ਪਾਕਿਸਤਾਨ ਦੇ ਜ਼ਿਲਾ ਸਿਆਲਕੋਟ ਦੇ ਸ਼ੇਖ ਪਰਿਵਾਰ ਦੇ ਪਲੇਠੇ ਹਾਕੀ ਓਲੰਪੀਅਨ ਜ਼ਹਿਦ ਸ਼ੇਖ ਤੋਂ ਬਾਅਦ ਉਸ ਦੇ ਦੋ ਭਤੀਜਿਆਂ ਸ਼ਹਿਨਾਜ਼ ਸ਼ੇਖ ਅਤੇ ਤਾਰਿਕ ਸ਼ੇਖ ਦੀ ਪਿੱਠ ’ਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ। ਪਾਕਿਸਤਾਨੀ ਕੌਮੀ ਹਾਕੀ ਟੀਮ ਅਤੇ ਆਲਮੀ ਹਾਕੀ ’ਚ ਵੱਡਾ ਹਿੱਸਾ ਪਾਉਣ ਵਾਲੇ ਸ਼ੇਖ ਪਰਿਵਾਰ ਤਿੰਨ ਹਾਕੀ ਓਲੰਪੀਅਨ ਕਰੀਬ 19 ਸਾਲ ਕੌਮਾਂਤਰੀ ਹਾਕੀ ਦੇ ਹਲਕਿਆਂ ’ਚ ਛਾਏ ਰਹੇ।
ਓਲੰਪੀਅਨ ਸ਼ਹਿਨਾਜ਼ ਸ਼ੇਖ: ਮੈਦਾਨ ਦੀ ਫਾਰਵਰਡ ਪੰਕਤੀ ’ਚ ਲੈਫਟ ਵਿੰਗਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਸ਼ਹਿਨਾਜ਼ ਸ਼ੇਖ ਨੂੰ ਕਿਸੇ ਸਮੇਂ ਪਾਕਿਸਤਾਨੀ ਹਾਕੀ ਟੀਮ ’ਚ ਰੰਗ ਦੇ ਪੱਤੇ ਵਜੋਂ ਜਾਣਿਆ ਜਾਂਦਾ ਸੀ। 1969 ਤੋਂ 2015 ਤੱਕ ਖਿਡਾਰੀ ਅਤੇ ਕੋਚ ਵਜੋਂ ਪਾਕਿ ਹਾਕੀ ਟੀਮ ਨੂੰ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਸ਼ਹਿਨਾਜ਼ ਸ਼ੇਖ ਨੂੰ ਵਿਰੋਧੀ ਹਾਫ ’ਚ ਖੇਡਦੇ ਨੂੰ ‘ਟੈਰਰ ਆਫ ਡੀ’ ਦਾ ਨਾਮ ਦਿੱਤਾ ਗਿਆ। ਸ਼ਹਿਨਾਜ਼ ਦੀਆਂ ਹਾਕੀ ਨਾਲ ਤਾਰਾਂ ਧੁਰ ਦਰਗਾਹੋਂ ਹੀ ਜੁੜੀਆਂ ਹੋਈਆਂ ਸਨ।
ਸ਼ਹਿਨਾਜ਼ ਸ਼ੇਖ ਆਮ ਕਿਹਾ ਕਰਦਾ ਸੀ ਕਿ ਉਹ ਜਿੱਤ-ਹਾਰ ਦੇ ਦਬਾਅ ਤੋਂ ਮੁਕਤ ਹੋ ਹਾਕੀ ਖੇਡਦਾ ਹੈ, ਜਿਸ ਕਰਕੇ ਗੋਲ ਉਸ ਦੀ ਹਾਕੀ ’ਚੋਂ ਆਪਣੇ ਆਪ ਹੀ ਨਿਕਲੀ ਜਾਂਦੇ ਹਨ। ਵਿਸ਼ਵ ਹਾਕੀ ਦੇ ਗਲਿਆਰੇ ਤਸਲੀਮ ਕਰਦੇ ਹਨ ਕਿ ਸ਼ਹਿਨਾਜ਼ ਸ਼ੇਖ ਨੇ ਜਨਮ ਹੀ ਹਾਕੀ ਖੇਡਣ ਲਈ ਲਿਆ ਸੀ ਅਤੇ ਉਸ ਦਾ ਪੋਟਾ-ਪੋਟਾ ਖੇਡ ਨੂੰ ਸਮਰਪਿਤ ਸੀ। ਉਹ ਪੈਦਾ ਹੀ ਹਾਕੀ ਖੇਡਣ ਲਈ ਹੋਇਆ ਸੀ। ਮੈਦਾਨ ’ਚ ਹਾਕੀ ਖੇਡਦੇ ਸਮੇਂ ਉਹ ਬਹੁਤੇ ਅਡੰਬਰ ਨਹੀਂ ਸੀ ਰਚਦਾ। ਸ਼ਹਿਨਾਜ਼ ਦੀ ਖੇਡ ਦੇ ਆਪਣੇ ਮਾਅਨੇ ਸਨ, ਜਿਸ ਕਰਕੇ ਉਹ ਬਹੁਤੀ ਵਾਰ ਟੀਮ ਕੋਚ ਦੀ ਪ੍ਰਵਾਹ ਨਹੀਂ ਸੀ ਕਰਦਾ। ਹਾਕੀ ਦੇ ਗਲਿਆਰੀਆਂ ’ਚ ਸ਼ਹਿਨਾਜ਼ ਸ਼ੇਖ ਨੂੰ ਕੁਦਰਤੀ ਹਾਕੀ ਖੇਡਣ ਵਾਲੇ ਖਿਡਾਰੀ ਦਾ ਰੁਤਬਾ ਹਾਸਲ ਹੋਇਆ, ਜਿਸ ਸਦਕਾ ਉਸ ਨੇ ਹਰ ਮੈਚ ’ਚ ਹਾਕੀ ਖੇਡਣ ਦਾ ਮਜ਼ਾ ਲਿਆ।
ਸ਼ਹਿਨਾਜ਼ ਸ਼ੇਖ 1969 ਤੋਂ ਕੌਮੀ ਹਾਕੀ ਟੀਮ ਵਲੋਂ ਖੇਡਣ ਦੀ ਸ਼ੁਰੂਆਤ ਕਰਕੇ 1978 ਤੱਕ 10 ਸਾਲ ਭਰਵੀਂ ਹਾਕੀ ਖੇਡਿਆ। ਸ਼ਹਿਨਾਜ਼ ਸ਼ੇਖ ਨੇ ਪੂਰੇ ਖੇਡ ਕਰੀਅਰ ’ਚ 68 ਮੈਚਾਂ ’ਚ 45 ਗੋਲ ਦਾਗਣ ’ਚ ਸਫਲਤਾ ਹਾਸਲ ਕੀਤੀ। ਦੋ ਵਾਰ ਓਲੰਪਿਕ ਹਾਕੀ, ਤਿੰਨ ਵਾਰ ਵਿਸ਼ਵ ਹਾਕੀ ਕੱਪ, ਤਿੰਨ ਵਾਰ ਏਸ਼ਿਆਈ ਖੇਡਾਂ ਅਤੇ ਇਕ ਵਿਸ਼ਵ ਚੈਂਪੀਅਨਜ਼ ਹਾਕੀ ਟਰਾਫੀ ਖੇਡਣ ਵਾਲੇ ਸ਼ਹਿਨਾਜ਼ ਸ਼ੇਖ ਨੇ ਹਰ ਟੂਰਨਾਮੈਂਟ ’ਚ ਤਗਮਾ ਜੇਤੂ ਪਾਕਿ ਟੀਮ ਦੀ ਨੁਮਾਇੰਦਗੀ ਕੀਤੀ।
ਸ਼ਹਿਨਾਜ਼ ਸ਼ੇਖ ਦਾ ਜਨਮ ਪਾਕਿਸਤਾਨ ਦੇ ਜ਼ਿਲਾ ਸਿਆਲਕੋਟ ’ਚ ਮਾਰਚ-21, 1949 ’ਚ ਹੋਇਆ। ਸ਼ਹਿਨਾਜ਼ ਸ਼ੇਖ ਨੂੰ ਹਾਕੀ ਖੇਡਣ ਦੀ ਗੁੜਤੀ ਪਰਿਵਾਰ ਤੋਂ ਮਿਲੀ। ਹਾਕੀ ਓਲੰਪੀਅਨ ਜ਼ਹਿਦ ਸ਼ੇਖ ਨੇ ਆਪਣੇ ਦੋ ਸਕੇ ਭਤੀਜਿਆਂ ਨੂੰ ਸ਼ਹਿਨਾਜ਼ ਸ਼ੇਖ ਅਤੇ ਤਾਰਿਕ ਸ਼ੇਖ ਨੂੰ ਹਾਕੀ ਖੇਡਣ ਲਈ ਮੈਦਾਨ ਦੇ ਲੜ ਲਾਇਆ। ਪਾਕਿ ਹਾਕੀ ਟੀਮ ਲਈ ਦੋ ਵਾਰ ਓਲੰਪਿਕ ਹਾਕੀ ਖੇਡਣ ਵਾਲੇ ਜ਼ਹਿਦ ਸ਼ੇਖ ਦੇ ਸੁਪਨੇ ਉਦੋਂ ਬੂਰ ਪਿਆ ਜਦੋਂ ਉਸ ਦੇ ਦੋਵੇਂ ਭਤੀਜਿਆਂ ਸ਼ਹਿਨਾਜ਼ ਸ਼ੇਖ ਅਤੇ ਤਾਰਿਕ ਸ਼ੇਖ ’ਤੇ ਸੀਨੀਅਰ ਕੌਮੀ ਟੀਮ ਨਾਲ ਮੈਦਾਨ ’ਚ ਖੇਡਣ ਸਦਕਾ ਓਲੰਪੀਅਨ ਹਾਕੀ ਖਿਡਾਰੀ ਦਾ ਠੱਪਾ ਲੱਗਿਆ। ਸ਼ਹਿਨਾਜ਼ ਸ਼ੇਖ ਨੂੰ ਮਿਓਨਿਖ-1972 ਤੇ ਮਾਂਟੀਰੀਅਲ-1976 ਦੇ ਦੋ ਓਲੰਪਿਕ ਟੂਰਨਾਮੈਂਟ ਅਤੇ ਤਾਰਿਕ ਸ਼ੇਖ ਨੂੰ ਸਿਓਲ-1986 ਓਲੰਪਿਕ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ।
ਦੋ ਓਲੰਪਿਕ ਅਡੀਸ਼ਨ ਖੇਡਣ ਵਾਲੇ ਸ਼ਹਿਨਾਜ਼ ਸ਼ੇਖ ਨੂੰ ਚਾਰ ਵਾਰ ਵਿਸ਼ਵ ਹਾਕੀ ਕੱਪ, ਤਿੰਨ ਵਾਰ ਏਸ਼ਿਆਈ ਹਾਕੀ, ਇਕ ਏਸ਼ੀਆ ਹਾਕੀ ਕੱਪ ਅਤੇ ਇਕ ਸੰਸਾਰ ਹਾਕੀ ਚੈਂਪੀਅਨਜ਼ ਟਰਾਫੀ ਖੇਡਣ ਦਾ ਰੁਤਬਾ ਹਾਸਲ ਹੋਇਆ। ਸ਼ਹਿਨਾਜ਼ ਸ਼ੇਖ ਨੇ ਕਰੀਅਰ ’ਚ ਖੇਡੇ ਵੱਡੇ ਹਾਕੀ ਮੁਕਾਬਲਿਆਂ ਓਲੰਪਿਕ ਹਾਕੀ ’ਚ ਇਕ ਚਾਂਦੀ ਅਤੇ ਇਕ ਤਾਂਬੇ ਦਾ ਤਗਮਾ, ਚਾਰ ਵਿਸ਼ਵ ਹਾਕੀ ਕੱਪ ਟੂਰਨਾਮੈਂਟਾਂ ’ਚ ਦੋ ਸੋਨੇ ਤੇ ਇਕ ਚਾਂਦੀ ਦਾ ਮੈਡਲ, ਤਿੰਨ ਏਸ਼ਿਆਈ ਹਾਕੀ ਗੇਮਜ਼ ’ਚ ਤਿੰਨ ਗੋਲਡ ਮੈਡਲ ਅਤੇ ਏਸ਼ੀਆ ਹਾਕੀ ਕੱਪ ਅਤੇ ਚੈਂਪੀਅਨਜ਼ ਹਾਕੀ ਟਰਾਫੀ ’ਚ ਇਕ-ਇਕ ਵਾਰ ਚੈਂਪੀਅਨ ਬਣਨ ਦਾ ਰੁਤਬਾ ਹਾਸਲ ਹੋਇਆ। ਇਕ ਕੈਲੰਡਰ ਸਾਲ-1978 ’ਚ ਬਾਲ ਨੂੰ 24 ਵਾਰ ਗੋਲ ਦਾ ਰਸਤਾ ਵਿਖਾਉਣ ਵਾਲੇ ਸ਼ਹਿਨਾਜ਼ ਸ਼ੇਖ ਨੇ ਓਲੰਪਿਕ ਹਾਕੀ ’ਚ 05, ਆਲਮੀ ਹਾਕੀ ਕੱਪ ’ਚ 08, ਏਸ਼ੀਅਨ ਗੇਮਜ਼ ’ਚ 18 ਅਤੇ ਚੈਪੀਅਨਜ਼ ਹਾਕੀ ਟਰਾਫੀ ’ਚ 02 ਗੋਲ ਕਰਕੇ ਕੁੱਲ 33 ਗੋਲ ਸਕੋਰ ਕੀਤੇ। ਭਾਰਤੀ ਟੀਮ ਵਿਰੁੱਧ ਚਾਰ ਗੋਲ ਦਾਗਣ ਵਾਲੇ ਸ਼ਹਿਨਾਜ਼ ਸ਼ੇਖ ਨੇ ਕਰੀਅਰ ’ਚ ਖੇਡੇ 68 ਕੌਮਾਂਤਰੀ ਹਾਕੀ ਮੈਚਾਂ ’ਚ 45 ਗੋਲ ਸਕੋਰ ਕਰਨ ਦਾ ਕਰਿਸ਼ਮਾ ਕੀਤਾ।
ਸਾਲ-1990 ’ਚ ਪਾਕਿਸਤਾਨੀ ਰਾਸ਼ਟਰਪਤੀ ਵਲੋਂ ‘ਪਰਾਈਡ ਆਫ ਪ੍ਰਫੋਰਮੈਂਸ’ ਨਾਲ ਸਨਮਾਨੇ ਗਏ ਸ਼ਹਿਨਾਜ਼ ਸ਼ੇਖ ਨੂੰ ਚਾਰ ਵਾਰ ਸੰਸਾਰ ਹਾਕੀ ਕੱਪ ਮੁਕਾਬਲੇ ਖੇਡਣ ਦਾ ਅਧਿਕਾਰ ਹਾਸਲ ਹੋਇਆ। ਬਾਰਸੀਲੋਨਾ-1971 ’ਚ ਖੇਡੇ ਗਏ ਪਹਿਲੇ ਹੀ ਵਿਸ਼ਵ ਹਾਕੀ ਕੱਪ ’ਚ ਪਾਕਿ ਖਿਡਾਰੀਆਂ ਨੇ ਫਾਈਨਲ ’ਚ ਮੇਜ਼ਬਾਨ ਸਪੇਨ ਦੀ ਪਿੱਠ ਲਾਉਂਦਿਆਂ ਆਲਮੀ ਚੈਂਪੀਅਨ ਬਣਨ ਦਾ ਜੱਸ ਖੱਟਿਆ। ਖਾਲਿਦ ਮਹਿਮੂਦ ਦੀ ਅਗਵਾਈ ’ਚ ਵਿਸ਼ਵ ਚੈਂਪੀਅਨ ਟੀਮ ਵਲੋਂ ਦਾਗਿਆ ਇਕੋ-ਇਕ ਜੇਤੂ ਗੋਲ ਅਖਤਰ-ਓਲ-ਇਸਲਾਮ ਦੀ ਹਾਕੀ ’ਚੋਂ ਨਿਕਲਿਆ। ਮੈਦਾਨ ਦੀ ਹਮਲਾਵਰ ਪਾਲ ’ਚ ਲੈਫਟ ਵਿੰਗਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲਾ ਸ਼ਹਿਨਾਜ਼ ਸ਼ੇਖ ਕਪਤਾਨ ਖਾਲਿਦ ਮਹਿਮੂਦ ਦੀ ਕਮਾਨ ’ਚ ਐਮਸਟਰਡਮ-1973 ’ਚ ਦੂਜਾ ਆਲਮੀ ਹਾਕੀ ਕੱਪ ਖੇਡਿਆ।
ਜਰਮਨੀ ਤੋਂ ਪੁਜ਼ੀਸ਼ਨਲ ਮੈਚ ਹਾਰਨ ਸਦਕਾ ਪਾਕਿ ਟੀਮ ਚੌਥਾ ਰੈਂਕ ਹੀ ਹਾਸਲ ਕਰ ਸਕੀ। ਕੁਆਲਾਲੰਪੁਰ-1975 ਦੇ ਆਲਮੀ ਹਾਕੀ ਕੱਪ ’ਚ ਸ਼ਹਿਨਾਜ਼ ਸ਼ੇਖ ਜ਼ਖਮੀ ਹੋਣ ਸਦਕਾ ਕੋਈ ਮੈਚ ਨਹੀਂ ਖੇਡ ਸਕਿਆ। ਕਪਤਾਨ ਇਸਲਾਊਦੀਨ ਸਦੀਕੀ ਦੀ ਟੀਮ ਨੂੰ ਸ਼ਹਿਨਾਜ਼ ਦੇ ਨਾ ਖੇਡਣ ਦਾ ਭਾਰੀ ਮੁੱਲ ਤਾਰਨਾ ਪਿਆ, ਜਿਸ ਕਰਕੇ ਪਾਕਿ ਟੀਮ ਭਾਰਤ ਤੋਂ ਖਿਤਾਬੀ ਮੈਚ ’ਚ ਹਾਰਨ ਸਦਕਾ ਉਪ-ਜੇਤੂ ਹੀ ਬਣ ਸਕੀ। ਕਰੀਅਰ ਦਾ ਚੌਥਾ ਆਲਮੀ ਹਾਕੀ ਕੱਪ ’ਚ ਕਪਤਾਨ ਇਸਲਾਊਦੀਨ ਦੀ ਟੀਮ ਹਾਲੈਂਡ ਨੂੰ 3-2 ਗੋਲ ਨਾਲ ਹਰਾਉਣ ਸਦਕਾ ਦੂਜੀ ਵਾਰ ਵਿਸ਼ਵ ਹਾਕੀ ਚੈਂਪੀਅਨ ਨਾਮਜ਼ਦ ਹੋਈ। ਜੇਤੂ ਟੀਮ ਵਲੋਂ ਕਪਤਾਨ ਇਸਲਾਊਦੀਨ, ਅਖਤਰ ਰਸੂਲ ਅਤੇ ਰਾਣਾ ਅਹਿਸਾਨਉੱਲਾ ਨੇ ਇਕ-ਇਕ ਗੋਲ ਦਾਗਿਆ।
ਸ਼ਹਿਨਾਜ਼ ਸ਼ੇਖ ਨੇ ਤਿੰਨ ਏਸ਼ੀਅਨ ਗੇਮਜ਼ ਹਾਕੀ ਖੇਡਣ ਦਾ ਨਾਮਣਾ ਖੱਟਿਆ। ਏਸ਼ੀਅਨ ਖੇਡਾਂ ਬੈਂਕਾਕ 1970 ’ਚ ਪਾਕਿ ਹਾਕੀ ਟੀਮ ਨੇ ਭਾਰਤ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਕਪਤਾਨ ਖਾਲਿਦ ਮਹਿਮੂਦ ਦੀ ਟੀਮ ਵਲੋਂ ਖਿਤਾਬੀ ਮੈਚ ਦਾ ਇਕਲੌਤਾ ਗੋਲ ਅਬਦੁੱਲ ਰਾਸ਼ਿਦ ਜੂਨੀਅਰ ਦੀ ਹਾਕੀ ’ਚੋਂ ਨਿਕਲਿਆ। ਜਕਾਰਤਾ-1974 ਦੀਆਂ ਏਸ਼ੀਅਨ ਗੇਮਜ਼ ’ਚ ਸ਼ਹਿਨਾਜ਼ ਸ਼ੇਖ ਨੇ ਦੂਜੀ ਵਾਰ ਸੋਨ ਤਗਮਾ ਜੇਤੂ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ। ਭਾਰਤੀ ਟੀਮ ਨੂੰ ਫਾਈਨਲ ’ਚ 2-0 ਗੋਲ ਨਾਲ ਹਰਾਉਣ ਵਾਲੀ ਅਬਦੁੱਲ ਰਾਸ਼ਿਦ ਜੂਨੀਅਰ ਦੀ ਕਮਾਨ ’ਚ ਜੇਤੂ ਟੀਮ ਵਲੋਂ ਮਨਜ਼ੂਰ ਸੀਨੀਅਰ ਅਤੇ ਮੁਨੱਵਰ ਜ਼ਮਾਨ ਗੋਲ ਦਾਗੇ ਗਏ। ਇਸਲਾਊਦੀਨ ਸਦੀਕੀ ਦੀ ਕਮਾਨ ’ਚ ਸ਼ਹਿਨਾਜ਼ ਸ਼ੇਖ ਨੇ ਬੈਂਕਾਕ-1978 ਦਾ ਤੀਜਾ ਏਸ਼ੀਅਨ ਹਾਕੀ ਮੁਕਾਬਲਾ ਖੇਡਿਆ। ਪਾਕਿ ਟੀਮ ਨੇ ਤੀਜੀ ਵਾਰ ਫੇਰ ਭਾਰਤੀ ਹਾਕੀ ਖਿਡਾਰੀਆਂ ਨੂੰ ਉਪ-ਜੇਤੂ ਬਣਨ ਲਈ ਮਜਬੂਰ ਕਰਦਿਆਂ ਸੋਨ ਤਗਮੇ ਨਾਲ ਹੱਥ ਮਿਲਾਇਆ। ਏਸ਼ੀਅਨ ਹਾਕੀ ਚੈਂਪੀਅਨ ਟੀਮ ਵਲੋਂ ਇਕੋ-ਇਕ ਜੇਤੂ ਗੋਲ ਮੁਨੱਵਰ ਜ਼ਮਾਨ ਦੀ ਸਟਿੱਕ ’ਚੋਂ ਨਿਕਲਿਆ।
ਸ਼ਹਿਨਾਜ਼ ਸ਼ੇਖ ਨੂੰ ਕੌਮੀ ਟੀਮ ਨਾਲ ਦੋ ਓਲੰਪਿਕ ਹਾਕੀ ਮੁਕਾਬਲਿਆਂ ’ਚ ਨਿੱਤਰਨ ਦਾ ਸੁਭਾਗ ਹਾਸਲ ਹੋਇਆ। ਮਿਓਨਿਖ-1972 ਦੇ ਓਲੰਪਿਕ ਹਾਕੀ ਟੂਰਨਾਮੈਂਟ ’ਚ ਕਪਤਾਨ ਅਸਦ ਮਲਿਕ ਦੀ ਪਾਕਿ ਟੀਮ ਜਰਮਨੀ ਦੇ ਖਿਡਾਰੀਆਂ ਤੋਂ ਖਿਤਾਬੀ ਮੈਚ ਹਾਰਨ ਸਦਕਾ ਸਿਲਵਰ ਮੈਡਲ ਜਿੱਤਣ ’ਚ ਸਫਲ ਰਹੀ। ਕਪਤਾਨ ਅਬਦੁੱਲ ਰਾਸ਼ਿਦ ਜੂਨੀਅਰ ਦੀ ਅਗਵਾਈ ’ਚ ਸ਼ਹਿਨਾਜ਼ ਸ਼ੇਖ ਨੇ ਦੂਜਾ ਓਲੰਪਿਕ ਹਾਕੀ ਮੁਕਾਬਲਾ ਮਾਂਟੀਰੀਅਲ-1976 ਖੇਡਣ ਲਈ ਮੈਦਾਨ ਦੀ ਸਰਦਲ ’ਚ ਕਦਮ ਰੱਖਿਆ ਪਰ ਸੈਮੀਫਾਈਨਲ ਹਾਰਨ ਤੋਂ ਬਾਅਦ ਪਾਕਿ ਟੀਮ ਹਾਲੈਂਡ ਤੋਂ ਪੁਜ਼ੀਨਸ਼ਲ ਮੈਚ ਜਿੱਤਣ ਸਦਕਾ ਤਾਂਬੇ ਦਾ ਤਗਮਾ ਹੀ ਹਾਸਲ ਕਰ ਸਕੀ।
ਮੈਦਾਨ ਨੂੰ ਸਲਾਮ ਮਾਰਨ ਤੋਂ ਬਾਅਦ ਏਸ਼ੀਅਨ ਖੇਡਾਂ, ਚੈਂਪੀਅਨਜ਼ ਟਰਾਫੀ, ਕਾਮਨਵੈਲਥ ਹਾਕੀ ਅਤੇ ਅਜ਼ਲਾਨ ਸ਼ਾਹ ਹਾਕੀ ’ਚ ਕੌਮੀ ਟੀਮ ਨੂੰ ਕੋਚਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਸ਼ਹਿਨਾਜ਼ ਸ਼ੇਖ ਨੂੰ ਚੈਂਪੀਅਨਜ਼ ਹਾਕੀ ਟਰਾਫੀ ਲਾਹੌਰ-1978 ’ਚ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਮਿਲਿਆ। ਇਸਲਾਊਦੀਨ ਸਦੀਕੀ ਦੀ ਕਪਤਾਨੀ ’ਚ ਪਾਕਿ ਟੀਮ ਨੇ ਆਸਟਰੇਲੀਆ ਨੂੰ ਫਾਈਨਲ ’ਚ ਮਾਤ ਦੇਂਦਿਆਂ ਪਲੇਠੇ ਅਡੀਸ਼ਨ ’ਤੇ ਕਬਜ਼ਾ ਜਮਾਇਆ। 1971 ’ਚ ਆਲਮੀ ਹਾਕੀ ਕੱਪ ਦੌਰਾਨ ‘ਵਰਲਡ ਇਲੈਵਨ ਟੀਮ’ ’ਚ ਸ਼ਾਮਲ ਕੀਤੇ ਗਏ ਸ਼ਹਿਨਾਜ਼ ਸ਼ੇਖ ਨੂੰ 1999 ’ਚ ਪਾਕਿਸਤਾਨੀ ਸੀਨੀਅਰ ਕੌਮੀ ਹਾਕੀ ਟੀਮ ਦਾ ਮੈਨੇਜਰ ਨਿਯੁਕਤ ਕੀਤਾ ਗਿਆ। ਜਕਾਰਤਾ-1974 ਦੀਆਂ ਏਸ਼ੀਅਨ ਗੇਮਜ਼ ਸਮੇਂ ‘ਆਲ ਏਸ਼ੀਅਨ ਇਲੈਵਨ ਟੀਮ’ ’ਚ ਸਿਲੈਕਟ ਕੀਤੇ ਗਏ ਸ਼ਹਿਨਾਜ਼ ਸ਼ੇਖ ਨੇ ਲਾਹੌਰ ਚੈਂਪੀਅਨਜ਼ ਟਰਾਫੀ ਖੇਡਣ ਤੋਂ ਬਾਅਦ ਹਾਕੀ ਖੇਡਣ ਤੋਂ ਸਨਿਆਸ ਲੈ ਲਿਆ।
ਹਾਕੀ ਓਲੰਪੀਅਨ ਜ਼ਾਹਿਦ ਸ਼ੇਖ: ਹਾਕੀ ਓਲੰਪੀਅਨ ਜ਼ਾਹਿਦ ਸ਼ੇਖ ਨੇ ਪਾਕਿਸਤਾਨੀ ਸੀਨੀਅਰ ਹਾਕੀ ਟੀਮ ਦੀ 34 ਕੌਮਾਂਤਰੀ ਮੈਚਾਂ ’ਚ ਨੁਮਾਇੰਦਗੀ ਕਰਕੇ 08 ਗੋਲ ਆਪਣੇ ਖਾਤੇ ’ਚ ਜਮਾਂ ਕੀਤੇ। ਸਾਲ-1969 ’ਚ ਸੀਨੀਅਰ ਹਾਕੀ ਟੀਮ ’ਚ ਕਰੀਅਰ ਦਾ ਆਗਾਜ਼ ਕਰਨ ਵਾਲੇ ਜ਼ਾਹਿਦ ਸ਼ੇਖ ਨੇ 1976 ’ਚ ਹਾਕੀ ਮੈਦਾਨ ਨੂੰ ਬਾਇ-ਬਾਇ ਆਖ ਦਿੱਤੀ। ਸ਼ੇਖ ਪਰਿਵਾਰ ਤੋਂ ਜ਼ਾਹਿਦ ਸ਼ੇਖ ਨੂੰ ਜਿੱਥੇ ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ ਉੱਥੇ ਉਸ ਦੇ ਦੋ ਭਤੀਜੇ ਸ਼ਹਿਨਾਜ਼ ਸ਼ੇਖ ਅਤੇ ਤਾਰਿਕ ਸ਼ੇਖ ਨੂੰ ਵੀ ਓਲੰਪਿਕ ਹਾਕੀ ਦੇ ਮੈਦਾਨ ’ਚ ਖੇਡਣ ਦਾ ਅਧਿਕਾਰ ਹਾਸਲ ਹੋਇਆ। ਕਪਤਾਨ ਖਾਲਿਦ ਮਹਿਮੂਦ ਦੀ ਅਗਵਾਈ ’ਚ ਜ਼ਾਹਿਦ ਸ਼ੇਖ ਕੌਮੀ ਟੀਮ ਨਾਲ ਬੈਂਕਾਕ-1970 ਦੀਆਂ ਏਸ਼ੀਅਨ ਖੇਡਾਂ ’ਚ ਮੈਦਾਨ ’ਚ ਨਿੱਤਰਿਆ। ਪਾਕਿ ਟੀਮ ਨੇ ਭਾਰਤ ਨੂੰ 1-0 ਗੋਲ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਜੇਤੂ ਟੀਮ ਲਈ ਮੈਚ ਦਾ ਇਕੋ-ਇਕ ਗੋਲ ਰਾਸ਼ਿਦ ਜੂਨੀਅਰ ਵਲੋਂ ਦਾਗਿਆ ਗਿਆ। ਮਿਓਨਿਖ-1972 ਦਾ ਓਲੰਪਿਕ ਟੂਰਨਾਮੈਂਟ ਖੇਡਣ ਸਦਕਾ ਜ਼ਾਹਿਦ ਸ਼ੇਖ ’ਤੇ ਓਲੰਪੀਅਨ ਖਿਡਾਰੀ ਦਾ ਸਟਾਰ ਲੱਗਿਆ। ਮਿਓਨਿਖ ’ਚ ਕਪਤਾਨ ਅਸਦ ਮਲਿਕ ਦੀ ਟੀਮ ਨੂੰ ਫਾਈਨਲ ’ਚ ਜਰਮਨੀ ਦੀ ਟੀਮ ਤੋਂ ਹਾਰਨ ਸਦਕਾ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਜਕਾਰਤਾ-1974 ਦੇ ਏਸ਼ੀਅਨ ਹਾਕੀ ਮੁਕਾਬਲੇ ’ਚ ਕਪਤਾਨ ਅਬਦੁੱਲ ਰਾਸ਼ਿਦ ਜੂਨੀਅਰ ਦੇ ਖਿਡਾਰੀਆਂ ਨੇ ਭਾਰਤੀ ਟੀਮ ਨੂੰ 2-0 ਨਾਲ ਹਰਾ ਕੇ ਉਪ ਜੇਤੂ ਬਣਨ ਲਈ ਮਜਬੂਰ ਕਰ ਦਿੱਤਾ। ਜੇਤੂ ਟੀਮ ਵਲੋਂ ਮਨਜ਼ੂਰ ਸੀਨੀਅਰ ਅਤੇ ਮੁਨੱਵਰ ਜ਼ਮਾਨ ਨੇ ਗੋਲ ਦਾਗਣ ’ਚ ਸਫਲਤਾ ਹਾਸਲ ਕੀਤੀ।
ਬੈਂਕਾਕ ਅਤੇ ਜਕਾਰਤਾ ਏਸ਼ੀਅਨ ਖੇਡਾਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਚਾਚਾ ਜ਼ਾਹਿਦ ਸ਼ੇਖ ਅਤੇ ਭਤੀਜੇ ਸ਼ਹਿਨਾਜ਼ ਸ਼ੇਖ ਨੇ ਇੱਕਠਿਆਂ ਦੋਵੇਂ ਏਸ਼ਿਆਈ ਮੁਕਾਬਲਿਆਂ ’ਚ ਪਾਕਿ ਟੀਮ ਦੀ ਪ੍ਰਤੀਨਿੱਧਤਾ ਕੀਤੀ। ਕੁਆਲਾਲੰਪੁਰ-1975 ’ਚ ਜ਼ਾਹਿਦ ਸ਼ੇਖ ਕਪਤਾਨ ਇਸਲਾਊਦੀਨ ਦੀ ਕਮਾਨ ’ਚ ਵਿਸ਼ਵ ਹਾਕੀ ਕੱਪ ਖੇਡਿਆ। ਪਾਕਿ ਟੀਮ ਭਾਰਤੀ ਖਿਡਾਰੀਆਂ ਤੋਂ 2-1 ਨਾਲ ਫਾਈਨਲ ਹਾਰਨ ਸਦਕਾ ਸਿਲਵਰ ਕੱਪ ਹੀ ਹਾਸਲ ਕਰ ਸਕੀ। ਤੀਜੇ ਆਲਮੀ ਹਾਕੀ ਕੱਪ ’ਚ ਜੇਤੂ ਟੀਮ ਵਲੋਂ ਸੁਰਜੀਤ ਸਿੰਘ ਅਤੇ ਅਸ਼ੋਕ ਕੁਮਾਰ ਨੇ ਗੋਲ ਦਾਗੇ ਜਦਕਿ ਉਪ-ਜੇਤੂ ਰਹੀ ਪਾਕਿ ਟੀਮ ਵਲੋਂ ਜ਼ਾਹਿਦ ਸ਼ੇਖ ਨੇ ਇਕ ਗੋਲ ਸਕੋਰ ਕੀਤਾ। ਦਸੰਬਰ-14, 1949 ’ਚ ਸਿਆਲਕੋਟ ’ਚ ਜਨਮੇ ਜ਼ਾਹਿਦ ਸ਼ੇਖ ਦਾ 61 ਸਾਲਾ ਉਮਰ ’ਚ 28 ਜਨਵਰੀ, 2010 ਨੂੰ ਇੰਤਕਾਮ ਹੋ ਗਿਆ।
ਓਲੰਪੀਅਨ ਤਾਰਿਕ ਸ਼ੇਖ: ਜੂਨੀਅਰ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਸਦਕਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਤਾਰਿਕ ਸ਼ੇਖ ਦਾ ਜਨਮ ਪਾਕਿਸਤਾਨ ਦੇ ਜ਼ਿਲਾ ਸਿਆਲਕੋਟ ’ਚ ਸ਼ੇਖ ਪਰਿਵਾਰ ’ਚ 11 ਦਸੰਬਰ,1968 ’ਚ ਹੋਇਆ। ਤਾਰਿਕ ਸ਼ੇਖ ਦਾ ਚਾਚਾ ਜ਼ਾਹਿਦ ਸ਼ੇਖ ਅਤੇ ਚਚੇਰੇ ਭਰਾ ਸ਼ਹਿਨਾਜ਼ ਸ਼ੇਖ ਨੂੰ ਵੀ ਸੀਨੀਅਰ ਕੌਮੀ ਟੀਮ ਨਾਲ ਓਲੰਪਿਕ ਹਾਕੀ ਖੇਡਣ ਹੱਕ ਹਾਸਲ ਹੋਇਆ। ਕਰੀਅਰ ’ਚ ਜੂਨੀਅਰ ਆਲਮੀ ਹਾਕੀ ਕੱਪ ਇਪੋਹ-1989 ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਤਾਰਿਕ ਸ਼ੇਖ ਨੂੰ ਕੌਮਾਂਤਰੀ ਹਾਕੀ ਦੇ ਪ੍ਰਬੰਧਕਾਂ ਵਲੋਂ ‘ਬੈਸਟ ਫਾਰਵਰਡ’ ਐਲਾਨਿਆ ਗਿਆ। 1983 ’ਚ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਕੁੱਦਣ ਵਾਲੇ ਤਾਰਿਕ ਸ਼ੇਖ ਨੇ 9 ਸਾਲ ਹਾਕੀ ਖੇਡਣ ਤੋਂ ਬਾਅਦ ਆਪਣੀ ਜਰਸੀ ਕਿੱਲੀ ’ਤੇ ਟੰਗ ਦਿੱਤੀ। ਖੇਡ ਮੈਦਾਨ ਦੀ ਅਗਲੀ ਪਾਲ ’ਚ ਫਾਰਵਰਡ ਖੇਡਣ ਵਾਲੇ ਤਾਰਿਕ ਸ਼ੇਖ ਨੇ ਕਰੀਅਰ ’ਚ ਖੇਡੇ 44 ਮੈਚਾਂ ’ਚ 23 ਗੋਲ ਦਾਗਣ ਦਾ ਰੁਤਬਾ ਹਾਸਲ ਹੋਇਆ।
ਸਾਲ-1989 ’ਚ ਇੰਦਰਾ ਗੋਲਡ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਪਾਕਿ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਸਟਰਾਈਕਰ ਤਾਰਿਕ ਸ਼ੇਖ ਨੂੰ ਚੈਂਪੀਅਨਜ਼ ਹਾਕੀ ਟਰਾਫੀ ਲਾਹੌਰ-1988 ’ਚ ਸਿਲਵਰ ਮੈਡਲ ਜਿੱਤਣ ਵਾਲੀ ਹਾਕੀ ਟੀਮ ਨਾਲ ਮੈਦਾਨ ਖੇਡਣ ਦਾ ਹੱਕ ਹਾਸਲ ਹੋਇਆ। ਕਾਜ਼ੀ ਮੋਹਿਬ ਦੀ ਕਪਤਾਨੀ ’ਚ ਲਾਹੌਰ-1990 ’ਚ ਖੇਡੇ ਗਏ 7ਵੇਂ ਆਲਮੀ ਹਾਕੀ ਕੱਪ ’ਚ ਚਾਂਦੀ ਦਾ ਕੱਪ ਜਿੱਤਣ ਵਾਲੀ ਟੀਮ ਨਾਲ ਮੈਦਾਨ ’ਚ ਖੇਡਣ ਵਾਲੇ ਤਾਰਿਕ ਸ਼ੇਖ ਨੇ ਸਿਓਲ-1988 ਓਲੰਪਿਕ ਖੇਡਣ ਵਾਲੀ ਪਾਕਿ ਟੀਮ ਦੀ ਨੁਮਾਇੰਦਗੀ ਕਰਕੇ 05 ਗੋਲ ਸਕੋਰ ਦਾ ਕਰਿਸ਼ਮਾ ਕੀਤਾ। ਸਿਓਲ ਓਲੰਪਿਕ ’ਚ ਕਪਤਾਨ ਨਾਸਿਰ ਅਲੀ ਦੀ ਪਾਕਿ ਹਾਕੀ ਟੀਮ ਨੂੰ 5ਵਾਂ ਰੈਂਕ ਹਾਸਲ ਹੋਇਆ। ਤਾਰਿਕ ਸ਼ੇਖ ਨੂੰ 2010 ’ਚ ਅੰਡਰ-16 ਪਾਕਿਸਤਾਨੀ ਹਾਕੀ ਟੀਮ ਦਾ ਟਰੇਨਰ ਨਿਯੁਕਤ ਕੀਤਾ ਗਿਆ।
–– ਹਰਨੂਰ ਸਿੰਘ ਮਨੌਲੀ