ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ ਪੀਟਰ ਸਿਡਲ ਨੇ ਐਤਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। 35 ਸਾਲਾ ਸਿਡਲ ਨੇ 67 ਟੈਸਟ ਮੈਚਾਂ 'ਚ 221 ਵਿਕਟਾਂ ਲਈਆਂ ਹਨ। ਸਿਡਲ ਨੇ ਸਾਲ 2008 'ਚ ਭਾਰਤ ਵਿਰੁੱਧ ਆਪਣਾ ਪਹਿਲਾ ਟੈਸਟ ਮੋਹਾਲੀ 'ਚ ਖੇਡਿਆ ਸੀ। ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਆਊਟ ਕਰ ਕੇ ਪਹਿਲੀ ਟੈਸਟ ਵਿਕਟ ਲਈ ਸੀ।

ਸਿਡਲ ਨੇ ਨਿਊਜ਼ੀਲੈਂਡ ਵਿਰੁੱਧ ਮੈਲਬਰਨ 'ਚ ਖੇਡੇ ਗਏ ਦੂਜੇ ਟੈਸਟ ਮੈਚ ਦੌਰਾਨ ਸੰਨਿਆਸ ਲੈਣ ਦਾ ਐਲਾਨ ਕੀਤਾ। ਆਸਟ੍ਰੇਲੀਆ ਨੇ ਬਾਕਸਿੰਗ ਡੇਅ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ 247 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਲੜੀ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਸਿਡਨੀ 'ਚ 3 ਜਨਵਰੀ ਨੂੰ ਖੇਡਿਆ ਜਾਵੇਗਾ। ਤੀਜੇ ਟੈਸਟ 'ਚੋਂ ਸਿਡਲ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਿਡਲ ਨੇ ਮੈਚ ਦੇ ਵਿਚਕਾਰ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ICYMI: Australia paceman Peter Siddle brought down the curtains on his glorious international career.https://t.co/4k6VeSMRcQ
— ICC (@ICC) December 29, 2019
ਆਸਟ੍ਰੇਲੀਆ ਨੇ ਦੂਜੇ ਟੈਸਟ ਮੈਚ ਦੀ 13 ਮੈਂਬਰੀ ਟੀਮ 'ਚ ਸਿਡਲ ਨੂੰ ਚੁਣਿਆ ਸੀ ਪਰ ਜਦੋਂ ਪਲੇਇੰਗ 11 ਚੁਣੀ ਗਈ ਤਾਂ ਸਿਡਲ ਦਾ ਨਾਂ ਨਹੀਂ ਸੀ। ਅੰਤਮ ਟੈਸਟ ਮੈਚ ਲਈ ਸਿਡਲ ਦੀ ਥਾਂ ਨੌਜਵਾਨ ਸਪਿਨ ਗੇਂਦਬਾਜ ਮਿਚੇਲ ਸਵੈਪਸ਼ਨ ਨੂੰ ਚੁਣਿਆ ਗਿਆ ਹੈ। ਸਿਡਲ ਨੇ ਆਪਣਾ ਅੰਤਮ ਟੈਸਟ ਮੈਚ ਏਸ਼ੇਜ਼ ਲੜੀ ਦੌਰਾਨ ਇੰਗਲੈਂਡ ਵਿਰੁੱਧ ਬੀਤੀ 12 ਸਤੰਬਰ ਨੂੰ ਕੇਨਿੰਗਟਨ 'ਚ ਖੇਡਿਆ ਸੀ।
ਸਿਡਲ ਨੇ ਸਾਲ 2010 'ਚ ਏਸ਼ੇਜ ਲੜੀ ਦੌਰਾਨ ਬ੍ਰਿਸਬੇਨ ਟੈਸਟ 'ਚ ਹੈਟ੍ਰਿਕ ਲਈ ਸੀ। ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਹੋਣਾ ਪਿਆ। ਉਹ ਸਾਲ 2016 ਤੋਂ 2018 ਤਕ ਨਹੀਂ ਖੇਡੇ। ਇਸ ਤੋਂ ਬਾਅਦ ਪਾਕਿਸਤਾਨ ਵਿਰੁੱਧ ਸਾਲ 2018 'ਚ ਦੁਬਈ ਟੈਸਟ ਤੋਂ ਵਾਪਸੀ ਕੀਤੀ ਸੀ। ਉਨ੍ਹਾਂ ਨੇ 20 ਵਨਡੇ ਮੈਚਾਂ 'ਚ 17 ਅਤੇ 2 ਟੀ20 ਮੈਚਾਂ 'ਚ 3 ਵਿਕਟਾਂ ਲਈਆਂ ਹਨ।