ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਫੁੱਟਬਾਲ ਕੱਪ: ਜੇਤੂ ਟੀਮ ਨੂੰ 5 ਲੱਖ ਤੇ ਉਪ ਜੇਤੂ ਨੂੰ 3 ਲੱਖ ਦਾ ਇਨਾਮ

ਨੌਜਵਾਨਾਂ ਨੂੰ ਕੇਸਾਧਾਰੀ ਵਜੋਂ ਪਹਿਚਾਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਅਤੇ ਖੇਡਾਂ ਵਿਚ ਸਿੱਖੀ ਸਰੂਪ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐਫਸੀ) ਵੱਲੋਂ ਪੰਜਾਬ ਭਰ ਵਿੱਚ ਪਹਿਲਾ ‘ਸਿੱਖ ਫੁੱਟਬਾਲ ਕੱਪ’ ਕਰਵਾਇਆ ਜਾ ਰਿਹਾ ਹੈ। ਫੀਫਾ ਦੇ ਨਿਯਮਾਂ ਤਹਿਤ ਸਾਬਤ-ਸੂਰਤ ਖਿਡਾਰੀਆਂ ਲਈ ਆਯੋਜਿਤ ਇਹ ਫੁੱਟਬਾਲ ਕੱਪ 23 ਨਵੰਬਰ ਤੋਂ 7 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਹੋਵੇਗਾ।

 

ਇਹ ਪ੍ਰਗਟਾਵਾ ਕਰਦਿਆਂ ਖਾਲਸਾ ਐਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਅੰਤਰ-ਜ਼ਿਲਾ ਟੂਰਨਾਮੈਂਟ ਵਿੱਚ 14 ਸਾਲ ਤੋਂ 21 ਸਾਲ ਦੀ ਉਮਰ ਤੱਕ ਦੇ ਸਾਬਤ-ਸੁਰਤ ਖਿਡਾਰੀ ਭਾਗ ਲੈਣਗੇ।

 

ਉਨਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ (ਪੀ.ਐਫ਼.ਏ.) ਨਾਲ ਰਜਿਸਟਰਡ ਖਾਲਸਾ ਐਫਸੀ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਜ਼ਿਲਾ ਪੱਧਰੀ ਫੁੱਟਬਾਲ ਟੀਮਾਂ ਦੀ ਚੋਣ ਲਈ ਹਰੇਕ ਜ਼ਿਲੇ ਵਿੱਚ ਚੋਣ ਟਰਾਇਲ ਹੋ ਚੁੱਕੇ ਹਨ ਜਦਕਿ ਚੰਡੀਗੜ੍ਹ ਦੀ ਕੇਸਾਧਾਰੀ ਟੀਮ ਦੀ ਚੋਣ 5 ਨਵੰਬਰ ਨੂੰ ਸੈਕਟਰ 42 ਦੇ ਸਟੇਡੀਅਮ ਵਿੱਚ ਕੀਤੀ ਜਾਵੇਗੀ।

 

ਹੋਰ ਵੇਰਵੇ ਦਿੰਦਿਆਂ ਫੁੱਟਬਾਲ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਇਸ ਸਿੱਖ ਫੁੱਟਬਾਲ ਕੱਪ ਦੀ ਸ਼ੁਰੂਆਤ 23 ਨਵੰਬਰ ਨੂੰ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਹੋਵੇਗੀ ਅਤੇ ਅੰਤਰ-ਜ਼ਿਲਾ ਟੂਰਨਾਮੈਂਟ ਨਾਕ-ਆਊਟ ਵਿਧੀ ਦੇ ਅਧਾਰ ‘ਤੇ ਵੱਖ-ਵੱਖ ਜ਼ਿਲਿਆਂ ਵਿੱਚ 1 ਦਸੰਬਰ ਤੱਕ ਮੈਚ ਖੇਡੇ ਜਾਣਗੇ। ਰਾਜ ਪੱਧਰੀ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ 7 ਦਸੰਬਰ ਨੂੰ ਐਸ.ਏ.ਐਸ.ਨਗਰ ਦੇ ਸਟੇਡੀਅਮ ਵਿੱਚ ਹੋਵੇਗਾ।

 

ਉਨਾਂ ਨੇ ਦੱਸਿਆ ਕਿ ਟੀਮਾਂ ਤੋ ਕੋਈ ਰਜਿਸਟਰੇਸ਼ਨ ਫ਼ੀਸ ਨਹੀਂ ਲਈ ਜਾਵੇਗੀ ਸਗੋਂ ਸਾਰੀਆਂ 23 ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਦਿੱਤੇ ਜਾਣਗੇ। ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ ਜੇਤੂ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਇੰਨਾਂ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਰਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ।

 

ਗਰੇਵਾਲ ਨੇ ਦੱਸਿਆ ਕਿ ਜ਼ਿਲਿਆਂ ਵਿੱਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਉਨਾਂ ਕਿਹਾ ਕਿ ਇਹ ਸਿੱਖ ਫੁੱਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਅਤੇ ਪੀ.ਐਫ਼.ਏ. ਦੇ ਸਹਿਯੋਗ ਨਾਲ ਕਰਵਾਇਆ ਜਾਏਗਾ।

 

ਉਨਾਂ ਦੱਸਿਆ ਕਿ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦਾ ਪ੍ਰਮੁੱਖ ਮੰਤਵ ਸਿੱਖ ਖੇਡਾਂ ਸਮੇਤ ਹੋਰ ਮਸ਼ਹੂਰ ਖੇਡਾਂ ਨੂੰ ਸਿੱਖਾਂ ਵਿੱਚ ਪ੍ਰਫੁੱਲਤ ਕਰਨਾ ਅਤੇ ਸਿੱਖੀ ਸਰੂਪ ਧਾਰਨ ਕਰਨ ਨੂੰ ਉਤਸ਼ਾਹਿਤ ਕਰਨਾ ਹੈ।

 

ਉਨਾਂ ਕਿਹਾ ਕਿ ਇਹ ਕੇਸਾਧਾਰੀ ਟੂਰਨਾਮੈਂਟ ਵਿਸ਼ਵ ਭਰ ਵਿੱਚ ਪੰਜਾਬੀ ਸਭਿਆਚਾਰ ਅਤੇ ਸਿੱਖ ਪਛਾਣ ਨੂੰ ਹੋਰ ਉਜਾਗਰ ਕਰੇਗਾ ਜਿਸ ਨਾਲ ਸਿੱਖਾਂ ’ਤੇ ਹੁੰਦੇ ਨਸਲੀ ਹਮਲੇ ਠੱਲਣ ਵਿੱਚ ਵੀ ਮੱਦਦ ਮਿਲੇਗੀ। ਇਸ ਤੋਂ ਇਲਾਵਾ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨਾਂ ਦੀ ਤਾਕਤ ਨੂੰ ਖੇਡ ਗਤੀਵਿਧੀਆਂ ਵੱਲ ਮੋੜਨ ਲਈ  ਸਹਾਈ ਹੋਵੇਗਾ ਅਤੇ ਖਿਡਾਰੀ ਫੁੱਟਬਾਲ ਖੇਡ ਨੂੰ ਪੇਸ਼ੇ ਵਜੋ ਅਪਣਾਕੇ ਆਪਣਾ ਭਵਿੱਖ ਉਜਲ ਬਣਾ ਸਕਣਗੇ।

 

ਉਨਾਂ ਕਿਹਾ ਕਿ ਖਾਲਸਾ ਐਫ.ਸੀ. ਫੁੱਟਬਾਲ ਖਿਡਾਰੀਆਂ ਲਈ ਸ਼ੁਰੂਆਤੀ ਪਲੇਟਫਾਰਮ ਵਜੋਂ ਸਹਾਈ ਹੋਵੇਗਾ ਤਾਂ ਜੋ ਉਹ ਚੰਗੀ ਕਿਸਮਤ ਅਜਮਾਉਣ ਲਈ ਵੱਡੇ ਫੁੱਟਬਾਲ ਕਲੱਬਾਂ ਨਾਲ ਸਮਝੌਤੇ ਕਰ ਸਕਣ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh Football Cup: 5 lacs to winners and Rs 3 lacs to runners-up