ਅਗਲੀ ਕਹਾਣੀ

ਇਸ ਖਿਡਾਰੀ ਨੂੰ ਟੀਮ 'ਚ ਸ਼ਾਮਲ ਨਾ ਕੀਤੇ ਜਾਣ ਕਰ ਕੇ ਨਾਰਾਜ਼ ਹਨ ਹਰਭਜਨ ਸਿੰਘ

ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੈਸਟਇੰਡੀਜ਼ ਵਿਰੁਧ ਟੀ20 ਅਤੇ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਸੰਜੂ ਸੈਮਸਨ ਨੂੰ ਟੀਮ 'ਚ ਨਾ ਚੁਣੇ ਜਾਣ ਕਾਰਨ ਨਾਰਾਜ਼ ਹਨ। ਉਨ੍ਹਾਂ ਨੇ ਬੀਸੀਸੀਆਈ ਦੀ ਚੋਣ ਕਮੇਟੀ 'ਚ ਬਦਲਾਅ ਦੀ ਮੰਗ ਕੀਤੀ ਹੈ। ਇਹ ਗੱਲ ਉਨ੍ਹਾਂ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦਿਆਂ ਲਿਖੀ। ਥਰੂਰ ਨੇ ਵੀ ਸੈਮਸਨ ਨੂੰ ਬਗੈਰ ਮੈਚ ਖੇਡੇ ਟੀਮ ਤੋਂ ਬਾਹਰ ਕੀਤੇ ਜਾਣ 'ਤੇ ਨਿਰਾਸ਼ਾ ਪ੍ਰਗਟਾਈ ਸੀ।
 

ਵੈਸਟਇੰਡੀਜ਼ ਵਿਰੁਧ ਲੜੀ ਲਈ ਬੀਤੇ ਹਫ਼ਤੇ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ, ਜਿਸ 'ਚ ਸੈਮਸਨ ਨੂੰ ਥਾਂ ਨਹੀਂ ਦਿੱਤੀ ਗਈ। ਟੀਮ ਦਾ ਐਲਾਨ ਹੋਣ ਤੋਂ ਬਾਅਦ ਕੀਤੇ ਟਵੀਟ 'ਚ ਸ਼ਸ਼ੀ ਥਰੂਰ ਨੇ ਲਿਖਿਆ ਸੀ, "ਇਹ ਵੇਖ ਕੇ ਬਹੁਤ ਨਿਰਾਸ਼ ਹਾਂ ਕਿ ਸੰਜੂ ਸੈਮਸਨ ਨੂੰ ਬਗੈਰ ਮੌਕਾ ਦਿੱਤੇ ਟੀਮ 'ਚੋਂ ਬਾਹਰ ਕੱਢ ਦਿੱਤਾ ਗਿਆ। ਤਿੰਨੇ ਟੀ20 ਮੈਚਾਂ ਦੌਰਾਨ ਉਹ ਡ੍ਰਿੰਕਸ ਲਿਆਉਂਦੇ ਰਹੇ ਅਤੇ ਫਿਰ ਉਨ੍ਹਾਂ ਨੂੰ ਤੁਰੰਤ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ। ਉਹ ਉਸ ਦੀ ਬੱਲੇਬਾਜ਼ੀ ਦਾ ਟੈਸਟ ਲੈਣਾ ਚਾਹੁੰਦੇ ਸਨ ਜਾਂ ਦਿਲ ਦਾ?"

 

ਥਰੂਰ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦਿਆਂ ਹਰਭਜਨ ਸਿੰਘ ਨੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਉਹ ਉਸ ਦਾ ਦਿਲ ਟੁੱਟਣ ਦਾ ਟੈਸਟ ਲੈ ਰਹੇ ਸਨ। ਚੋਣ ਕਮੇਟੀ 'ਚ ਬਦਲਾਅ ਹੋਣਾ ਚਾਹੀਦਾ ਹੈ। ਉਥੇ ਮਜ਼ਬੂਤ ਲੋਕਾਂ ਦੀ ਲੋੜ ਹੈ... ਉਮੀਦ ਹੈ ਕਿ ਦਾਦਾ ਸੌਰਭ ਗਾਂਗੁਲੀ ਇਸ ਦੇ ਲਈ ਜ਼ਰੂਰੀ ਕਦਮ ਚੁੱਕਣਗੇ।"
 

ਜ਼ਿਕਰਯੋਗ ਹੈ ਕਿ ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ 'ਚ ਕੁਲ 5 ਮੈਂਬਰ ਹਨ, ਜਿਸ ਦੇ ਪ੍ਰਧਾਨ ਐਮ.ਐਸ.ਕੇ. ਪ੍ਰਸਾਦ ਹਨ। ਇਸ ਤੋਂ ਇਲਾਵਾ ਇਸ 'ਚ ਗਗਨ ਖੋੜਾ, ਜਤਿਨ ਪਰਾਂਜਪੇ, ਸਰਨਦੀਪ  ਸਿੰਘ ਅਤੇ ਦੇਵਾਂਗ ਗਾਂਧੀ ਹਨ। 21 ਨਵੰਬਰ ਨੂੰ ਚੋਣ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਵੈਸਟਇੰਡੀਜ਼ ਵਿਰੁਧ ਲੜੀ ਲਈ ਟੀਮ ਦਾ ਐਲਾਨ ਕੀਤਾ ਗਿਆ ਸੀ। ਇਸ ਲੜੀ 'ਚ ਦੋਹਾਂ ਟੀਮਾਂ ਵਿਚਕਾਰ 3 ਟੀ20 ਅਤੇ 3 ਇਕ ਰੋਜ਼ਾ ਮੈਚ ਖੇਡੇ ਜਾਣਗੇ। ਲੜੀ ਦਾ ਪਹਿਲਾ ਟੀ20 ਮੈਚ 6 ਦਸੰਬਰ ਨੂੰ ਹੈਦਰਾਬਾਦ 'ਚ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Selection panel needs to be changed : Harbhajan Singh