ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵਾਰਨੋਨ ਫਿਲੇਂਡਰ ਨੇ ਇੰਗਲੈਂਡ ਵਿਰੁੱਧ ਆਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਫਿਲੇਂਡਰ ਨੇ ਇੰਗਲੈਂਡ ਵਿਰੁੱਧ ਚਾਰ ਟੈਸਟ ਮੈਚਾਂ ਲੜੀ ਦੀ ਸ਼ੁਰੂਆਤ 'ਚ ਆਪਣੀ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਦੀ ਬਦਕਿਸਮਤੀ ਰਹੀ ਕਿ ਕਰੀਅਰ ਦੇ ਆਖਰੀ ਮੈਚ 'ਚ ਵੀ ਉਹ ਟੀਮ ਨੂੰ ਜਿੱਤ ਨਾ ਦਿਵਾ ਸਕੇ।

ਸਾਲ 2011 'ਚ ਆਪਣਾ ਕੌਮਾਂਤਰੀ ਡੈਬਿਊ ਕਰਨ ਵਾਲੇ ਫਿਲੇਂਡਰ ਨੇ ਆਪਣੇ ਦੇਸ਼ ਲਈ ਤਿੰਨਾਂ ਫਾਰਮੈਟਾਂ 'ਚ ਕੁਲ 97 ਮੈਚ ਖੇਡੇ ਹਨ ਅਤੇ 261 ਵਿਕਟਾਂ ਲਈਆਂ। ਇਸ ਮੈਚ 'ਚ ਫਿਲੇਂਡਰ ਨੇ ਪਹਿਲੀ ਪਾਰੀ 'ਚ ਦੋ ਵਿਕਟਾਂ ਲਈਆਂ ਅਤੇ ਦੂਜੀ ਪਾਰੀ 'ਚ ਉਹ ਸਿਰਫ 1.3 ਓਵਰ ਹੀ ਸੁੱਟ ਸਕੇ ਅਤੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਮੈਦਾਨ 'ਚੋਂ ਬਾਹਰ ਜਾਣਾ ਪਿਆ।
ਫਿਲੇਂਡਰ ਨੂੰ ਮੈਚ ਤੋਂ ਬਾਅਦ ਟੋਕਨ ਦੇ ਕੇ ਸਨਮਾਨਤ ਕੀਤਾ ਗਿਆ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ, "ਮੈਂ ਫਿਲੈਂਡਰ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਟੀਮ ਉਨ੍ਹਾਂ ਨੂੰ ਯਾਦ ਕਰੇਗੀ। ਅਸੀਂ ਰਾਤ ਨੂੰ ਡਰੈਸਿੰਗ ਰੂਮ 'ਚ ਇਕੱਠੇ ਬੈਠਾਂਗੇ ਅਤੇ ਆਪਣੀਆਂ ਯਾਦਾਂ ਤਾਜ਼ਾ ਕਰਾਂਗੇ।"