ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਦੀ ਲਪੇਟ ’ਚ ਹੈ। ਦੁਨੀਆ ਭਰ ’ਚ ਇਸ ਜਾਨਲੇਵਾ ਬੀਮਾਰੀ ਦੇ ਕੇਸ ਵਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਦਾ ਕਹਿਰ ਭਾਰਤ ’ਚ ਵੀ ਪਿਆ ਹੈ ਤੇ ਇਸ ਘਾਤਕ ਬੀਮਾਰੀ ਕਾਰਨ ਕਰਨਾਟਕ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਭਾਰਤ ’ਚ ਕੋਰੋਨਾ ਵਾਇਰਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਹ ਮੌਤ ਕਰਨਾਟਕ ਦੇ ਕਲਬੁਰਗੀ ’ਚ ਹੋਈ ਹੈ ਤੇ ਮ੍ਰਿਤਕ ਦੀ ਉਮਰ 76 ਸਾਲ ਦੱਸੀ ਜਾ ਰਹੀ ਹੈ। ਉਹ ਸਊਦੀ ਅਰਬ ਤੋਂ ਪਰਤਿਆ ਸੀ
ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 76 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 1 ਲੱਖ 34 ਹਜ਼ਾਰ 317 ਤੱਕ ਪੁੱਜ ਚੁੱਕਾ ਹੈ।
ਇਸ ਵਾਇਰਸ ਦਾ ਅਸਰ ਖੇਡ ਮੁਕਾਬਲਿਆਂ ਉੱਤੇ ਬਹੁਤ ਜ਼ਿਆਦਾ ਪਿਆ ਹੈ ਤੇ ਹੁਣ ਤੱਕ ਕਈ ਸਪੋਰਟਸ ਈਵੈਂਟ ਜਾਂ ਤਾਂ ਰੱਦ ਕਰ ਦਿੱਤੇ ਗਏ ਹਨ ਤੇ ਜਾਂ ਫਿਰ ਅੱਗੇ ਟਾਲ਼ ਦਿੱਤੇ ਗਏ ਹਨ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਆਉਂਦੀ 6 ਤੋਂ 8 ਅਪ੍ਰੈਲ ਤੱਕ ਹੋਣ ਵਾਲੀ ਫ਼ੈਡਰੇਸ਼ਨ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਮੁਲਤਵੀ ਕਰ ਦਿੱਤੀ ਗਈ ਹੈ। ਇੰਝ ਹੀ ਨਵੀਂ ਦਿੱਲੀ ’ਚ 24 ਤੋਂ 29 ਮਾਰਚ ਤੱਕ ਹੋਣ ਵਾਲੇ ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਖ਼ਾਲੀ ਸਟੇਡੀਅਮ ’ਚ ਖੇਡੇ ਜਾਣਗੇ।
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ 18 ਤੋਂ 22 ਮਾਰਚ ਤੱਕ ਹੋਣ ਵਾਲਾ ਫ਼ੀਬਾ 3X3 ਉਲੰਪਿਕ ਕੁਆਲੀਫ਼ਾਈਂਗ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਲਾਈਆਂ ਵੀਜ਼ਾ ਰੋਕਾਂ/ਪਾਬੰਦੀਾਂ ਕਾਰਨ ਇੰਡੀਅਨ ਪ੍ਰੀਮੀਅਰ ਲੀਗ ’ਚ 15 ਅਪ੍ਰੈਲ ਤੱਕ ਵਿਦੇਸ਼ੀ ਖਿਡਾਰੀ ਉਪਲਬਧ ਨਹੀਂ ਰਹਿਣਗੇ।
ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਦੂਜਾ ਤੇ ਤੀਜਾ ਵਨ–ਡੇਅ ਮੈਚ ਖ਼ਾਲੀ ਸਟੇਡੀਅਮ ’ਚ ਖੇਡੇ ਜਾਣਗੇ। ਰਣਜੀ ਟ੍ਰਾਫ਼ੀ ਫ਼ਾਈਨਲ ਮੁਕਾਬਲਾ ਕੋਰੋਨਾ ਵਾਇਰਸ ਕਾਰਨ 5ਵੇਂ ਦਿਨ ਦੀ ਖੇਡ ਖ਼ਾਲੀ ਸਟੇਡੀਅਮ ’ਚ ਹੋਵੇਗੀ। ਉੱਧਰ ਰੋਡ ਸੇਫ਼ਟੀ ਵਰਲਡ ਸੀਰੀਜ਼ ਦੇ ਬਾਕੀ ਮੈਚ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੇ ਗਏ ਹਨ।
ਇੰਝ ਹੀ ਫ਼ੁਟਬਾਲ, ਗੌਲਫ਼, ਨਿਸ਼ਾਨੇਬਾਜ਼ੀ ਤੇ ਪੈਰਾ ਖੇਡ ਮੁਕਾਬਲੇ ਵੀ ਮੁਲਤਵੀ ਕਰਨੇ ਪਏ ਹਨ।