ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਹੁਣ ਵਿਸ਼ਵ ਇਲੈਵਨ ਅਤੇ ਏਸ਼ੀਆ ਇਲੈਵਨ ਵਿਚਾਲੇ ਮੈਚ ਦੀ ਤਸਵੀਰ ਸਾਫ਼ ਹੁੰਦੀ ਵਿਖਾਈ ਦੇ ਰਹੀ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬੀਸੀਸੀਆਈ ਤੋਂ ਇਸ ਮੈਚ ਲਈ ਭਾਰਤ ਦੇ ਕੁਝ ਖਿਡਾਰੀਆਂ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿਚੋਂ ਹੁਣ ਤਕ ਮਿਲੀ ਜਾਣਕਾਰੀ ਅਨੁਸਾਰ 4 ਖਿਡਾਰੀਆਂ ਦੀ ਸੂਚੀ ਬੀਸੀਸੀਆਈ ਦੁਆਰਾ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਸੌਂਪ ਦਿੱਤੀ ਗਈ ਹੈ।
ਬੀਸੀਸੀਆਈ ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਏਸ਼ੀਆ ਇਲੈਵਨ ਟੀਮ ਲਈ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੂੰ ਏਸ਼ੀਆ ਇਲੈਵਨ ਲਈ ਕਪਤਾਨ ਵਿਰਾਟ ਕੋਹਲੀ, ਸ਼ਿਖਰ ਧਵਨ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਦੇ ਨਾਂਅ ਭੇਜੇ ਹਨ। ਬੰਗਲਾਦੇਸ਼ ਆਪਣੇ ਸੰਸਥਾਪਕ ਸ਼ੇਖ ਮੁਜੀਬਰ ਰਹਿਮਾਨ ਦੀ 100ਵੀਂ ਵਰ੍ਹੇਗੰਢ ਮੌਕੇ ਸ਼ੇਰ ਏ-ਬੰਗਲਾ ਸਟੇਡੀਅਮ 'ਚ ਏਸ਼ੀਆ ਇਲੈਵਨ ਅਤੇ ਵਿਸ਼ਵ ਇਲੈਵਨ ਵਿਚਾਲੇ ਦੋ ਟੀ20 ਮੈਚ ਆਯੋਜਿਤ ਕਰਵਾ ਰਹੀ ਹੈ, ਜੋ 18 ਅਤੇ 21 ਮਾਰਚ ਨੂੰ ਖੇਡੇ ਜਾਣਗੇ।
ਸੂਤਰ ਨੇ ਕਿਹਾ, "ਖਿਡਾਰੀਆਂ ਦੀ ਉਪਲੱਬਧਤਾ ਨੂੰ ਵੇਖਦਿਆਂ ਸੌਰਭ ਗਾਂਗੁਲੀ ਨੇ ਬੀਸੀਬੀ ਨੂੰ ਨਾਂਅ ਭੇਜੇ ਹਨ। ਵਿਰਾਟ ਕੋਹਲੀ, ਮੁਹੰਮਦ ਸ਼ਮੀ, ਸ਼ਿਖਰ ਧਵਨ ਅਤੇ ਕੁਲਦੀਪ ਯਾਦਵ ਏਸ਼ੀਆ ਇਲੈਵਨ ਦੀ ਟੀਮ ਦੀ ਨੁਮਾਇੰਦਗੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਾਵਾਂ ਨੂੰ ਭੇਜੇ ਕੁਝ ਸਮਾਂ ਹੋ ਚੁੱਕਾ ਹੈ, ਕਿਉਂਕਿ ਬੰਗਲਾਦੇਸ਼ ਬੋਰਡ ਨੂੰ ਟੀਮ ਤਿਆਰ ਕਰਨ ਲਈ ਬੀਸੀਸੀਆਈ ਦੇ ਖਿਡਾਰੀਆਂ ਦੀ ਸੂਚੀ ਦੀ ਜ਼ਰੂਰਤ ਸੀ। ਸ਼ੁਰੂ 'ਚ ਕੁਝ ਸ਼ੰਕਾ ਸੀ ਕਿ ਇਸ 'ਚ ਕਿਹੜੇ ਖਿਡਾਰੀ ਖੇਡਣਗੇ ਕਿਉਂਕਿ ਉਪ ਮਹਾਂਦੀਪ ਦਾ ਹਿੱਸਾ ਹੋਣ ਕਰ ਕੇ ਪਾਕਿਸਤਾਨ ਦੇ ਖਿਡਾਰੀ ਵੀ ਟੀਮ 'ਚ ਖੇਡਣਗੇ ਅਤੇ ਇਸ ਸਮੇਂ ਭਾਰਤ-ਪਾਕਿਸਤਾਨ ਸਬੰਧ ਵਧੀਆ ਨਹੀਂ ਹਨ।
ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਮੰਗ ਕੀਤੀ ਸੀ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਚਾਰ ਖਿਡਾਰੀਆਂ ਨੂੰ ਬੀਸੀਸੀਆਈ ਦੁਆਰਾ ਹਰੀ ਝੰਡੀ ਮਿਲੀ ਹੈ। ਇਸ 'ਚ ਵਿਰਾਟ ਕੋਹਲੀ, ਸ਼ਿਖਰ ਧਵਨ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਦੇ ਨਾਂਅ ਸ਼ਾਮਲ ਹਨ।
ਦੂਜੇ ਪਾਸੇ, ਬੀਸੀਸੀਆਈ ਦੇ ਸਹਾਇਕ ਸਕੱਤਰ ਜਯੇਸ਼ ਜੋਰਜ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੈਚ ਲਈ ਪਾਕਿਸਤਾਨ ਦੇ ਖਿਡਾਰੀਆਂ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਸੀ, "ਸਾਨੂੰ ਜੋ ਪਤਾ ਲੱਗਿਆ ਹੈ ਉਹ ਇਹ ਹੈ ਕਿ ਏਸ਼ੀਆ ਇਲੈਵਨ ਵਿੱਚ ਕੋਈ ਵੀ ਪਾਕਿਸਤਾਨੀ ਖਿਡਾਰੀ ਨਹੀਂ ਹੋਵੇਗਾ।"