ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਪਹਿਲੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਵੀਰਵਾਰ ਨੂੰ ਮੇਜ਼ਬਾਨ ਜਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 'ਚ 1-0 ਦੀ ਲੀਡ ਪ੍ਰਾਪਤ ਕਰ ਲਈ ਹੈ।
ਸ਼੍ਰੀਲੰਕਾ ਨੇ ਜਿੰਬਾਬਵੇ ਵੱਲੋਂ ਦਿੱਤੇ 14 ਦੌੜਾਂ ਦੇ ਟੀਚੇ ਨੂੰ ਤੀਜੇ ਓਵਰ 'ਚ ਬਗੈਰ ਕੋਈ ਵਿਕਟ ਗੁਆਏ ਹਾਸਿਲ ਕਰ ਲਿਆ। ਕਪਤਾਨ ਦਿਮੁਥ ਕਰੁਣਾਰਤਨੇ 10 ਦੌੜਾਂ, ਜਦਕਿ ਓਸ਼ਾਦਾ ਫਰਨਾਂਡੋ 4 ਦੌੜਾਂ ਬਣਾ ਕੇ ਅਜੇਤੂ ਰਹੇ।
ਜਿੰਬਾਬਵੇ ਦੀ ਟੀਮ ਨੇ ਪਹਿਲੀ ਪਾਰੀ 'ਚ 358 ਦੌੜਾਂ ਬਣਾਈਆਂ ਸਨ। ਕਰੇਗ ਇਰਵਿਨ ਨੇ 85, ਪ੍ਰਿੰਸ ਮਸਵੇਰੇ ਨੇ 55, ਕੇਵਿਨ ਕਸੂਜਾ ਨੇ 63, ਸਿਕੰਦਰ ਰਜਾ ਨੇ 41, ਡੋਨਾਲਡ ਤ੍ਰਿਪਾਨੋ ਨੇ ਅਜੇਤੂ 44 ਦੌਰਾਂ ਬਣਾਈਆਂ ਸਨ। ਸ੍ਰੀਲੰਕਾ ਵੱਲੋਂ ਪਹਿਲੀ ਪਾਰੀ 'ਚ ਲਸਿਥ ਅੰਬੁਲਦੇਨੀਆ ਨੇ 5, ਸੁਰੰਗਾ ਲਕਮਲ ਨੇ 3 ਅਤੇ ਲਹਿਰੂ ਕੁਮਾਰਾ ਨੇ 2 ਵਿਕਟਾਂ ਲਈਆਂ ਸਨ।
ਸ੍ਰੀਲੰਕਾ ਨੇ ਪਹਿਲੀ ਪਾਰੀ 9 ਵਿਕਟਾਂ ਗੁਆ ਕੇ 515 ਦੌੜਾਂ 'ਤੇ ਐਲਾਨ ਦਿੱਤੀ ਸੀ। ਸ੍ਰੀਲੰਕਾ ਵੱਲੋਂ ਐਂਜਲੋ ਮੈਥਿਊਜ਼ ਨੇ 200, ਕੁਸ਼ਲ ਮੈਂਡਿਸ ਨੇ 80, ਧਨੰਜੇ ਡੀਸਿਲਵਾ ਤੇ ਨਿਰੋਸ਼ਨ ਡਿਕਲਵਾ ਨੇ 63-63 ਦੌੜਾਂ ਬਣਾਈਆਂ ਸਨ।
ਦੂਜੀ ਪਾਰੀ 'ਚ ਲਕਮਲ (27 ਦੌੜਾਂ 'ਤੇ 4 ਵਿਕਟਾਂ), ਲਹਿਰੂ ਕੁਮਾਰਾ (32 ਦੌੜਾਂ 'ਤੇ 3 ਵਿਕਟਾਂ) ਅਤੇ ਲਸਿਥ ਅੰਬੁਲਦੇਨੀਆ (74 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਜਿੰਬਾਬਵੇ ਟੀਮ 170 ਦੌੜਾਂ 'ਤੇ ਢੇਰ ਹੋ ਗਈ।
ਜਿੰਬਾਬਵੇ ਲਈ ਦੂਜੀ ਪਾਰੀ 'ਚ ਕਪਤਾਨ ਸੀਨ ਵਿਲੀਅਮਜ਼ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ, ਜਦਕਿ ਬ੍ਰੈਂਡਨ ਟੇਲਰ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋਵਾਂ ਤੋਂ ਇਲਾਵਾ, ਸਿਰਫ ਰੇਗਿਸ ਚਕਾਬਵਾ (26) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ।
ਦੂਜਾ ਟੈਸਟ ਮੈਚ 27 ਜਨਵਰੀ ਤੋਂ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ।