ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਦੇ ਮੈਂਬਰਾਂ ਦੀ ਸੁਰੱਖਿਆ ਟੀਮ ਮੰਗਲਵਾਰ ਨੂੰ ਸੁਰੱਖਿਆ ਸਥਿਤੀਆਂ ਦਾ ਜਾਇਜ਼ਾ ਲੈਣ ਲਈ ਕਰਾਚੀ ਪਹੁੰਚੇਗਾ। ਸ਼੍ਰੀਲੰਕਾ ਨੂੰ ਆਈਸੀਸੀ ਟੈਸਟ ਚੈਂਪੀਅਨਸ਼ਿਪ ਤਹਿਤ ਪਾਕਿਸਤਾਨ ਵਿੱਚ ਟੈਸਟ ਸੀਰੀਜ਼ ਖੇਡਣੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਕਿ ਸੁਰੱਖਿਆ ਦੀ ਜਾਂਚ ਕਰਨ ਲਈ ਆਉਣ ਵਾਲਾ ਸ੍ਰੀਲੰਕਾ ਦਾ ਵਫ਼ਦ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਦੇ ਉਨ੍ਹਾਂ ਹੋਟਲ ਅਤੇ ਮੈਦਾਨਾਂ ਦਾ ਦੌਰਾ ਕਰਨ ਤੋਂ ਇਲਾਵਾ ਪੀਸੀਬੀ, ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ, ਜਿਥੇ ਟੀਮਾਂ ਰਹਿਣਗੀਆਂ ਅਤੇ ਮੈਚ ਖੇਡਣਗੀਆਂ।
ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ 'ਦਿ ਡਾਨ' ਦੇ ਅਨੁਸਾਰ, ਅਹਿਸਾਨ ਮਨੀ ਨੇ ਕਿਹਾ ਕਿ ਇਸ ਸੁਰੱਖਿਆ ਪ੍ਰਤੀਨਿਧੀ ਮੰਡਲ ਦੀ ਰਿਪੋਰਟ ਦੇ ਅਧਾਰ 'ਤੇ ਹੀ ਐੱਸਐੱਲਸੀ ਫ਼ੈਸਲਾ ਕਰੇਗੀ ਕਿ ਆਪਣੀ ਟੀਮ ਨੂੰ ਦੋ ਟੈਸਟ ਮੈਚਾਂ ਦੀ ਲੜੀ ਲਈ ਪਾਕਿਸਤਾਨ ਭੇਜਣਾ ਹੈ ਜਾਂ ਨਹੀਂ।
ਪਾਕਿਸਤਾਨ ਵਿੱਚ ਸਾਲ 2009 ਤੋਂ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਗਿਆ ਹੈ। ਅਹਿਸਾਨ ਮਨੀ ਨੇ ਕਿਹਾ ਕਿ ਸ਼੍ਰੀਲੰਕਾ ਦਾ ਸੁਰੱਖਿਆ ਪ੍ਰਤੀਨਿਧੀ ਮੰਡਲ 6 ਅਗਸਤ ਨੂੰ ਕਰਾਚੀ ਵਿੱਚ ਹੋਵੇਗਾ ਅਤੇ ਫਿਰ ਲਾਹੌਰ ਅਤੇ ਇਸਲਾਮਾਬਾਦ ਜਾਵੇਗਾ।
ਮਾਰਚ 2009 ਵਿੱਚ ਸ੍ਰੀਲੰਕਾ ਟੀਮ ਦੀ ਬੱਸ ਉੱਤੇ ਹੋਏ ਹਮਲੇ ਤੋਂ ਬਾਅਦ ਕ੍ਰਿਕਟ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨਾ ਬੰਦ ਕਰ ਦਿੱਤਾ ਸੀ। ਮਹਿਮਾਨ ਟੀਮ ਇੱਕ ਟੈਸਟ ਮੈਚ ਖੇਡ ਰਹੀ ਸੀ ਅਤੇ ਗੱਦਾਫੀ ਸਟੇਡੀਅਮ ਵੱਲ ਜਾ ਰਹੀ ਸੀ ਜਦੋਂ ਉਸ ਦੀ ਬੱਸ ਉੱਤੇ ਹਮਲਾ ਹੋਇਆ ਸੀ।