ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਕੱਲ੍ਹ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਖੇਡੇ ਗਏ ਪਹਿਲੇ ਟੀ–20 ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 11 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ–20 ਲੜੀ ਵਿੱਚ 1–0 ਦੀ ਲੀਡ ਕਾਇਮ ਕਰ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕੇਟਾਂ ਉੱਤੇ 130 ਦੌੜਾਂ ਬਣਾਈਆਂ ਤੇ ਫਿਰ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਇੱਕ ਗੇਂਦ ਬਾਕੀ ਰਹਿੰਦਿਆਂ 119 ਦੌੜਾਂ ਉੱਤੇ ਆੱਲ ਆਊਟ ਕਰ ਦਿੱਤਾ।
ਇਸ ਮੈਚ ਵਿੱਚ ਭਾਰਤ ਵੱਲੋਂ ਸ਼ੈਫ਼ਾਲੀ ਵਰਮਾ ਨੇ ਪਹਿਲੀ ਵਾਰ ਕੋਈ ਕੌਮਾਂਤਰੀ ਮੈਚ ਖੇਡਿਆ ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ।
ਸ਼ੈਫ਼ਾਲੀ ਵਰਮਾ ਨੇ ਭਾਵੇਂ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਹੋਵੇ ਪਰ ਉਸ ਦਾ ਇਹ ਪਹਿਲਾ ਕੌਮਾਂਤਰੀ ਮੈਚ ਯਾਦਗਾਰ ਨਹੀਂ ਬਣ ਸਅਕਾ। ਸ਼ੈਫ਼ਾਲੀ ਵਰਮਾ ਨੇ ਸਭ ਤੋਂ ਘੱਟ ਉਮਰ ਵਿੱਚ ਇੰਟਰਨੈਸ਼ਨਲ ਟੀ–20 ਕ੍ਰਿਕੇਟ ਵਿੱਚ ਸ਼ੁਰੂਆਤ ਕੀਤੀ ਹੈ ਪਰ ਉਹ ਆਪਣੇ ਪਹਿਲੇ ਹੀ ਮੈਚ ਵਿੱਚ ਇੱਕ ਵੀ ਦੌੜ ਨਹੀਂ ਬਣਾ ਸਕੀ।
ਭਾਰਤ ਵੱਲੋਂ ਟੀ–20 ਕੌਮਾਂਤਰੀ ਮੈਚ ਵਿੱਚ ਸਭ ਤੋਂ ਘੱਟ ਉਮਰ 15 ਸਾਲ 239 ਦਿਨ ਦੀ ਸ਼ੈਫ਼ਾਲੀ ਵਰਮਾ ਬਿਨਾ ਖਾਤਾ ਖੋਲ੍ਹਿਆਂ ਹੀ ਪੈਵੇਲੀਅਨ ਪਰਤ ਗਈ।
ਸ਼ੈਫ਼ਾਲੀ ਵਰਮਾ ਹੁਣ ਆਪਣੇ ਇਸ ਡੈਬਿਯੂ ਨਾਲ ਪਹਿਲੀ ਅਜਿਹੀ ਕ੍ਰਿਕੇਟ ਖਿਡਾਰਨ ਬਣ ਗਈ ਹੈ, ਜਿਸ ਨੇ ਸਭ ਤੋਂ ਘੱਟ ਉਮਰ ਵਿੱਚ ਅੰਤਰਰਾਸ਼ਟਰੀ ਟੀ–20 ਕ੍ਰਿਕੇਟ ਵਿੱਚ ਸ਼ੁਰੂਆਤ ਕੀਤੀ ਹੈ। ਕੌਮਾਂਤਰੀ ਕ੍ਰਿਕੇਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਡੈਬਿਯੂ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਉਹ ਦੂਜੇ ਨੰਬਰ ਉੱਤੇ ਹੈ।
ਸ਼ੈਫ਼ਾਲੀ ਤੋਂ ਪਹਿਲਾਂ ਸਭ ਤੋਂ ਘੱਟ ਉਮਰ ਵਿੱਚ ਕੌਮਾਂਤਰੀ ਕ੍ਰਿਕੇਟ ਵਿੱਚ ਡੈਬਿਯੂ ਕਰਨ ਵਾਲੀ ਖਿਡਾਰਨ ਗਾਰਗੀ ਬੈਨਰਜੀ ਹੈ। ਸ਼ੈਫ਼ਾਲੀ ਵਰਮਾ ਆਪਣਾ ਆਦਰਸ਼ ਸਚਿਨ ਤੇਂਦੁਲਕਰ ਨੂੰ ਹੀ ਮੰਨਦੀ ਹੈ।