਡਾਰੀ ਪਰਗਟ ਦੇ 313 ਅੰਤਰਰਾਸ਼ਟਰੀ ਮੈਚ ਖੇਡਣ ਦੇ ਅੰਕੜੇ ਤੋਂ ਅੱਗੇ ਉਲੰਘ ਚੁੱਕੇ ਹਨ।

 


ਪਰਗਟ ਨੇ ਹਾਕੀ ਦੇ 2 ਵਿਸ਼ਵ ਕੱਪ ਖੇਡੇ। ਲੰਡਨ 1986 (ਇੰਗਲੈਂਡ) ਦੇ ਸੰਸਾਰ ਵਿਸ਼ਵ ਕੱਪ ’ਚ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਪਰਗਟ ਨੇ 1990 ’ਚ ਲਾਹੌਰ (ਪਾਕਿਸਤਾਨ) ਸੰਸਾਰ ਹਾਕੀ ਕੱਪ ’ਚ ਹਿੰਦ ਦੀ ਹਾਕੀ ਟੀਮ ਦੀ ਕਮਾਨ ਵੀ ਸੰਭਾਲੀ। ਏਸ਼ੀਆ ਪੱਧਰ ’ਤੇ ਪਰਗਟ ਦੋ ਏਸ਼ੀਆ ਕੱਪ ਅਤੇ ਦੋ ਵਾਰ ਹੀ ਏਸ਼ੀਆਈ ਹਾਕੀ ਖੇਡਿਆ। ਢਾਕਾ (ਬੰਗਲਾਦੇਸ਼) 1986 ਦਾ ਏਸ਼ੀਆ ਕੱਪ ਅਤੇ 1986 ਸਿਓਲ (ਦੱਖਣੀ ਕੋਰੀਆ) ਏਸ਼ੀਆ ਹਾਕੀ ਖੇਡਣ ਵਾਲਾ ਪਰਗਟ 1989 ਦਿੱਲੀ ਦੇ ਏਸ਼ੀਆ ਕੱਪ ਅਤੇ ਬੀਜਿੰਗ 1990 ਚੀਨ ਏਸ਼ੀਆਈ ਹਾਕੀ ’ਚ ਹਿੰਦ ਦੀ ਹਾਕੀ ਟੀਮ ਦਾ ਕਪਤਾਨ ਸੀ। ਪਰਗਟ 4 ਵਾਰ ਅਜ਼ਲਾਨ ਸ਼ਾਹ ਹਾਕੀ ਕੱਪ ਮਲੇਸ਼ੀਆ ਖੇਡਿਆ।

 

 

1986-1988 ’ਚ ਉਹ ਟੀਮ ਦਾ ਖਿਡਾਰੀ ਅਤੇ 1991-1995 ’ਚ ਹਾਕੀ ਟੀਮ ਦਾ ਕਪਤਾਨ ਸੀ। ਮੈਦਾਨ ਅੰਦਰ ਨਿਰਾਲੀ ਸ਼ਾਨ ਨਾਲ ਹਾਕੀ ਖੇਡਣ ਵਾਲੇ ਪਰਗਟ ਨੂੰ 2 ਵਾਰ ਆਲ ਏਸ਼ੀਅਨ ਸਟਾਰ ਟੀਮ ਲਈ ਚੁਣਿਆ ਗਿਆ। 1987 ’ਚ ਉਹ ਏਸ਼ੀਅਨ ਇਲੈਵਨ ਟੀਮ ਵੱਲੋਂ ਅਫ਼ਰੀਕਾ ਖੇਡ ਟੂਰ ’ਤੇ ਵੀ ਗਿਆ। ਏਸ਼ੀਆ ਇੰਟਰਨੈਸ਼ਨਲ ਹਾਕੀ ਕੱਪ 1991 ’ਚ ਉਸ ਨੇ ਆਲ ਏਸ਼ੀਅਨ ਹਾਕੀ ਟੀਮ ਦੀ ਕਪਤਾਨੀ ਕੀਤੀ। ਦੇਸ਼ ਦੀ ਹਾਕੀ ਟੀਮ ਵੱਲੋਂ ਰੂਸ 1986, ਦੁਬਈ 1986, ਕੁਵੈਤ 1996, ਚੇਨਈ 1996 (ਕਪਤਾਨ), ਆਸਟਰੇਲੀਆ 1996 (ਕਪਤਾਨ), ਕੇਮਜ਼ 1996 (ਕਪਤਾਨ) ਅਤੇ ਹੈਮਬਰਗ (ਜਰਮਨ) 1996 (ਕਪਤਾਨ) ’ਚ ਹੋਏ ਚਾਰ ਦੇਸ਼ਾਂ ਦੇ ਹਾਕੀ ਮੁਕਾਬਲੇ ’ਚ ਪਰਗਟ ਸੱਤ ਵਾਰ ਖੇਡਿਆ। ਪਰਗਟ ਨੇ ਆਪਣਾ ਕੌਮਾਂਤਰੀ ਹਾਕੀ ਸਫ਼ਰ ਜਾਰੀ ਰੱਖਦਿਆਂ ਸੈਫ਼ ਹਾਕੀ ਚੇਨਈ 1995 ਅਤੇ ਕੀਨੀਆ 1988 ਅਤੇ ਬਾਰਸੀਲੋਨਾ (ਸਪੇਨ) 1986 ਦੇ ਪ੍ਰੀ-ਓਲੰਪਿਕ ਹਾਕੀ ਕੁਆਲੀਫ਼ਾਈ ਟੂਰਨਾਮੈਂਟ ’ਚ ਹਾਕੀ ਦੀ ਕਪਤਾਨੀ ਦਾ ਭਾਰ ਵੀ ਆਪਣੇ ਸਿਰ ’ਤੇ ਚੁੱਕਿਆ। 1995 ’ਚ ਇਟਲੀ ’ਚ ਹੋਏ 6 ਦੇਸ਼ਾਂ ਦੇ ਹਾਕੀ ਟੂਰਨਾਮੈਂਟ ਅਤੇ 1992 ਦਿੱਲੀ ਇੰਦਰਾ ਗਾਂਧੀ ਗੋਲਡ ਹਾਕੀ ਕੱਪ ਖੇਡਣ ਵਾਲੀ ਟੀਮ ਦਾ ਅਗਵਾਈਕਾਰ ਵੀ ਪਰਗਟ ਹੀ ਸੀ।

ਵਿਸ਼ਵ ਹਾਕੀ ਦਾ ਵਗਦਾ ਦਰਿਆ ਓਲੰਪੀਅਨ ਪਰਗਟ ਸਿੰਘ

 

ਇੰਦਰਾ ਗਾਂਧੀ ਹਾਕੀ ਕੱਪ 1987 ਅਤੇ 1988 ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪਰਗਟ ਨੇ ਚਾਰ ਵਾਰ ਪਰਥ 1985 (ਆਸਟਰੇਲੀਆ), ਕਰਾਚੀ 1986 (ਪਾਕਿਸਤਾਨ), ਬਰਲਿਨ 1989 (ਜਰਮਨੀ) ਅਤੇ ਮਦਰਾਸ 1997 ’ਚ ਵਿਸ਼ਵ ਚੈਂਪੀਅਨਜ਼ ਹਾਕੀ ਟਰਾਫ਼ੀ ਖੇਡ ਕੇ ਆਪਣੇ ਹਾਕੀ ਕੈਰੀਅਰ ਨੂੰ ਹੋਰ ਵੀ ਸਿਖ਼ਰੀਂ ਪਹੁੰਚਾਇਆ। 1996 ’ਚ ਐਟਲਾਂਟਾ ਓਲੰਪਿਕ ਦੇ ਆਗ਼ਾਜ਼ (ਮਾਰਚ ਪਾਸਟ) ਸਮੇਂ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਪਰਗਟ ਨੇ 1985, 1986 ਅਤੇ 1988 ’ਚ ਲਗਾਤਾਰ ਤਿੰਨ ਵਾਰ ਪਰਸਪਰ ਵਿਰੋਧੀ ਦੇਸ਼ ਪਾਕਿਸਤਾਨ ਨਾਲ ਟੈਸਟ ਹਾਕੀ ਖੇਡਣ ਦਾ ਖ਼ਾਸ ਰੁਤਬਾ ਹਾਸਲ ਕੀਤਾ। ਇੱਥੇ ਹੀ ਬਸ ਨਹੀਂ, ਕਪਤਾਨੀ ਪਾਰੀ ’ਚ ਉਸ ਨੇ 1991 ਦਿੱਲੀ ’ਚ ਕੀਨੀਆ, 1991 ਦਿੱਲੀ ’ਚ ਹੀ ਇਟਲੀ, 1991 ਆਸਟਰੇਲੀਆ ਅਤੇ 1995 ’ਚ ਮਲੇਸ਼ੀਆ ਦੀਆਂ ਹਾਕੀ ਟੀਮਾਂ ਨਾਲ ਹਾਕੀ ਦੇ ਅਭਿਆਸੀ ਮੈਚ ਖੇਡ ਕੇ ਆਪਣੇ ਪੈਰ ਹਾਕੀ ਦੇ ਸੱਤੀਂ ਅਸਮਾਨੀਂ ਜਾ ਟਿਕਾਏ।

 


ਹਾਕੀ ਖੇਡ ਨਾਲ ਨੱਕੋ-ਨੱਕ ਲਬਰੇਜ਼ ਪਰਗਟ ਸਿੰਘ ਨੂੰ ਕੌਮੀ ਤੇ ਕੌਮਾਂਤਰੀ ਹਾਕੀ ਦੀ ਲਾਮਿਸਾਲ ਹਾਕੀ ਖੇਡ ਪਾਰੀ ਖੇਡਣ ਸਦਕਾ ਦੇਸ਼ ਦੇ ਸਰਬਉੱਚ ਖੇਡ ਸਨਮਾਨਾਂ ਨਾਲ ਨਿਵਾਜਿਆ ਗਿਆ। ਭਾਰਤ ਸਰਕਾਰ ਵੱਲੋਂ ਪਰਗਟ ਸਿੰਘ ਨੂੰ 1989 ’ਚ ‘ਅਰਜੁਨ ਐਵਾਰਡ’, 1996 ’ਚ ‘ਰਾਜੀਵ ਗਾਂਧੀ ਐਵਾਰਡ’ ਅਤੇ 1998 ’ਚ ‘ਪਦਮਸ਼੍ਰੀ ਐਵਾਡਰ’ ਦੇ ਕੇ ਹਿੰਦ ਦੇ ਉੱਘੇ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ। ਇੱਥੇ ਹੀ ਬਸ ਨਹੀਂ, 1985 ’ਚ ਚੰਡੀਗੜ ਦੀ ਖੇਡ ਪੱਤਰਕਾਰ ਐਸੋਸੀਏਸ਼ਨ ਨੇ ਹਾਕੀ ਦੀਆਂ ਬੁਲੰਦੀਆਂ ’ਤੇ ਪਹੁੰਚੇ ਪਰਗਟ ਦੀ ਚੋਣ ਇਕ ਨਾਮੀਂ-ਗਰਾਮੀਂ ਹਾਕੀ ਖਿਡਾਰੀ ਵਜੋਂ ਕੀਤੀ। ਐਸੋਸੀਏਸ਼ਨ ਵੱਲੋਂ ਪਰਗਟ ਸਿੰਘ ਨੂੰ ਯਾਦਗਾਰੀ ਟਰਾਫ਼ੀ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ। ਦਿੱਲੀ ਦੀ ਸਪੋਰਟਸ ਐਸੋਸੀਏਸ਼ਨ ਵੱਲੋਂ ਵੀ 1989 ’ਚ ਹਾਕੀ ਦੇ ਮਹਾਂਬਲੀ ਪਰਗਟ ਸਿੰਘ ਨੂੰ ਇਕ ਖ਼ਾਸ ਹਾਕੀ ਖਿਡਾਰੀ ਵਜੋਂ ਨਾਮਜ਼ਦ ਕਰਕੇ ਮਾਨ-ਸਨਮਾਨ ਦਿੱਤਾ ਗਿਆ।

 


ਪਰਗਟ ਹਿੰਦ ਦਾ ਪਹਿਲਾ ਹਾਕੀ ਸ਼ਖ਼ਸ ਹੈ ਜਿਸ ਨੇ ਮੈਦਾਨ ਅੰਦਰ ਖ਼ੂਨ ਪਸੀਨਾ ਡੋਲਣ ਵਾਲੇ ਹਾਕੀ ਖਿਡਾਰੀਆਂ ਨਾਲ ਹੁੰਦੀ ਜੱਗੋਂ-ਤੇਰਵੀਂ ਰੋਕਣ ਦੇ ਸੰਗਰਾਮ ਦਾ ਬਿਗਲ ਵਜਾਉਣ ਦਾ ਹੀਆ ਵੀ ਕੀਤਾ। ਖਿਡਾਰੀਆਂ ਲਈ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਪਰਗਟ ਸਿੰਘ ਨੇ ਹਾਕੀ ਸੰਘ ਦੇ ਘੂਕ ਸੁੱਤੇ ਅਧਿਕਾਰੀਆਂ ਨੂੰ ਜਗਾਉਣ ਦੀਆ ਅਣਥੱਕ ਕੋਸ਼ਿਸ਼ਾਂ ਵੀ ਕੀਤੀਆਂ। ਉਸ ਨੇ ਹਾਕੀ ਦੇ ਘੜੰਮ ਚੌਧਰੀਆਂ ਦੀਆਂ ਖਿਡਾਰੀਆਂ ਦੇ ਖੇਡ ਕੈਰੀਅਰਾਂ ਨਾਲ ਕੀਤੀਆਂ ਬੇਇਨਸਾਫ਼ੀਆਂ ਅਤੇ ਖੇਡਣ ਦੇ ਬਾਵਜੂਦ ਫ਼ਾਕੇ ਕੱਟ ਰਹੇ ਖਿਡਾਰੀਆਂ ਦੇ ਹੱਕ ’ਚ ਸ਼ਰੇ ਬਾਜ਼ਾਰ ਹੋਕਾ ਦਿੱਤਾ। 

 


ਪਰਗਟ, ਪਰਗਟ ਹੀ ਹੈ। ਇਹ ਗੱਲ ਹਿੰਦ ਦੇ ਹਾਕੀ ਪ੍ਰੇਮੀ ਹੀ ਨਹੀਂ, ਬਲਕਿ ਉਸ ਨਾਲ ਮੈਦਾਨ ਅੰਦਰ ਸਿੱਝਣ ਵਾਲੇ ਵਿਦੇਸ਼ੀ ਹਾਕੀ ਖਿਡਾਰੀ ਵੀ ਤਸਲੀਮ ਕਰਦੇ ਹਨ। ਲਾਹੌਰ 2004 ਦੀ ਚੈਂਪੀਅਨ ਹਾਕੀ ਟਰਾਫ਼ੀ ਸਮੇਂ ਜਦੋਂ ਆਪਣੇ ਸਮੇਂ ਦੇ ਵਿਸ਼ਵ ਦੇ ਕਹਿੰਦੇ-ਕਹਾਉਦੇ ਸੈਂਟਰ ਫ਼ਾਰਵਰਡ ਸ਼ਾਹਬਾਜ਼ ਅਹਿਮਦ ਨਾਲ ਮੁਲਾਕਾਤ ਦਾ ਸਬੱਬ ਜੁੜਿਆ ਤਾਂ ਵਿਸ਼ਵ ਹਾਕੀ ਤੋਂ ਸ਼ੁਰੂ ਹੋਈ ਗੱਲ ਆਖ਼ਰ ਪਰਗਟ ’ਤੇ ਹੀ ਆ ਕੇ ਖਤਮ ਹੋਈ। ਪਰਗਟ ਦਾ ਨਾਂ ਕੀ ਲਿਆ, ਬਸ ਫੇਰ ਸ਼ਾਹਬਾਜ਼ ਸ਼ੁਰੂ ਹੋ ਗਿਆ।

 

 

ਸ਼ਾਹਬਾਜ਼ ਦੇ ਮੂੰਹੋਂ ਨਿਕਲੇ ਬੋਲ ਹਨ, ‘‘ਪਰਗਟ ਨੂੰ ਅਣਗੌਲਿਆ ਕਰਕੇ ਗੋਲ ਟੰਗਣਾ ਤਾਂ ਅਸਮਾਨੋਂ ਤਾਰੇ ਤੋੜਨ ਵਾਲੀ ਗੱਲ ਸੀ। ਮੈਂ ਹਰ ਰੱਖਿਅਕ ਨੂੰ ਡਾਜ ਦੇ ਕੇ ਗੋਲ ਕੀਤੇ ਹਨ ਪਰ ਪਰਗਟ ਨੇ ਮੇਰੀ ਸਟਿੱਕ ਹਮੇਸ਼ਾ ਚੈੱਕ ਕਰਕੇ ਮੇਰੀ ਖੇਡਣ ਦੀ ਲੈਅ ਅਤੇ ਸਕੋਰ ਕਰਨ ਦੀ ਖੇਡ ਨੀਤੀ ਭੰਗ ਕਰਨ ’ਚ ਕਿਸੇ ਵੀ ਮੈਚ ’ਚ ਕੋਈ ਕਸਰ ਬਾਕੀ ਨਹੀਂ ਛੱਡੀ।’’ ਸ਼ਾਹਬਾਜ਼ ਨੇ ਗੱਲ ਖਤਮ ਕਰਨ ਤੋਂ ਪਹਿਲਾਂ ਦੂਜੀ ਵਾਰ ਪਰਗਟ ਦੀ ਸਿਫ਼ਤ ਕਰਦਿਆਂ ਕਿਹਾ ਸੀ, ‘‘ਪਰਗਟ ਨੇ ਆਪਣੀ ਗੋਲ ਰਾਖੀ ਕਲਾ ਨਾਲ ਹਰ ਟੀਮ ਦੇ ਹਮਲਾਵਰਾਂ ਨੂੰ ਹੀ ਪਰੇਸ਼ਾਨ ਕੀਤਾ ਹੈ। ਉਸ ਨੇ ਤੂਫ਼ਾਨ ਮੇਲ ਖਿਡਾਰੀਆਂ ਦੇ ਮਨ-ਮੰਦਰਾਂ ’ਚ ਸੋਚਾਂ ਦੀ ਧੂਣੀ ਮਘਾ ਦਿੱਤੀ, ਰਾਤਾਂ ਦੀਆਂ ਨੀਂਦਾਂ ਖੋਹ ਲਈਆਂ ਤੇ ਗੋਲ ਕਰਨ ਵਾਲਿਆਂ ਦੇ ਪੈਰਾਂ ਥੱਲੇ ਮਚਦੀ ਭੁੱਬਲ ਨੂੰ ਠੰਢੀ ਠਾਰ ਕਰਕੇ ਰੱਖ ਦਿੱਤਾ।’’

 


ਸਮੇਂ-ਸਮੇਂ ’ਤੇ ਖੇਡ ਸਕੱਤਰੇਤਾਂ ਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਕਰਨ ਵਾਲਾ ਪਰਗਟ ਸਿੰਘ ਹੁਣ ਖ਼ੁਦ ਪੰਜਾਬ ਖੇਡ ਵਿਭਾਗ ਦੇ ਨਿਰਦੇਸ਼ਕ ਦੇ ਅਹੁਦੇ ’ਤੇ ਸੇਵਾਵਾਂ ਨਿਭਾਅ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਪੁਲੀਸ ਪੁਲੀਸ ’ਚ ਐਸਪੀ ਵਜੋਂ ਜਲੰਧਰ ਵਿਖੇ ਕਾਰਜਰਤ ਰਿਹਾ। ਹਾਕੀ ਅਤੇ ਹੋਰ ਖੇਡ ਅਦਾਰਿਆਂ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਜੁੜਿਆ ਹੋਇਆ ਪ੍ਰਗਟ ਸਿੰਘ ਹੇਠਲੇ ਪੱਧਰ ਤੋਂ ਹਾਕੀ ਨੂੰ ਪ੍ਰਮੋਟ ਕਰਨ ਵਾਲੇ ‘ਹਾਕੀ ਪ੍ਰਮੋਸ਼ਨ ਇੰਸਟੀਚਿਊਟ’ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਹੈ। ਭਾਰਤ ਦੀ ਪਹਿਲੀ ਮਹਿਲਾ ਹਾਕੀ ਅਕਾਦਮੀ ਦਾ ਉਹ ਨਿਰਦੇਸ਼ਕ ਹੈ। ਮਰਹੂਮ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ’ਚ ਹਰ ਸਾਲ ਹਾਕੀ ਟੂਰਨਾਮੈਂਟ ਕਰਵਾਉਣ ਵਾਲੀ ‘ਸੁਰਜੀਤ ਸਿੰਘ ਹਾਕੀ ਸੁਸਾਇਟੀ’ ਦੀ ਮੀਤ ਪ੍ਰਧਾਨਗੀ ਵੀ ਉਸ ਦੇ ਹੱਥਾਂ ’ਚ ਹੈ।

 

 

‘ਹੀਰੋ ਇੰਡੀਅਨ ਸਪੋਰਟਸ ਅਕੈਡਮੀ’ ਦਾ ਉਹ ਮੈਂਬਰ ਹੈ। ਪਰਗਟ ਸਿੰਘ ਰਾਸ਼ਟਰੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਰਕਾਰੀ ਸੰਸਥਾ ਦਾ ਮੈਂਬਰ ਹੈ। ਰਾਸ਼ਟਰੀ ਖੇਡ ਸੰਸਥਾਵਾਂ ਨਾਲ ਭਾਈਵਾਲੀ ਨਿਭਾਉਣ ਵਾਲਾ ਪਰਗਟ ਆਲਮੀ ਹਾਕੀ ਨਾਲ ਵੀ ਜੁੜਿਆ ਹੋਇਆ ਹੈ। ‘ਫ਼ੈਡਰੇਸ਼ਨ ਆਫ਼ ਇੰਟਰਨੈਸ਼ਨਲ ਹਾਕੀ’ (ਐਫ.ਆਈ.ਐਚ) ਦੀ ਰੂਲਜ਼ ਸਲਾਹਕਾਰ ਪੈਨਲ ਦੀ ਮੈਂਬਰੀ ਵੀ ਪਰਗਟ ਦੇ ਹਿੱਸੇ ਆਈ ਹੋਈ ਹੈ। ਖੇਡ ਸੰਸਥਾਵਾਂ ਤੋਂ ਇਲਾਵਾ ਪਰਗਟ ‘ਸਰਵਿਸ ਐਡਵੈਂਚਰ ਐਂਡ ਕਲਚਰਲ ਐਸੋਸੀਏਸ਼ਨ’ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਵੀ ਨਾਮਜ਼ਦ ਹੈ। ਸਮਾਜਕ ਗਤੀਵਿਧੀਆਂ ਨਾਲ ਜੁੜਿਆ ਪਰਗਟ ‘ਵਰਲਡ ਸਪਿਰਿਚੂਅਲ ਫ਼ਾਊਂਡੇਸ਼ਨ ਇੰਡੀਅਨ ਚੈਪਟਰ’ ਦਾ ਪ੍ਰੋਮੋਟਰ ਵੀ ਹੈ। ਜਲੰਧਰ ਤੋਂ ਮੌਜੂਦਾ ਐਮਐਲਏ ਪ੍ਰਗਟ ਸਿੰਘ ਪੰਜਾਬ ਦਾ ਪਹਿਲਾ ਹਾਕੀ ਓਲੰਪੀਅਨ ਹੈ, ਜਿਸ ਨੂੰ ਅਸੈਂਬਲੀ ’ਚ ਦੂਜੀ ਵਾਰ ਪੰਜਾਬ ਦੇ ਲੋਕਾਂ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਹਾਸਲ ਹੋਇਆ ਹੈ।


–– ਸੁਖਵਿੰਦਰਜੀਤ ਸਿੰਘ ਮਨੌਲੀ

   ਮੋਬਾਇਲ – 94171 82993

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Olympian Pargat Singh A Flowing River of World Hockey