ਹੁਣ ਤੱਕ ਪਾਕਿਸਤਾਨ ਦੇ ਯਾਸਿਰ ਸ਼ਾਹ ਨੂੰ ਸਿਰਫ ਇੱਕ ਵਧੀਆ ਸਪਿੰਨ ਗੇਂਦਬਾਜ ਵਜੋਂ ਜਾਣਿਆ ਜਾਂਦਾ ਸੀ ਪਰ ਆਸਟ੍ਰੇਲੀਆ ਵਿਰੁੱਧ ਜਿੱਥੇ ਪਾਕਿਸਤਾਨ ਦੇ ਟਾਪ ਆਰਡਰ ਬੱਲੇਬਾਜ ਫੇਲ ਸਾਬਤ ਹੋਏ, ਉੱਥੇ ਹੀ ਯਾਸਿਰ ਸ਼ਾਹ ਨੇ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਆਪਣੇ ਕ੍ਰਿਕਟ ਕਰਿਅਰ ਦਾ ਪਹਿਲਾ ਸੈਂਕੜ ਲਗਾ ਦਿੱਤਾ।
ਮੇਜ਼ਬਾਨ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਐਡੀਲੇਡ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਬੀਤੇ ਦਿਨ ਆਪਣੀ ਪਹਿਲੀ ਪਾਰੀ 589/3 ਦੌੜਾਂ 'ਤੇ ਐਲਾਨ ਦਿੱਤੀ ਸੀ। ਇਸ ਮਗਰੋਂ ਪਾਕਿਸਤਾਨ ਟੀਮ ਨੇ ਅੱਜ ਚਾਹ ਦੇ ਸਮੇਂ ਤਕ 8 ਵਿਕਟਾਂ ਗੁਆ ਕੇ ਕੁੱਲ 213 ਦੌੜਾਂ ਬਣਾ ਲਈਆਂ ਹਨ।
ਇਸ ਤੋਂ ਪਹਿਲਾਂ ਯਾਸਿਰ ਸ਼ਾਹ ਟੈਸਟ ਕ੍ਰਿਕਟ 'ਚ ਸਟੀਵ ਸਮਿੱਥ ਨੂੰ 7ਵੀਂ ਵਾਰ ਆਊਟ ਕਰਨ ਲਈ ਚਰਚਾ 'ਚ ਰਹੇ ਸਨ। ਹਾਲਾਂਕਿ ਆਪਣੀ ਇਸ ਯਾਦਗਾਰ ਪਾਰੀ 'ਚ ਉਦੋਂ ਉਹ ਮੁਸ਼ਕਲ 'ਚ ਆ ਗਏ ਸਨ, ਜਦੋਂ 99 ਦੌੜਾਂ ਦੇ ਨਿੱਜੀ ਸਕੋਰ 'ਤੇ ਉਨ੍ਹਾਂ ਨੂੰ ਜੀਵਨਦਾਨ ਮਿਲਿਆ।
ਦਰਅਸਲ ਉਨ੍ਹਾਂ ਤੋਂ ਪਹਿਲਾਂ ਬਾਬਰ ਆਜਮ 97 ਦੌੜਾਂ ਬਣਾ ਕੇ ਆਊਟ ਹੋ ਗਏ ਸਨ ਅਤੇ ਉਹ 99 ਦੌੜਾਂ ਬਣਾ ਕੇ ਕ੍ਰੀਜ 'ਤੇ ਸਨ। 86ਵੇਂ ਓਵਰ 'ਚ ਜੋਸ਼ ਹੇਜ਼ਲਵੁਡ ਦੀ ਪੰਜਵੀਂ ਗੇਂਦ 'ਤੇ ਯਾਸਿਰ ਵੱਡਾ ਸ਼ਾਟ ਲਗਾ ਕੇ ਆਪਣਾ ਸੈਂਕੜਾ ਪੂਰਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਉਹ ਗਲਤ ਸ਼ਾਟ ਖੇਡ ਬੈਠੇ ਅਤੇ ਗੇਂਦ ਮਿਡ ਆਨ ਵੱਲ ਕਾਫੀ ਉੱਚੀ ਹਵਾ 'ਚ ਚਲਈ ਗਈ, ਜਿਥੇ ਕਮਿੰਸ ਨੇ ਕੈਚ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਨ੍ਹਾਂ ਦੇ ਹੱਥਾਂ 'ਚੋਂ ਨਿਕਲ ਗਈ। ਇਸ ਮਗਰੋਂ ਪਾਕਿਸਤਾਨੀ ਖੇਮੇ 'ਚ ਜ਼ੋਰਦਾਰ ਜਸ਼ਨ ਦਾ ਮਾਹੌਲ ਬਣ ਗਿਆ।
💯 for @Shah64Y 👏👏👏#AUSvPAK pic.twitter.com/whJN8PdP7k
— Pakistan Cricket (@TheRealPCB) December 1, 2019
ਇਸ ਸੈਂਕੜੇ ਨਾਲ ਯਾਸਿਰ ਨੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਯਾਸਿਰ ਨੰਬਰ-8 'ਤੇ ਸੈਂਕੜਾ ਲਗਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। ਤਿੰਨ ਸਾਲ ਦੇ ਇੰਤਜਾਰ ਤੋਂ ਬਾਅਦ ਟੈਸਟ ਕ੍ਰਿਕਟ 'ਚ 8ਵੇਂ ਨੰਬਰ 'ਤੇ ਕਿਸੇ ਬੱਲੇਬਾਜ਼ ਨੇ ਸੈਂਕੜਾ ਲਗਾਇਆ। ਪਿਛਲੀ ਵਾਰ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੇ 2016 'ਚ ਰਾਂਚੀ ਟੈਸਟ 'ਚ ਸੈਂਕੜਾ ਲਗਾਇਆ ਸੀ। ਸਾਹਾ ਨੇ 117 ਦੌੜਾਂ ਦੀ ਪਾਰੀ ਖੇਡੀ ਸੀ।